Tue, 17 October 2017
Your Visitor Number :-   1096582
SuhisaverSuhisaver Suhisaver
ਆਰੂਸ਼ੀ ਦੇ ਮਾਤਾ-ਪਿਤਾ ਜੇਲ੍ਹ 'ਚੋਂ ਰਿਹਾਅ               ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਸਿੱਖ ਬੀਬੀਆਂ ਨੂੰ ਕੀਰਤਨ ਕਰਨ ਦੀ ਪ੍ਰਵਾਨਗੀ              

ਸਰਮਾਏ ਦੇ ਤਤਕਾਲੀਨ ਮੀਡੀਆ 'ਤੇ ਪ੍ਰਭਾਵ - ਪਰਮ ਪੜਤੇਵਾਲਾ

Posted on:- 07-06-2017

suhisaver

ਪੂਰੀ ਦੁਨੀਆਂ 'ਚ ਪਿਛਲੇ ਕੁਝ ਕੁ ਦਹਾਕਿਆਂ 'ਚ ਜਿਸ ਪੱਧਰ 'ਤੇ ਤਕਨੀਕ ਦਾ ਵਾਧਾ ਹੋਇਆ ਹੈ, ਉਸਨੇ ਸਾਰੀ ਦੁਨੀਆਂ ਦੀ ਰਾਜਨੀਤਿਕ ਸਥਿਤੀ ਨੂੰ ਬਦਲ ਕੇ ਰੱਖ ਦਿੱਤਾ ਹੈ। ਸਰਕਾਰਾਂ ਦੀ ਦਿੱਖ ਹਮੇਸ਼ਾਂ ਤੋਂ ਹੀ ਬਨਾਵਟੀ ਰੂਪ 'ਚ ਪਰਦੇ ਦੇ ਪਿੱਛੇ ਤੋਂ ਲੋਕਾਂ ਦੇ ਸਾਹਮਣੇ ਛਲ ਦੇ ਨਜ਼ਰੀਏ 'ਚ ਪੇਸ਼ ਹੋਣ ਵਾਲਾ ਸੱਚ ਹੈ। ਅਸੀਂ ਚਾਹੇ ਜਿਸ ਮਰਜ਼ੀ ਯੁੱਗ ਦੀ ਗੱਲ ਕਰ ਲਈਏ, ਸਰਕਾਰ ਹਮੇਸ਼ਾ ਹੀ ਆਪਣੇ ਆਪ 'ਚ ਸਰਵਉੱਤਮ ਜੀ ਹਜੂਰ ਦਾ ਕੰਢੇਧਾਰੀ ਲਿਬਾਸ ਪਾ ਕੇ ਹੀ ਸਫਰ ਕਰਦੀਆਂ ਆ ਰਹੀਆਂ ਹਨ। ਇਹ ਧਾਰਨਾਵਾਂ ਨੂੰ ਹਥਿਆਰ ਬਣਾ ਕੇ ਆਪਣੇ ਲੁਕੇ ਹੋਏ ਮਾਲਕ ਦੇ ਪੱਖ 'ਚ ਭੁਗਤਦੀਆਂ ਹਨ।

ਬਹੁਗਿਣਤੀ ਮਨੁੱਖ ਆਪਣੇ ਆਪ ਨੂੰ ਸਰਕਾਰੀ ਢੰਗ ਤਰੀਕਿਆਂ ਦੇ ਅੱਗੇ ਬੇਵੱਸ ਮਹਿਸੂਸ ਕਰਦਾ ਹੈ। ਸਰਕਾਰਾਂ ਚਾਹੇ ਰਾਜਿਆਂ ਦੇ ਹੱਥ 'ਚ ਕੰਮ ਕਰਨ ਜਾਂ ਲੋਕਤੰਤਰੀ ਸੰਸਥਾਵਾਂ ਦੇ, ਆਮ ਵਿਅਕਤੀ ਹਮੇਸ਼ਾ ਤੋਂ ਹੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦਾ ਆ ਰਿਹਾ ਹੈ।

ਸਮਾਂ ਨਿਰੰਤਰ ਬਦਲਾਅ 'ਚ ਆਪਣੇ ਆਲੇ ਦੁਆਲੇ ਦੇ ਹਰ ਇੱਕ ਪਦਾਰਥਕ ਹਾਲਾਤ ਨੂੰ ਪ੍ਰਭਾਵਿਤ ਕਰਕੇ ਬਦਲਦਾ ਹੈ। ਲੋਕ ਪਹਿਲਾਂ ਨਾਲੋਂ ਜ਼ਿਆਦਾ ਤਾਕਤਵਰ ਹੁੰਦੇ ਆ ਰਹੇ ਹਨ, ਪਰ ਉਨ੍ਹਾਂ ਨੂੰ ਇਹ ਤਾਕਤ ਦਾ ਅਹਿਸਾਸ, ਸਰਕਾਰਾਂ ਦੁਆਰਾ ਚਲਾਈ ਜਾਂਦੀਆਂ ਚਾਲਾਂ ਦੇ ਸ਼ਤਰੰਜੀ ਜਾਲ 'ਚ ਮਹਿਸੂਸ ਨਹੀਂ ਹੁੰਦਾ। ਉਹ ਹਰ ਸਮੇਂ ਆਪਣੇ ਆਪ ਨੂੰ ਬੇਵੱਸ ਮਹਿਸੂਸ ਕਰਦੇ ਹਨ ਤੇ ਸਰਕਾਰਾਂ ਪਰਦੇ ਦੇ ਪਿੱਛੇ ਆਪਣੇ ਮਾਲਕਾਂ ਦੇ ਲਈ ਪੂਰੀ ਤਨਦੇਹੀ ਦੇ ਨਾਲ ਕੰਮਾਂ ਨੂੰ ਅੰਜਾਮ ਦਿੰਦੀਆਂ ਹਨ।

ਆਧੁਨਿਕ ਯੁੱਗ 'ਚ ਸਾਰੇ ਉਤਪਾਦਨ ਦੇ ਸਾਧਨਾਂ ਦੀ ਮਲਕੀਅਤ ਸਰਮਾਏਦਾਰੀ ਸ਼ਕਤੀਆਂ ਦੇ ਹੱਥ 'ਚ ਹੈ। ਸਰਮਾਇਆ ਕਿਵੇਂ ਹਰ ਇੱਕ ਸ਼ੈਅ 'ਤੇ ਆਪਣਾ ਪ੍ਰਭਾਵ ਮਜ਼ਬੂਤ ਕਰਦਾ ਜਾਂਦਾ ਹੈ, ਇਹ ਅੱਜ ਖੌਫਨਾਕ ਢੰਗ ਦੇ ਨਾਲ ਦੁਨੀਆਂ ਦੇ ਹਰ ਹਿੱਸੇ 'ਚ ਪੇਸ਼ ਕਰਕੇ ਦਿਖਾ ਰਿਹਾ ਹੈ। ਦੁਨੀਆਂ ਪਹਿਲਾਂ ਨਾਲੋਂ ਜਿਆਦਾ ਨੇੜੇ ਹੋ ਗਈ ਹੈ ਤੇ ਇਸ ਸਾਰੇ ਕਾਸੇ 'ਚ ਮੀਡੀਆ ਦਾ ਅਹਿਮ ਸਥਾਨ ਹਮੇਸ਼ਾ ਤੋਂ ਹੀ ਮੌਜੂਦ ਰਿਹਾ ਹੈ। ਰਾਜਿਆਂ ਦੀ ਨਿਰੰਕੁਸਤਾ ਨੂੰ ਰੋਕਣ ਦੇ ਲਈ ਜਦੋਂ ਸਰਮਾਏਦਾਰੀ ਸ਼ਕਤੀਆਂ ਨੇ ਮਜ਼ਦੂਰ-ਕਿਸਾਨਾਂ ਦੀ ਸਹਾਇਤਾ ਦੇ ਨਾਲ ਤਖਤਾ ਪਲਟ ਕੀਤਾ ਤਾਂ ਰਾਜ ਪ੍ਰਬੰਧ ਨੂੰ ਆਪਣੀਆਂ ਸਰਪ੍ਰਸਤੀ ਦੀਆਂ ਸਰਕਾਰਾਂ 'ਚ ਚਲਾਉਣ ਦੀ ਪਿਰਤ ਹੌਲੀ ਹੌਲੀ ਸਾਰੇ ਦੇਸ਼ਾਂ 'ਚ ਅਪਣਾਈ ਗਈ। ਇੱਕ ਸਮੇਂ ਤੱਕ ਮਜਦੂਰ ਜਮਾਤ ਦਾ ਹੱਕਾਂ ਦੀ ਰਾਖੀ ਦੇ ਲਈ ਵੀ ਰਾਜਨੀਤਿਕ ਦਲਾਂ ਦੀ ਹੋਂਦ ਸਾਹਮਣੇ ਆਈ। ਪਰ ਜਿਵੇਂ ਜਿਵੇਂ ਸਰਮਾਏ ਨੇ ਆਪਣਾ ਵਿਕਾਸ ਕੀਤਾ, ਉਸਨੇ ਹਰ ਇੱਕ ਪੱਧਰ 'ਤੇ ਆਪਣੀ ਧੌਂਸ ਜਮਾਉਣ ਦਾ ਨਿਡਰ ਰੂਪ ਸਾਹਮਣੇ ਪੇਸ਼ ਕੀਤਾ। ਮਜ਼ਦੂਰਾਂ-ਕਿਸਾਨਾਂ ਦੇ ਪੱਖ ਦੇ ਰਾਜਨੀਤਿਕ ਦਲ ਹਰ ਸਮੇਂ ਸਰਮਾਏਦਾਰੀ ਨੀਤੀਆਂ ਦੇ ਹਿਸਾਬ ਨਾਲ ਆਪਣਾ ਰਾਜਨੀਤਿਕ ਅਮਲ ਕਰਨ ਲੱਗੇ। ਜਿਸ 'ਚ ਸਿਧਾਂਤ ਦੀ ਬੇਤੁਕੀ ਵਿਆਖਿਆ ਨੇ ਸਰਕਾਰਾਂ ਦਾ ਹੌਲੀ ਹੌਲੀ ਸਰਮਾਏਦਾਰੀ ਪੱਖ 'ਚ ਪਰਿਵਰਤਨ ਕਰ ਦਿੱਤਾ ਤੇ ਮਜ਼ਦੂਰ ਦਲ ਆਰਥਿਕਤਾ ਦੀ ਲੜਾਈ ਤੱਕ ਸੀਮਤ ਹੋ ਗਏ। ਸਰਮਾਏਦਾਰੀ ਨੀਤੀਆਂ ਨੂੰ ਕਾਨੂੰਨੀ ਜਾਮਾਂ ਪਹਿਨਾਉਣ ਦੇ ਲਈ ਸਰਕਾਰਾਂ ਨੂੰ ਚੋਣਾਂ ਸਮੇਂ ਕਾਰਪੋਰੇਟਿਵ ਫੰਡਾਂ ਦਾ ਵਰਦਾਨ ਦਿੱਤਾ ਗਿਆ ਤੇ ਪ੍ਰਬੰਧ ਦੀ ਕੁਸ਼ਲਤਾ ਚੋਣ ਜਿੱਤਣ ਤੋਂ ਬਾਅਦ ਉਨ੍ਹਾਂ ਨੀਤੀਆਂ ਨੂੰ ਲਾਗੂ ਕਰਨ ਦੀ ਦੌੜ ਹੀ ਰਹਿ ਗਈ, ਜੋ ਸਰਮਾਏ ਦੇ ਪੱਖ 'ਚ ਜਾਂ ਉਨ੍ਹਾਂ ਦੀ ਜ਼ਰੂਰਤਾਂ ਨੂੰ ਸਿੰਗਾਰਦੀਆਂ ਸਨ।

ਇਸ ਸਾਰੇ ਦੌਰ 'ਚ ਸਰਕਾਰ ਦੀ ਆਲੋਚਨਾ ਕਰਨ ਦੀ ਮੀਡੀਆ ਸ਼ਕਤੀ ਨੂੰ ਜਿਸ ਹਿਸਾਬ ਦੇ ਨਾਲ ਖੋਰਾ ਲੱਗਾ ਹੈ, ਉਸਨੇ ਸਰਕਾਰਾਂ ਨੂੰ ਬਿਨ੍ਹਾਂ ਡਰ ਦੇ ਨਿਰੰਕੁਸ਼ ਸੁਭਾ ਪ੍ਰਾਪਤ ਕਰਨ 'ਚ ਅਹਿਮ ਹਿੱਸਾ ਨਿਭਾਇਆ ਹੈ। ਵਿਰੋਧੀ ਦਲ ਦੀ ਸੰਸਦ 'ਚ ਔਕਾਤ ਨੂੰ  ਖਤਮ ਕਰਕੇ ਹਰ ਇੱਕ ਪੱਧਰ 'ਤੇ ਸਰਕਾਰਾਂ ਆਪਣੇ ਆਪ ਨੂੰ ਸਰਵਉੱਤਮ ਪੇਸ਼ ਕਰਨ ਲਈ ਅੰਨ੍ਹਾਂ ਪ੍ਰਚਾਰ ਕਰਵਾਉਂਦੀਆਂ ਜਾਂ ਕਰਦੀਆਂ ਹਨ। ਅੱਜਕੱਲ ਪੱਤਰਕਾਰੀ ਦੀ ਕਮਰ ਨੂੰ ਸਰਮਾਏ ਨੇ ਰਿਸ਼ਵਤਾਂ ਜਾਂ ਖਰੀਦ ਕੇ ਤੋੜ ਦਿੱਤਾ ਹੈ। ਤਕਨੀਤਕ ਵਾਧੇ ਦੇ ਨਾਲ ਸਰਕਾਰਾਂ ਨੇ ਆਪਣੀ ਪੈਠ ਬਣਾਉਣ ਲਈ ਸਹਾਇਕ ਖੌਫ ਨੂੰ ਪੱਤਰਕਾਰੀ ਦੇ ਪੇਸ਼ੇ 'ਚ ਪ੍ਰਚਲਿਤ ਕਰ ਦਿੱਤਾ ਹੈ। ਅੱਜ-ਕਲ੍ਹ ਜ਼ਿਆਦਾ ਮੀਡੀਆ ਘਰਾਂ ਦੀ ਮਲਕੀਅਤ ਇੱਕ ਅਮੀਰ ਵਿਅਕਤੀ ਦੇ ਹੱਥ 'ਚ ਹੈ ਤੇ ਜਿਨ੍ਹਾਂ ਦਾ ਸਿੱਧਾ ਸੰਬੰਧ ਸਰਮਾਏਦਾਰੀ ਜ਼ਰੂਰਤਾਂ ਦੇ ਸੰਬੰਧ ਨਾਲ ਸਰਕਾਰ ਨਾਲ ਜੁੜ ਜਾਂਦਾ ਹੈ ਤੇ ਸਰਕਾਰਾਂ ਆਪਣੀ ਮਰਜ਼ੀ ਦੇ ਨਾਲ ਪ੍ਰੋਗਰਾਮਾਂ ਦੇ ਪ੍ਰਸਾਰਣ ਨੂੰ ਤਕਨੀਕ ਦੀ ਆੜ 'ਚ ਆਪਣੇ ਪੱਖ 'ਚ ਵੇਖਦੀਆਂ ਹਨ। ਇਸ ਦੌਰ 'ਚ ਹੀ ਸੀਨੀਅਰ ਪੱਤਰਕਾਰਾਂ ਨੂੰ ਖਰੀਦ ਲਿਆ ਜਾਂਦਾ ਹੈ ਤੇ ਲੋਕਲ ਪੱਧਰ ਦੇ ਪੱਤਰਕਾਰਾਂ 'ਤੇ ਜਾਨਲੇਵਾ ਹਮਲਾ ਨਵੇਂ ਤਰ੍ਹਾਂ ਦੇ ਡਰ ਨੂੰ ਸਮਾਜ 'ਚ ਪੇਸ਼ ਕਰਦਾ ਹੈ। ਲੋਕਾਂ ਦੇ ਪੱਖ 'ਚ ਖੜਨ ਲਈ ਸੂਚਨਾ ਅਪੰਗਤਾ ਦਾ ਸ਼ਿਕਾਰ ਹੋ ਗਈ ਹੈ। ਸਿੱਧੇ ਤੌਰ 'ਤੇ ਕਹਿ ਸਕਦੇ ਹਾਂ ਕਿ ਮੁਨਾਫਾ ਪ੍ਰਧਾਨ ਬਣ ਗਿਆ ਹੈ। ਸਾਰਾ ਖਬਰਾਂ ਦਾ ਪ੍ਰਚਾਰ ਕੁਝ ਚੁਣੀਆਂ ਤੇ ਹਰ ਰੋਜ਼ ਸੁਣੀਆਂ ਜਾਣ ਵਾਲੀਆਂ ਖਬਰਾਂ ਦੇ ਆਲੇ ਦੁਆਲੇ ਹੀ ਕੇਂਦਰਿਤ ਹੋ ਗਿਆ ਹੈ। ਸਾਰੀਆਂ ਨੀਤੀਆਂ ਤੇ ਸਰਕਾਰੀ ਹਰਕਤਾਂ ਨੂੰ ਲੋਕ ਪੱਖੀ ਦਿਖਾਇਆ ਜਾਦਾਂ ਹੈ। ਸਰਕਾਰ ਦੀ ਆਲੋਚਨਾ ਕਰਨ ਵਾਲੇ ਪੱਤਰਕਾਰ ਤੇ ਆਮ ਲੋਕਾਂ ਨੂੰ ਦੇਸ਼ਧ੍ਰੋਹੀ ਦਾ ਖਿਤਾਬ ਦੇ ਕੇ ਠਾਣਿਆਂ ਦੇ ਗੇੜੇ ਕਢਵਾਏ ਜਾਂਦੇ ਹਨ। ਆਲੋਚਨਾ ਆਪਣਾ ਗੁਣ ਗੁਆ ਚੁੱਕੀ ਹੈ। ਲੋਕਾਂ ਦੀ ਸਾਰੀ ਸੋਚਣ ਸ਼ਕਤੀ ਤੇ ਵੱਖ ਵੱਖ ਧਾਰਨਾਵਾਂ ਨੂੰ ਸੀਮਤ ਕਰਨ ਦਾ ਕੰਮ ਕੀਤਾ ਜਾਂਦਾ ਹੈ।

ਅੱਜ ਦੀਆਂ ਸਰਕਾਰਾਂ ਪ੍ਰਚਾਰ ਦੇ ਲਈ ਕਰੋੜਾਂ ਖਰਚ ਕਰ ਦਿੰਦੀਆਂ ਹਨ ਪਰ ਜ਼ਮੀਨੀ ਪੱਧਰ 'ਤੇ ਹਰ ਇੱਕ ਪ੍ਰੋਗਰਾਮ ਤੇ ਪਾਲਿਸੀ ਦੀ ਸਰਮਾਏਦਾਰੀ ਦੌਰ ਦੇ ਪ੍ਰਫੁੱਲਤ ਹੋਣ ਨਾਲ ਰਿਸ਼ਵਤ ਦੇ ਗੁਣ ਦਾ ਬੇਇੰਤਿਹਾਸ਼ਾ ਵਾਧਾ, ਜਿਸ ਨੇ ਸਿੱਧਾ ਪਬਲਿਕ ਸੈਕਟਰ ਨੂੰ ਖੋਖਲਾ ਕਰਨ ਦਾ ਕੰਮ ਕੀਤਾ ਹੈ। ਦੁਨੀਆਂ ਦੇ ਹਰ ਕੋਨੇ 'ਚ ਕੰਮ ਤੋਂ ਬਾਹਰ ਬੈਠੇ (ਬੇਰੁਜ਼ਗਾਰਾਂ) ਦੀ ਗਿਣਤੀ ਦਾ ਪੱਧਰ ਵੱਧ ਰਿਹਾ ਹੈ। ਸਮਾਜ ਦਿਨੋਂ ਦਿਨ ਕੰਮਜੋਰ ਹੋ ਰਿਹਾ ਹੈ ਤੇ ਸਰਕਾਰਾਂ ਤੰਤਰ ਨੂੰ ਲੋਕਾਂ ਦੇ ਪੱਖ 'ਚ ਖੜਾ ਕਰਨ ਲਈ ਫੌਜੀ ਸਮਾਨ ਦੀ ਖਰੀਦ ਫਰੋਕਤ ਕਰ ਰਹੀਆਂ ਹਨ। ਸਰਹੱਦਾਂ ਰੋਜ਼ ਗੋਲੀਆਂ, ਬੰਬਾਂ ਦੇ ਖੜਾਕ ਨਾਲ ਦਹਲਦੀਆਂ ਹਨ, ਜਿੰਨ੍ਹਾਂ ਦੀ ਚੀਕ ਸਾਰੇ ਦੇਸ਼ 'ਚ ਵਿਕੇ ਹੋਏ ਮੀਡੀਆ ਦੇ ਵੱਲੋਂ ਖੌਫ ਦੇ ਡਰ ਨਾਲ ਪੇਸ਼ ਕੀਤੀ ਜਾਂਦੀ ਹੈ ਤੇ ਚੌਥਾ ਲੋਕਤੰਤਰ ਦਾ ਥੰਮ ਸਰਕਾਰੀ ਬਰਛਾ ਬਣ ਕੇ ਗਰੀਬ ਤੇ ਲਿਤਾੜੇ ਲੋਕਾਂ ਦੀ ਵੱਖੀ ਨੂੰ ਹਰ ਰੋਜ਼ ਵਿੰਨਦਾ ਹੈ।
          
ਇਹ ਵਰਤਾਰਾ ਹਰ ਦੇਸ਼ ਦੀ ਕਹਾਣੀ ਬਣਦਾ ਜਾ ਰਿਹਾ ਹੈ। ਲੋਕਾਂ ਨੂੰ ਗੂੰਗੇ-ਬੌਲੇ ਬਣਾਉਣ ਦਾ ਖੇਡ ਸਰਮਾਏਦਾਰੀ ਸ਼ਕਤੀਆਂ ਆਪਣੀਆਂ ਕਠਪੁੱਤਲੀ ਸੱਤਾਧਾਰੀ ਧਿਰਾਂ ਦੀ ਸਹਾਇਤਾ ਨਾਲ ਖੇਡ ਰਹੀਆਂ ਹਨ। ਸਰਕਾਰੀ ਸਕੂਲ, ਕਾਲਜਾਂ, ਯੂਨੀਵਸਿਟੀਆਂ, ਹਸਪਤਾਲਾਂ ਜਿਹੀ ਬੁਨਿਆਦੀ ਜ਼ਰੂਰਤਾਂ ਨੂੰ ਲੋਕਾਂ ਕੋਲੋਂ ਖੋਹਿਆ ਜਾ ਰਿਹਾ ਹੈ। ਮਾਰਕਸ ਦੇ ਸਿਧਾਂਤ ਦੀ ਰੋਸਨੀ 'ਚ ਜੇਕਰ ਨਿਗ੍ਹਾ ਮਾਰੀ ਜਾਵੇ ਤਾਂ ਅੱਜ ਦੇ ਦਿਨ ਹਰ ਪਬਲਿਕ ਸੈਕਟਰ ਨਾਲ ਕੀਤਾ ਦੁਰਵਿਵਹਾਰ, ਸਰਮਾਏਦਾਰੀ ਪ੍ਰਬੰਧ 'ਚ ਲੋਕਾਂ ਨੂੰ ਵਾਧੂ ਵਸੋਂ ਦੇ ਤਮਗਿਆਂ ਨਾਲ ਨਿਵਾਜ ਰਿਹਾ ਹੈ। ਜਿੱਥੇ ਉਨ੍ਹਾਂ ਲਈ ਹਰ ਦਰਵਾਜ਼ਾ ਬੰਦ ਹੈ। ਸਰਕਾਰ ਹਰ ਪੱਧਰ 'ਤੇ ਆਪਣਾ ਹੱਥ ਪਿੱਛੇ ਖਿੱਚ ਰਹੀ ਹੈ ਤੇ ਲੋਕ ਤਰਾਹ ਤਰਾਹ ਕਰ ਰਹੇ ਹਨ ਤਾਂ ਜ਼ਰੂਰੀ ਹੋ ਜਾਂਦਾ ਹੈ ਕਿ ਲੋਕਪੱਖੀ ਵਿਚਾਰਧਾਰਾਵਾਂ ਦਾ ਵਿਕਾਸ ਹੋਵੇ। ਮੀਡੀਆ ਦਾ ਪ੍ਰਸਾਰਣ ਆਜ਼ਾਦ ਹੱਸਤੀ ਨੂੰ ਮੁੜ ਤੋਂ ਗ੍ਰਹਿਣ ਕਰੇ ਅਤੇ ਸੰਵਿਧਾਨ ਦੇ ਅਨੁਸਾਰ ਦੇਸ਼ ਦਾ ਸੰਚਾਲਣ ਹੋਵੇ। ਵਿਭੰਨਤਾਵਾਂ ਦਾ ਲੋਕਤੰਤਰੀ ਸੰਨਮਾਨ ਹੋਵੇ ਤੇ ਇਸ ਦੀ ਆਵਾਜ਼, ਆਜ਼ਾਦ ਪੱਤਰਕਾਰੀ ਦੇ ਸੰਘ, ਮਾਈਕ, ਕੈਮਰੇ  'ਚੋਂ ਹਮੇਸ਼ਾ ਪਹਿਲੇ ਪੱਧਰ 'ਤੇ ਨਿਕਲੇ। ਭਾਰਤੀ ਸੰਵਿਧਾਨ ਸਾਨੂੰ ਆਰਟੀਕਲ 19 'ਚ ਬੋਲਣ ਤੇ  ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਦਿੰਦਾ ਹੈ। ਆਰਟੀਕਲ 19(1)(a) ਸਿੱਧਾ ਪ੍ਰੈਸ ਦੀ ਆਜ਼ਾਦੀ ਨਾਲ ਸੰਬੰਧਿਤ ਹੈ। ਆਰਟੀਕਲ 21 ਸਾਨੂੰ ਜਿਊਣ ਦਾ ਅਧਿਕਾਰ ਦਿੰਦਾ ਹੈ। ਇਨ੍ਹਾਂ ਦੋਨਾਂ ਦਾ ਦਾਇਰਾ ਹੀ ਲੋਕਤੰਤਰ ਨੂੰ ਨਿਰੰਕੁਸ਼ ਹੋਣ ਤੋਂ ਬਚਾ ਸਕਦਾ ਹੈ। ਇਸ ਲਈ ਸਾਡਾ ਫਰਜ਼ ਹੈ ਜਦ ਪੱਤਰਕਾਰੀ ਸਾਨੂੰ ਸਭ ਗਿਆਨ ਦਿੰਦੀ ਹੈ ਤਾਂ ਅਸੀਂ ਵੀ ਇਸ ਦੀ ਰੱਖਿਆ ਦੇ ਲਈ ਬਰਾਬਰ ਕਦਮ ਨਾਲ ਕਦਮ ਮਿਲਾ ਕੇ ਅੱਗੇ ਵਧੀਏ ਤਾਂ ਜੋ ਸਰਕਾਰਾਂ ਦਾ ਹੌਂਸਲਾ ਆਮ ਲੋਕਾਂ ਦੀ ਆਵਾਜ ਨੂੰ ਨਾ ਕੁਚਲੇ।

ਸੰਪਰਕ: +91 75080 53857

Comments

Name (required)

Leave a comment... (required)

Security Code (required)ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ