Fri, 14 August 2020
Your Visitor Number :-   2624516
SuhisaverSuhisaver Suhisaver
ਸੂਹੀ ਸਵੇਰ ਦਾ ਸਾਲਾਨਾ ਸਮਾਗਮ 9 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ               ਜਥੇਦਾਰ ਅਵਤਾਰ ਸਿੰਘ ਮੱਕੜ ਨਹੀਂ ਰਹੇ              

ਹਰ ਵਰ੍ਹੇ ਆਉਂਦੈ ਸਾਉਣ, ਪਰ ਤੀਆਂ ਲਾਵੇ ਕੌਣ? -ਰਵਿੰਦਰ ਸ਼ਰਮਾ

Posted on:- 26-07-2016

suhisaver

ਸਾਉਣ ਮਹੀਨਾ ਸ਼ੁਰੂ ਹੁੰਦਿਆਂ ਹੀ ਰੰਗਲੇ ਪੰਜਾਬ ਦੀ ਧਰਤੀ ਹਰਿਆਲੀ ਨਾਲ ਸ਼ਿੰਗਾਰੀ ਜਾਂਦੀ ਹੈ। ਜੇਠ ਹਾੜ੍ਹ ਦੀਆਂ ਕਰੜੀਆਂ ਧੁੱਪਾਂ ਦੇ ਸੜਦੇ-ਬਲਦੇ ਲੋਕਾਂ ਲਈ ਬਰਸਾਤ ਠੰਢੀਆਂ ਫਹਾਰਾਂ ਲੈ ਕੇ ਆਉਂਦੀ ਹੈ। ਫ਼ਸਲਾਂ, ਬਨਸਪਤੀ, ਪਸ਼ੂ-ਪੰਸ਼ੀ ਵੀ ਗਰਮੀ ਦੇ ਸਾੜੇ ਤੋਂ ਬਾਅਦ ਕੁਝ ਸਮੇਂ ਲਈ ਰਾਹਤ ਪਾਉਂਦੇ ਹਨ ਤੇ ਆਪਣੀ-ਆਪਣੀ ਭਾਸ਼ਾ ’ਚ ਕੁਦਰਤ ਦੀ ਸ਼ੁਕਰ ਮਨਾਉਂਦੇ ਹਨ ਤੇ ਨੱਚਦੇ ਗਾਉਂਦੇ ਹਨ। ਕੁਦਰਤ ਦੀ ਇਸ ਮਸਤੀ ਭਰੀ ਤੇ ਰੰਗ-ਬਿਰੰਗੀ ਬਖਸ਼ਿਸ਼ ਦੇ ਸ਼ੁਕਰਾਨੇ ਵਜੋਂ ਪੰਜਾਬੀ ਸੱਭਿਆਚਾਰ ਵਿੱਚ ਸਾਉਣ ਮਹੀਨੇ ਦੀ ਵਿਸ਼ੇਸ਼ ਮਹੱਤਤਾ ਹੈ। ਬਰਸਾਤਾਂ ਦਾ ਸ਼ੁਰੂ ਹੋਣਾ, ਕੁਦਰਤ ਦੀ ਖ਼ੂਬਸੂਰਤੀ ਤੇ ਹੋਰ ਭਰਵੀਆਂ ਬਰਸਾਤਾਂ ਦੀ ਮੰਗ ਲਈ ਪੰਜਾਬ ਦੀਆਂ ਧੀਆਂ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇੱਕ ਤਾਂ ਸਾਉਣ ਮਹੀਨੇ ਵਿਆਂਹਦੜ ਧੀਆਂ ਨੂੰ ਸੰਧਾਰੇ ਦੇ ਰੂਪ ਵਿੱਚ ਮੱਠੀਆਂ, ਬਿਸਕੁਟ ਤੇ ਹੋਰ ਮਠਿਆਈਆਂ ਲੈ ਕੇ ਆਉਂਦੇ ਪੇਕਿਆਂ ਦੀ ਉਡੀਕ ਤੇ ਦੂਜਾ ਸਹੁਰੇ ਘਰ ਬੈਠੀਆਂ ਸਜ-ਵਿਆਹੀਆਂ ਦੇ ਮਨਾਂ ਅੰਦਰ ਆਪਣੇ ਪੇਕੇ ਪਿੰਡ ਜਾ ਕੇ ਆਪਣੀਆਂ ਸਹੇਲੀਆਂ ਨੂੰ ਮਿਲਣ ਦੀ ਤਾਂਘ ਵੀ ਪ੍ਰਗਟ ਹੁੰਦੀ ਹੈ।

ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਾਉਣ ਮਹੀਨੇ ਕੁੜੀਆਂ ਪਿੰਡੋਂ ਬਾਹਰਵਾਰ ਇਕੱਠੀਆਂ ਹੋ ਕੇ ਪੀਂਘਾਂ ਝੂਟਦੀਆਂ ਗਿੱਧਾ ਪਾਉਂਦੀਆਂ ਹੋਈਆਂ ਇੱਕ-ਦੂਜੀ ਨਾਲ ਸਹੁਰੇ ਘਰ ਦੀਆਂ ਮਿੱਠੀਆਂ-ਮਿੱਠੀਆਂ ਖੁਸ਼ੀਆਂ ਤੇ ਕੁਝ ਦੁੱਖ ਸਾਂਝੇ ਕਰਦੀਆਂ ਹਨ। ਕੋਈ ਸਮਾਂ ਸੀ ਜਦੋਂ ਮੁਟਿਆਰਾਂ ਨੂੰ ਸਾਉਣ ਮਹੀਨੇ ਦੀ ਉਡੀਕ ਰਹਿੰਦੀ ਸੀ।

ਸਾਉਣ ਮਹੀਨੇ ਤੋਂ ਕੁਝ ਦਿਨ ਪਹਿਲਾਂ ਵਿਆਂਹਦੜ ਕੁੜੀ ਦਾ ਭਰਾ ਉਸ ਨੂੰ ਲੈਣ ਉਸ ਦੇ ਸਹੁਰੇ ਘਰ ਜਾਂਦਾ ਹੈ ਤੇ ਉਸ ਦੀ ਵਧੀਆ ਢੰਗ ਨਾਲ ਸੇਵਾ ਸੰਭਾਲ ਕੀਤੀ ਜਾਂਦੀ ਹੈ। ਇਸ ਖੁਸ਼ੀ ਨੂੰ ਵਿਆਂਹਦੜ ਕੁੜੀ ਆਂਢ-ਗੁਆਂਢ ’ਚ ਸਾਂਝੀ ਕਰਕੀ ਫਿਰਦੀ ਹੈ। ਇਸ ’ਤੇ ਵੀ ਇੱਕ ਪ੍ਰਸਿੱਧ ਬੋਲੀ ਆਮ ਹੀ ਕੁੜੀਆਂ ਵੱਲੋਂ ਗਿੱਧੇ ਦੇ ਪਿੜ ’ਚ ਗੂੰਜਦੀ ਹੈ:

ਅੱਡੀਆਂ ਚੁੱਕ-ਚੁੱਕ ਵੇਂਹਦੀ ਨੂੰ ਅੱਜ ਸਾਉਣ ਮਹੀਨਾ ਆਇਆ,
ਸੱਸ ਮੇਰੀ ਨੇ ਘਿਓ ਖੰਡ ਪਾਈ ਆਇਆ ਮੇਰੀ ਮਾਂ ਦਾ ਜਾਇਆ

ਕਈ ਵਾਰ ਜੇਕਰ ਕਿਸੇ ਕੁੜੀ ਨੂੰ ਉਸ ਦੇ ਪੇਕੇ ਸਾਉਣ ਮਹੀਨੇ ਲੈਣ ਨਾ ਆਉਂਦੇ ਤਾਂ ਉਸ ਨੂੰ ਉਸ ਦੇ ਪਤੀ ਵੱਲੋਂ ਇੱਕ ਮਿੱਠਾ ਜਿਹਾ ਤਾਹਨਾ ਵੀ ਦਿੱਤਾ ਜਾਂਦਾ:

ਤੈਨੂੰ ਤੀਆਂ ’ਤੇ ਲੈਣ ਨਾ ਆਏ,
ਨੀ ਬਹੁਤਿਆਂ ਭਰਾਵਾਂ ਵਾਲੀਏ

ਪੁਰਾਣੇ ਸਮਿਆਂ ’ਚ ਰਿਵਾਜ ਸੀ ਕਿ ਨਵੀਂ ਵਿਆਹੀ ਕੁੜੀ ਨੇ ਪਹਿਲਾ ਸਾਉਣ ਦਾ ਮਹੀਨਾ ਪੇਕਿਆਂ ਘਰ ਬਿਤਾਉਣਾ ਹੁੰਦਾ ਸੀ। ਜੇਕਰ ਮਜਬੂਰੀ ਵੱਸ ਕੋਈ ਮਾਪੇ ਆਪਣੀ ਧੀ ਨੂੰ ਸਹੁਰੇ ਲੈਣ ਜਾਣ ਤੋਂ ਦੇਰੀ ਕਰ ਦਿੰਦੇ ਤਾਂ ਧੀ ਦੀ ਰੂਹ ਦੀ ਆਵਾਜ਼ ਨਿਕਲਦੀ:

ਜੇ ਮਾਪਿਓ ਤੁਸਾਂ ਧੀਆਂ ਵੇ ਰੱਖੀਆਂ,
ਸਾਉਣ ਮਹੀਨੇ ਲਿਆਇਆ ਕਰੋ,
ਡੁੱਬ ਜਾਣੀਆਂ ਦਾ ਉਕਰ ਕਰਾਇਆ ਕਰੋ

ਤੀਆਂ ਸਾਉਣ ਦੇ ਮਹੀਨੇ ਦੀ ਤੀਜ ਨੂੰ ਸ਼ੁਰੂ ਹੁੰਦੀਆਂ ਹਨ ਤੇ ਪੁੰਨਿਆਂ ਨੂੰ ਖਤਮ ਹੋ ਜਾਂਦੀਆਂ ਹਨ। ਪੁਰਾਣੇ ਰੀਤੀ ਰਿਵਾਜਾਂ ਅਨੁਸਾਰ ਮਾਪੇ ਆਪਣੀਆਂ ਧੀਆਂ ਨੂੰ ਸਾਉਣ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੇਕੇ ਲੈ ਆਉਂਦੇ ਹਨ। ਕੁੜੀਆਂ ਹੱਥਾਂ ’ਤੇ ਮਹਿੰਦੀ ਲਾਉਂਦੀਆਂ ਤੇ ਰੰਗ ਬਰੰਗੀਆਂ ਚੂੜੀਆਂ ਵੀ ਚੜ੍ਹਾਉਦੀਆਂ ਹਨ। ਫਿਰ ਸ਼ਾਮ ਨੂੰ ਤਿਆਰ ਹੋ ਕੇ ਕਿਸੇ ਸਾਂਝੀ ਥਾ ਤੇ ਜਾਂਦੀਆਂ ਹਨ ਪਿੱਪਲਾਂ, ਟਾਹਲੀਆਂ ’ਤੇ ਪੀਘਾਂ ਪਾਉਦੀਆਂ ਹਨ ਗੋਲ ਘੇਰਾ ਬਣਾ ਕੇ ਗਿੱਧਾ ਪਾਉਦੀਆਂ ਹਨ ਇੱਕ ਕੁੜੀ ਬੋਲੀ ਪਾਉਂਦੀ ਹੈ ਤੇ ਬਾਕੀ ਸਾਰੀਆਂ ਆਖਰੀ ਟੱਪੇ ਨੂੰ ਵਾਰ-ਵਾਰ ਦੁਹਰਾ ਕੇ ਬੋਲਦੀਆਂ ਹਨ।

ਇਸ ਘੇਰੇ ਅੰਦਰ ਦੋ ਜਾਂ ਇਸ ਤੋਂ ਵੱਧ ਕੁੜੀਆਂ ਨੱਚਦੀਆਂ ਹਨ। ਕਈ ਵਾਰੀ ਇਹ ਗਿੱਧੇ ਦਾ ਪਿੜ ਇੱਕ ਮੁਕਾਬਲੇ ਦਾ ਰੂਪ ਵੀ ਧਾਰਨ ਕਰ ਲੈਂਦਾ। ਦੁੱਧ ਮੱਖਣਾਂ ਨਾਲ ਪਲੀਆਂ ਪੰਜਾਬ ਦੀਆਂ ਧੀਆਂ ਇੱਕ ਦੂਜੀ ਤੋਂ ਵਧ ਕੇ ਗਿੱਧਾ ਪਾਉਂਦੀ ਤੇ ਆਪਣੇ ਦਿਲ ਦੀ ਭੜਾਸ ਕੱਢਦੀ ਤੀਆਂ ਵਿੱਚ ਗਿੱਧੇ ਦੌਰਾਨ ਸਾਰੀਆਂ ਹੀ ਬੋਲੀਆਂ ਰਿਸ਼ਤਿਆਂ ਦੇ ਆਲੇ-ਦੁਆਲੇ ਘੁੰਮਦੀਆਂ ਸਹੁਰੇ ਅਤੇ ਪੇਕੇ ਪਰਿਵਾਰ ਦੇ ਮੈਂਬਰਾਂ ਦੀ ਖਿਆਲੀ ਤਬੀਅਤ ਨੂੰ ਵਧੀਆ ਢੰਗ ਨਾਲ ਬਿਆਨ ਕਰਦੀਆਂ ਬੋਲੀਆਂ ਤੀਆਂ ਦੌਰਾਨ ਲੜਕੀਆਂ ਵੱਲੋਂ ਪਾਈਆਂ ਜਾਂਦੀਆਂ। ਇਸ ਸਮੇਂ ਕੁੜੀਆਂ ਜ਼ਿੰਦਗੀ ਦੇ ਦੁੱਖਾਂ-ਤਕਲੀਫ਼ਾਂ ਨੂੰ ਭੁੱਲ ਕੇ ਬੱਸ ਗਿੱਧੇ ਦੇ ਰੰਗ ਵਿੱਚ ਹੀ ਰੰਗੀਆਂ ਜਾਂਦੀਆਂ। ਇੱਕ ਖਾਸ ਬੋਲੀ ਸਾਉਣ ਮਹੀਨੇ ਤੇ ਪਿੰਡ ਵਿੱਚ ਸਾਂਝਾ ਪਿੜ ਛੱਡਣ ਵਾਲੀ ਪੰਚਾਇਤ ਨੂੰ ਸੰਬੋਧਨ ਕਰਕੇ ਪੰਜਾਬ ਦੀਆਂ ਧੀਆਂ ਵੱਲੋਂ ਪਾਈ ਜਾਂਦੀ:

ਤੇਰਾ ਹੋਵੇ ਸੁਰਗਾਂ ਵਿੱਚ ਵਾਸਾ,
ਤੀਆਂ ਨੂੰ ਲਵਾਉਣ ਵਾਲਿਆ

ਤੇ ਇਸ ਦੇ ਉਲਟ ਜੇਕਰ ਤੀਆਂ ’ਚ ਕੋਈ ਅੜਚਨ ਪੈਦਾ ਕਰਦਾ ਤੇ ਜਦੋਂ ਤੀਆਂ ਦੇ ਵਿੱਝੜਨ ਦਾ ਸਮਾਂ ਹੁੰਦਾ ਉਦੋਂ ਕੁੜੀਆਂ ਇੱਕ ਬੋਲੀ ਜ਼ਰੂਰ ਪਾਉਂਦੀਆਂ:

ਤੇਰੀ ਅੱਖ ’ਤੇ ਭਰਿੰਡ ਲੜ ਜਾਵੇ,
ਤੀਆਂ ਨੂੰ ਹਟਾਉਣ ਵਾਲਿਆ


ਸਾਉਣ ਮਹੀਨੇ ਦੇ ਅੰਤ ’ਚ ਪੁੰਨਿਆਂ ਵਾਲੇ ਦਿਨ ਵੱਲ੍ਹੋ ਪਾਈ ਜਾਂਦੀ ਹੈ। ਕੁੜੀਆਂ ਘਰ ਨੂੰ ਵਾਪਸ ਜਾਂਦੀਆਂ ਵਾਰ-ਵਾਰ ਰੁਕ-ਰੁਕ ਕੇ ਗਿੱਧਾ ਪਾਉਂਦੀਆਂ ਜਾਂਦੀਆਂ ਤੇ ਨਾਲ ਹੀ ਗੀਤ ਗਾਉਂਦੀਆਂ ਘਰਾਂ ਨੂੰ ਜਾਂਦੀਆਂ :

ਅਸੀਂ ਤੀਆਂ ਨੂੰ ਵਿਦਾ ਕਰ ਆਈਆਂ,
ਠੰਢੇ ਸੀਲੇ ਹੋਜੋ ਵਰੀਨੋ

ਵੱਲ੍ਹੋ ਵਾਲੇ ਦਿਨ ਕੁੜੀਆਂ ਸਵੇਰ ਤੋਂ ਹੀ ਗਿੱਧੇ ਦੀ ਤਿਆਰੀ ਸ਼ੁਰੂ ਕਰ ਦਿੰਦੀਆਂ ਤੇ ਸ਼ਾਮ ਨੂੰ ਸੂਰਜ ਦੀ ਟਿੱਕੀ ਛਿਪਣ ਤੱਕ ਗਿੱਧੇ ਦਾ ਦੌਰ ਚੱਲਦਾ ਰਹਿੰਦਾ। ਇਸ ਦਿਨ ਗਿੱਧੇ ਵਿੱਚ ਪਿਛਲੇ ਸਾਰੇ ਮਹੀਨੇ ਤੋਂ ਕਈ ਗੁਣਾ ਜ਼ਿਆਦਾ ਜੋਸ਼ ਹੁੰਦਾ ਕੁੜੀਆਂ ਨੂੰ ਭਾਦੋਂ ਚੜ੍ਹਦਿਆਂ ਹੀ ਆਪਣੇ ਸਹੁਰੇ ਘਰ ਜਾਣ ਦਾ ਫ਼ਿਕਰ ਤੇ ਆਪਸ ’ਚ ਵਿੱਛੜ ਜਾਣ ਦੀ ਚਿੰਤਾ ਸਤਾਉਂਦੀ ਤੇ ਠੰਢਾ ਹਉਕਾ ਭਰ ਕੇ ਇੱਕ ਦੂਜੀ ਨੂੰ ਇਹੀ ਕਹਿੰਦੀਆਂ ‘‘ਭੈਣ ਘਰ ਤਾਂ ਆਖ਼ਰ ਘਰ ਈ ਹੁੰਦੈ’।  ਇੱਕ ਦੂਜੀ ਨੂੰ ਹੌਸਲਾ ਦਿੰਦੀਆਂ ਤੇ ਸਹੁਰੇ ਘਰ ਜਾਣ ਦੀ ਮਿੱਠੀ ਜਿਹੀ ਚਿੰਤਾ ਨੂੰ ਖ਼ਤਮ ਕਰਦੀਆਂ ਕੁੜੀਆਂ ਇਸ ਬੋਲੀ ਨੂੰ ਵਾਰ-ਵਾਰ ਦੁਹਰਾਉਂਦੀਆਂ:

ਤੀਆਂ ਤੀਜ ਦੀਆਂ, ਵਰ੍ਹੇ ਦਿਨਾਂ ਨੂੰ ਫੇਰ

ਪੇਕਿਆਂ ਘਰ ਖੀਰ, ਪੂੜੇ ਤੇ ਮੱਠੀਆਂ-ਗੁਲਗਲੇ ਖਾਂਦੀਆਂ ਸਹੇਲੀਆਂ ਨਾਲ ਮਸਤੀ ਕਰਦੀਆਂ ਹੋਈਆਂ ਜਦੋਂ ਸਾਉਣ ਮਹੀਨਾ ਖ਼ਤਮ ਹੁੰਦਿਆਂ ਆਪਣੇ ਸਹੁਰਿਆਂ ਨੂੰ ਜਾਂਦੀਆਂ ਸਹੇਲੀਆਂ ਤੋਂ ਵਿੱਛੜਨ ਸਮੇਂ ਦੀ ਨੂੰ ਬਿਆਨਦੀਆਂ ਸਤਰਾਂ ਹੁੰਦੀਆਂ:

ਸਾਉਣ ਵੀਰ ’ਕੱਠੀਆਂ ਕਰੇ, ਭਾਦੋਂ ਚੰਦਰੀ ਵਿਛੋੜੇ ਪਾਵੇ,
ਸਾਉਣ ਦੀ ਮੈਂ ਵੰਡਾਂ ਸੀਰਨੀ, ਭਾਦੋਂ ਚੰਦਰੀ ਨੂੰ ਤਾਪ ਚੜ੍ਹ ਜਾਵੇ


ਸਾਉਣ ਮਹੀਨੇ ਪੇਕੇ ਘਰ ਜਾ ਕੇ ਕੁੜੀਆਂ ਦਾ ਜੀਅ ਲੱਗ ਜਾਂਦਾ ਤੇ ਉਨ੍ਹਾਂ ਦਾ ਦਿਲ ਸਹੁਰੇ ਜਾਣ ਨੂੰ ਨਾ ਕਰਦਾ। ਉੱਧਰੋਂ ਪਤੀ ਲੈਣ ਆ ਜਾਂਦਾ ਤਾਂ ਇੱਥੇ ਵੀ ਇੱਕ ਬੋਲੀ ਮਸ਼ਹੂਰ ਸੀ:

ਇਹਦੇ ਮਾਰੋ ਨੀ ਘੁਮਾ ਕੇ ਮੋਹੜਾ ਜੰਡ ਦਾ,
ਤੀਆਂ ਵਿੱਚ ਲੈਣ ਆ ਗਿਆ

ਤੀਆਂ ਤੋਂ ਬਾਅਦ ਜਦੋਂ ਕੁੜੀਆਂ ਆਪਣੇ ਸਹੁਰੇ ਘਰ ਵਾਪਸ ਜਾਂਦੀਆਂ ਤਾਂ ਮਾਪੇ ਕੁੜੀਆਂ ਨੂੰ ਕੱਪੜੇ ਤੇ ਬਿਸਕੁਟ ਦੇ ਕੇ ਤੋਰਦੇ ਹਨ। ਕੁੜੀਆਂ ਆਪਣੇ ਦਿਲ ’ਚ ਆਉਂਦੇ ਵਰ੍ਹੇ ਦੀਆਂ ਤੀਆਂ ਦੀ ਇੱਕ ਕਲਪਨਾਮਈ ਤਸਵੀਰ ਲੈ ਕੇ ਸਹੁਰੇ ਘਰ ਨੂੰ ਤੁਰ ਜਾਂਦੀਆਂ ਹਨ।

ਉਂਝ ਤਾਂ ਵਿਦੇਸ਼ਾਂ ’ਚ ਬੈਠੇ ਪੰਜਾਬੀਆਂ ਨੇ ਪੰਜਾਬੀ ਸਭਿਆਚਾਰ ਬਾਹਰਲੇ ਦੇਸਾਂ ’ਚ ਵੀ ਸਾਂਭਿਆ ਹੋਇਆ ਹੈ। ਪਰ ਅਮੀਰ ਪੰਜਾਬੀ ਸੱਭਿਆਚਾਰ ’ਤੇ ਪਏ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਨੇ ਪਿੰਡਾਂ ’ਚੋਂ ਤੀਆਂ ਦੇ ਪਿੜ ਲੋਪ ਕਰ ਦਿੱਤੇ ਹਨ ।ਤਿੰਨ-ਚਾਰ ਦਹਾਕੇ ਪਹਿਲਾਂ ਪਿੰਡਾਂ ਦੇ ਪਿੜਾਂ ਵਿੱਚ ਤੀਆਂ ਦੇ ਖੜਾਕ ਪੈਣ ਦੀ ਥਾਂ ਹੁਣ ਇਹ ਤੀਆਂ ਸਕੂਲਾਂ, ਕਾਲਜਾਂ ਦੀਆਂ ਸਟੇਜਾਂ ਦਾ ਕੁਝ ਘੰਟੇ ਦਾ ਮਹਿਮਾਨ ਬਣ ਕੇ ਰਹਿ ਗਈਆਂ ਹਨ ਧੀਆਂ-ਭੈਣਾਂ ਦੀ ਰਾਖੀ ਕਰਨ ਵਾਲੇ ਗੱਭਰੂ ਵੀ ਨਸ਼ਿਆਂ ’ਚ ਗਰਕ ਹੁੰਦੇ ਜਾ ਰਹੇ ਨੇ। ਗੰਦੀ ਰਾਜਨੀਤੀ ਤੇ ਧੜੇਬੰਦੀਆਂ ਨੇ ਪੰਜਾਬ ਦੇ ਪਿੰਡਾਂ ’ਚ ਭਾਈਚਾਰਕ ਸਾਂਝ ਖ਼ਤਮ ਕਰ ਦਿੱਤੀ ਹੈ। ਹੁਣ ਨਾ ਤਾਂ ਪਿੰਡਾਂ ’ਚ ਪਿੜ ਹੀ ਬਚੇ ਨੇ ਤੇ ਨਾ ਹੀ ਰਹੀਆਂ ਨੇ ਤੀਆਂ ਹੁਣ ਲੋੜ ਹੈ। ਪੰਜਾਬ ਦੇ ਅਮੀਰ ਵਿਰਸੇ ਨੂੰ ਜਿਉਂਦਾ ਰੱਖਣ ਲਈ ਪੁਰਾਤਨ ਤੀਆਂ ਦੇ ਪਿੜਾਂ ਦੀ ਪਿੰਡ-ਪਿੰਡ ਸੰਭਾਲ ਕਰਨ ਲਈ ਯੋਗਦਾਨ ਪਾਉਣ ਦੀ ਤਾਂ ਜੋ ਸਾਡੇ ਰੰਗਲੇ ਪੰਜਾਬ ਦੀ ਧਰਤੀ ’ਤੇ ਰੰਗ-ਬਿਰੰਗੇ ਤੇ ਖੁਸ਼ੀਆਂ ਭਰੇ ਤਿਉਹਾਰ ਤੀਆਂ ਦੀ ਹੋਂਦ ਖ਼ਤਮ ਹੋਣੋ ਬਚਾਈ ਜਾ ਸਕੇ।

ਸੰਪਰਕ: +91 94683 34603

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ