Sun, 19 January 2020
Your Visitor Number :-   2225448
SuhisaverSuhisaver Suhisaver
ਕਾਰਟੂਨਿਸਟ ਸੁਧੀਰ ਧਰ ਦਾ ਦਿਹਾਂਤ               ਜਥੇਦਾਰ ਅਵਤਾਰ ਸਿੰਘ ਮੱਕੜ ਨਹੀਂ ਰਹੇ              

ਉੱਨੀ ਸੌ ਚੁਰਾਸੀ: ਕਵਿਤਾਵਾਂ ਤੇ ਲੇਖ ਡਾ. ਹਰਿਭਜਨ ਸਿੰਘ

Posted on:- 25-08-2018

-ਯੋਗੇਸ਼ ਕੁਮਾਰ

ਸਾਲ 2017,
ਚੇਤਨਾ ਪ੍ਰਕਾਸ਼ਨ ਲੁਧਿਆਣਾ
ਪੰਨੇ-127


ਉੱਨੀ ਸੌ ਚੁਰਾਸੀ, ਹਰਿਭਜਨ ਸਿੰਘ ਦੀਆਂ ਸਾਕੇ ਨੀਲੇ ਤਾਰੇ ਬਾਬਤ ਲਿਖੀਆਂ ਅੱਠਤਾਲੀ ਕਵਿਤਾਵਾਂ ਦਾ ਸੰਗ੍ਰਹਿ ਹੈ।ਇਨ੍ਹਾਂ ਕਵਿਤਾਵਾਂ ਨੂੰ ਕਵੀ ਨੇ ਜੂਨ ਤੋਂ ਨਵੰਬਰ 1984 ਦੌਰਾਨ ਆਪਣੀਆਂ ਅਮ੍ਰਿਤਸਰ ਦੀਆਂ ਫੇਰੀਆਂ ਦੌਰਾਨ ਲਿਖੀਆਂ ਸਨ।ਹੁਣ ਜਾਹ ਕੇ ਇਹਨਾਂ ਲਿਖਤਾਂ ਦੀ ਸੁਧ ਪਈ ਹੈ। ਇਨ੍ਹਾਂ ਲਿਖਤਾਂ ਨੂੰ ਇਕੱਠਾ ਕਰਨ ਤੇ ਸੰਪਾਦਨ ਦਾ ਕਾਰਜ ਨਿਭਾਉਣ ਦੀ ਜ਼ਿੰਮੇਵਾਰੀ ਅਮਰਜੀਤ ਚੰਦਨ ਦੇ ਹਿੱਸੇ ਆਈ ਹੈ।ਜਿਸਨੂੰ ਉਨ੍ਹਾਂ ਨੇ ਚੇਤਨਾ ਪ੍ਰਕਾਸ਼ਨ ਵੱਲੋਂ ਛਪਵਾਇਆ।ਹਥਲੀ ਲਿਖਤ ਉਨੀ ਸੌ ਚੁਰਾਸੀ: ਕਵਿਤਾਵਾਂ ਤੇ ਲੇਖਾਂ ਦੀ ਪੜਚੋਲ ਹੈ।

ਪੰਜਾਬ ਦੀ ਗੱਲ ਕਰਨਾ ਕਾਲੇ ਨਾਗ ਨੂੰ ਛੇੜਨ ਦੇ ਤੁਲ ਹੈ। ਅਮਰਜੀਤ ਚੰਦਨ ਆਖਦਾ ਹੈ ਕਿ ਅਸੀ ਪੰਜਾਬੀ ਸਰਾਪੀ ਹੋਈ ਧਰਤੀ ਦੇ ਸਰਾਪੇ ਹੋਏ ਲੋਕ ਹਾਂ।ਪੰਜਾਬ ਦੀ ਤਾਰੀਖ ਦੁਰਅਸੀਸਾਂ ਦੇ ਘਾਉ ਮੁੜ-ਮੁੜ ਹਰੇ ਹੋਣ ਦੀ ਤਾਰੀਖ ਹੈ।ਪੰਜਾਬ ਨੇ ਪਿਛਲੇ ਤਿੰਨ ਹਜ਼ਾਰ ਸਾਲਾਂ 'ਚ ਕਦੇ ਸੁੱਖ ਨਹੀਂ ਡਿੱਠਾ, ਸਿਵਾਇ ਉਨੀਵੀਂ ਸਦੀ ਦੇ ਪਹਿਲੇ ਅੱਧ ਦੇ ਜਦ ਪੰਜਾਬੀ ਆਪਣੀ ਹੋਣੀ ਦੇ ਆਪ ਮਾਲਿਕ ਸਨ। ਵੀਹਵੀਂ ਸਦੀ ਵਿੱਚ ਪੰਜਾਬ ਨਾਲ ਬੜੇ ਵੱਡੇ-ਵੱਡੇ ਧ੍ਰੋਹ ਹੋਏ।ਸੰਨ ਸੰਤਾਲੀ ਦਾ ਉਜਾੜਾ ਤੇ ਚੁਰਾਸੀ ਦਾ ਘੱਲੂਘਾਰਾ-ਪੰਜਾਬੀਆਂ ਦੇ ਦੋ ਵੱਡੇ ਦੁਖਾਂਤ ਹਨ।ਇਨ੍ਹਾਂ ਦਖਾਂਤਾਂ ਦੀ ਕੋਈ ਹੱਥੀ ਵਾਹੀ ਜਾਂ ਖਿੱਚੀ ਤਸਵੀਰ ਵੀ ਨਹੀਂ ਮਿਲਦੀ।ਹੁਣ ਲੋਕਗੀਤ ਨਹੀਂ ਬਣਦੇ।ਸੰਨ ਸੰਤਾਲੀ ਦਾ ਕੋਈ ਲੋਕਗੀਤ ਨਹੀਂ, ਚੁਰਾਸੀ ਦਾ ਤਾਂ ਕੀ ਬਣਨਾ ਸੀ।

ਸਾਕੇ ਨੀਲੇ ਤਾਰੇ ਬਾਰੇ ਲਿਖੀਆਂ ਹਰਿਭਜਨ ਸਿੰਘ ਦੀਆਂ ਕਵਿਤਾਵਾਂ ਵਿੱਚ ਇਸਦਾ ਇਤਿਹਾਸਕ ਤੇ ਸਾਹਿਤਕ ਮੁੱਲ ਝਲਕਦਾ ਹੈ।ਚੁਰਾਸੀ ਦੇ ਸਾਕੇ ਨਾਲ ਪੰਜਾਬੀ ਸਾਹਿਤ ਵਿੱਚ ਲਕੀਰ ਖਿੱਚੀ ਗਈ ਕਿ ਕੌਣ ਕਿਹੜੇ ਪਾਸੇ ਖੜ੍ਹਾ ਹੈ? ਇਹ ਉਹ ਦੌਰ ਸੀ ਜਦੋਂ ਆਪਦੇ ਆਪ ਨੂੰ ਅਗਾਂਹਵਧੂ ਅਖਵਾਉਣ ਵਾਲੇ ਕਹਿੰਦੇ-ਕਹਾਉਂਦੇ ਲਿਖਾਰੀਆਂ ਦਾ ਫਿਰਕਾਪ੍ਰਸਤ ਰੰਗ ਉਘੜ ਆਇਆ।

ਪੰਜਾਬ ਦੇ ਇਸ ਦੌਰ ਤੇ ਉਸਦੇ ਸਾਹਿਤ ਦੀ ਤਸਵੀਰ ਚੰਦਨ ਆਪਣੀ ਪੋਥੀ ਲਿਖਤ ਪੜਤ ਵਿੱਚ ਇੰਝ ਖਿੱਚਦਾ ਹੈ: "ਇਤਿਹਾਸਕਾਰ ਬੋਲਦਾ ਹੈ:ਯਥਾਰਥ ਦਾ ਮੈਨੂੰ ਪਤਾ ਹੈ। ਜੋ ਨੱਸ ਗਏ ਉਹ ਖਾਲਿਸਤਾਨੀ ਨਹੀਂ ਸਨ।ਉਹ ਬਾਹਮਣ ਸਨ।ਈਸਾਈ ਤੇ ਮਜ਼ਹਬੀ।ਸ਼ਾਇਰ ਵੀ ਲੀਡਰਾਂ ਵਾਂਗ ਯਥਾਰਥ ਤੋਂ ਦੂਰ ਸਨ। ਇਸ ਕਰਕੇ ਪੰਜਾਬ ਦੇ ਇਸ ਸੰਕਟ ਦੀ ਸ਼ਾਇਰੀ ਬੋਗਸ ਹੈ। ਦਾਨੇ-ਬੀਨੇ ਦਸਦੇ ਹਨ-ਪੰਜਾਬ 'ਚ ਇੰਡਸਟਰੀ ਹੈ ਨਹੀਂ।ਪੂੰਜੀਵਾਦ ਲੰਙੜਾ ਹੈ।ਖੇਤੀ ਘਾਟੇ ਵਾਲਾ ਸੌਦਾ ਹੈ।ਜ਼ਮੀਨਾਂ ਸੁੰਗੜ ਰਹੀਆਂ ਹਨ।ਇਹ ਕੰਗਾਲ ਹੋ ਰਹੇ ਜੱਟਾਂ ਦੀ ਤਕੜੇ ਜੱਟਾਂ ਖਿਲਾਫ਼ ਲੜਾਈ ਸੀ। ਦਲਿਤ ਕਹਿੰਦੇ ਸੀ-ਖ਼ਾਲਿਸਤਾਨ ਦਾ ਮਤਲਬ ਹੈ: ਜੱਟਸਤਾਨ।ਪੁਲਸੀਆ ਕੰਵਰਪਾਲ ਸਿੰਘ ਗਿੱਲ ਦੱਸਦਾ ਸੀ:ਇਹ ਜੱਟਾਂ-ਜੱਟਾਂ ਦੀ ਲੜਾਈ ਹੈ। ਇਹਨੂੰ ਕੋਈ ਜੱਟ ਹੀ ਸਮਝ ਸਕਦਾ।"

ਸਾਹਿਤ ਤੇ ਸਿਆਸਤ ਦੇ ਆਪਸੀ ਰਿਸ਼ਤੇ ਦੀ ਬਹਿਸ ਤਾਂ ਪੂਰਬੀ ਪੰਜਾਬ ਵਿੱਚ ਸੰਨ ਉੰਨੀ ਸੌ ਪੰਜਾਹਾਂ ਦੀ ਚਲਦੀ ਰਹੀ ਹੈ ਪਰ ਸਿਆਸੀ ਕਵਿਤਾ ਦੀ ਸਾਹਿਤਕਤਾ ਦੀ ਗੱਲ ਕਦੇ ਨਹੀਂ ਹੋਈ।ਪ੍ਰੇਮ ਪ੍ਰਕਾਸ਼ ਨੇ ਸਿਆਸਤ ਦੇ ਮੁਕਾਬਲੇ ਸਾਹਿਤ ਦੀ ਸ਼ਕਤੀ ਨੂੰ ਭੁਲੇਖਾ ਆਖਿਆ ਹੈ।ਸੁਰਜੀਤ ਹਾਂਸ ਦਾ ਖਿਆਲ ਹੈ ਕਿ ਕਈ ਘਟਨਾਵਾਂ ਐਡੀਆਂ ਵੱਡੀਆਂ ਹੁੰਦੀਆਂ ਨੇ ਕਿ ਸਾਡੀ ਪਕੜ ਵਿੱਚ ਨਹੀਂ ਆਉਂਦੀਆਂ।ਚੁਰਾਸੀ ਦੇ ਸਾਕੇ ਬਾਰੇ ਇਸ ਦੌਰ ਦੀਆਂ ਦੋ ਮਿਸਾਲੀ ਕਹਾਣੀਆਂ ਹਨ-ਜਿਉਂਦਿਆਂ ਦੇ ਮੇਲੇ (ਗੁਰਦਿਆਲ ਸਿੰਘ) ਕਾਨ੍ਹੀ (ਪ੍ਰੇਮ ਪ੍ਰਕਾਸ਼)


ਕੀ ਕਾਰਨ ਰਹਿ ਹੋਣਗੇ ਕਿ ਪੰਜਾਬ ਦੇ ਇਨ੍ਹਾਂ ਵੱਡੇ ਤਵਾਰੀਖ਼ੀ ਦੁਖਾਂਤਾ ਬਾਰੇ ਉੱਤਮ ਕਿਸਮ ਦੀ ਸ਼ਾਇਰੀ ਜਾਂ ਕਵਿਤਾਵਾਂ ਨਾ ਲਿਖ ਹੋਈਆਂ? ਇਸ ਦੇ ਦੋ ਮੁੱਖ ਕਾਰਨਾਂ ਨੂੰ ਹੱਥਲੀ ਕਿਤਾਬ ਵਿੱਚ ਚਿੰਨਤ ਕੀਤਾ ਹੈ।ਪਹਿਲਾ ਇਹ ਕਿ ਪੰਜਾਬੀ ਵਿੱਚ ਸਿਆਸੀ ਤੇ ਤਵਾਰੀਖ਼ੀ ਵਾਕਿਆਤ ਦੀ ਕਵਿਤਾ ਲਿਖਣੀ ਡਾਢੀ ਔਖੀ ਹੈ। ਇਹਦਾ ਹਰਫ਼-ਏ-ਆਖ਼ਿਰ ਲਿਖਣ ਦਾ ਕਾਰਜ ਬਾਬਾ ਨਾਨਕ 'ਲਾਹੌਰ ਸਹਰ ਜ਼ਹਰ ਕਹਰ ਸਵਾ ਪਹਰ' ਲਿਖ ਕੇ ਤੇ ਬਾਬਰਬਾਣੀ ਵਿੱਚ ਪੰਜ ਸਦੀਆਂ ਪਹਿਲਾਂ ਸੰਪੰਨ ਕਰ ਗਏ ਸਨ। ਦੂਜੀ ਔਖਿਆਈ ਹੈ-ਪੰਜਾਬੀ ਬਤੌਰ ਕੌਮ ਦੇ ਵੀਹਵੀਂ ਸਦੀ ਦੇ ਸੰਨ ਸੰਤਾਲੀ ਤੇ ਸੰਨ ਚੁਰਾਸੀ ਦੇ ਦੋ ਵੱਡੇ ਤਵਾਰੀਖ਼ੀ ਦੁਖਾਤਾਂ ਦੇ ਦੋਸ਼ੀਆਂ ਨੂੰ ਪਛਾਣਨ ਜੋਗੇ ਨਹੀਂ ਹੋਏ।ਸੰਤਾਲੀ ਦੇ ਸਾਕੇ ਦੇ ਪੰਜਾਬੀ ਆਪ ਹੀ ਦੋਸ਼ੀ ਹਨ। ਅਸਾਂ ਰਲ ਕੇ ਫਾਹਾ ਲੈ ਲਿਆ।ਇਸ ਲਈ ਵੀ ਉਸ ਦੌਰ ਦੀ ਕੋਈ ਉੱਤਮ ਰਚਨਾ ਨਹੀਂ ਹੋਈ।ਸੰਨ ਚੁਰਾਸੀ ਸੰਨ ਸੰਤਾਲੀ ਦਾ ਵਧਾਅ ਸੀ। ਖ਼ਾਲਿਸਤਾਨੀ ਆਪਣੀ ਕਥਨੀ ਤੇ ਕਰਨੀ ਨਾਲ ਜੋ ਸੰਨ ਸੰਤਾਲੀ 'ਚ ਹੋਇਆ, ਉਹਨੂੰ ਸਹੀ ਸਾਬਿਤ ਕਰਦੇ ਹਨ। ਕਵੀ ਹਰਿਭਜਨ ਸਿੰਘ ਦਾ ਵੀ ਇਹੋ ਵਿਚਾਰ ਹੈ ਕਿ "ਸਾਕੇ ਨੀਲੇ ਤਾਰੇ ਤੋਂ ਪਹਿਲਾਂ ਹੀ ਸਾਡੇ ਅੰਤਰਮਨ ਵਿੱਚ ਜੜ੍ਹਾਂ ਵਾਲੇ ਫੋੜੇ ਦੇ ਬੀਜ ਬੀਜੇ ਜਾ ਰਹੇ ਸਨ।"

ਆਪਣੀ ਆਤਮ ਕਥਾ ਚੋਲਾ ਟਾਕੀਆਂ ਵਾਲਾ ਵਿੱਚ ਚੁਰਾਸੀ ਦੇ ਸਾਕੇ ਬਾਰੇ ਹਰਿਭਜਨ ਸਿੰਘ  ਲਿਖਦੇ ਹਨ ਕਿ "ਸਾਕਾ ਨੀਲਾ ਤਾਰਾ ਨੇ ਹਰਿਮੰਦਰ ਤੇ ਅਕਾਲ ਤਖ਼ਤ ਉੱਪਰ ਵਾਰ ਕਰਕੇ ਪੰਜਾਬੀ ਅਚੇਤਨ ਨੂੰ ਉਕਸਾਇਆ ਸੀ।" ਤੇ ਉਨ੍ਹਾਂ ਨੇ ਸੰਨ ਚੁਰਾਸੀ ਦੇ ਸਾਕੇ ਨੂੰ 'ਪੰਜਾਬੀ ਲੋਕ-ਇਤਿਹਾਸ ਦੀ ਅਤਿ ਦੁਖਦਾਈ ਘਟਨਾ ਆਖਿਆ।ਏਥੇ ਸ਼ਬਦ 'ਪੰਜਾਬੀ ਅਚੇਤਨ' ਤੇ 'ਲੋਕ-ਇਤਿਹਾਸ' ਧਿਆਨਯੋਗ ਹਨ।ਇਨ੍ਹਾਂ ਨੇ ਏਥੇ 'ਸਿੱਖ' ਸ਼ਬਦ ਨਹੀਂ ਵਰਤਿਆ।

ਹਰਿਭਜਨ ਸਿੰਘ ਨੇ ਸਾਕੇ ਨੀਲੇ ਤਾਰੇ ਨੂੰ ਜੜ੍ਹਾਂ ਵਾਲਾ ਫੋੜਾ ਲਾਇਲਾਜ ਨਾਸੂਰ ਹਮੇਸ਼ਾਂ ਰਿਸਦਾ ਰਹਿਣ ਵਾਲਾ ਮਿੱਥਕ ਸਿਰਜਿਆ ਹੈ।ਕਿਉਂਕਿ "ਇਹ ਨਿਰੋਲ ਇਤਿਹਾਸਕ ਘਟਨਾ ਨਹੀਂ, ਇਹ ਸਭਿਆਚਾਰਕ ਤ੍ਰਾਸਦੀ ਹੈ। ਜਿਸਨੇ ਕਵਿਤਾ ਵਿੱਚ ਕਰੁਣਾ, ਭੈ ਅਤੇ ਕਚਿਆਣ ਦੇ ਰਲੇ-ਮਿਲੇ ਚਿਤਰ ਬਣ ਕੇ ਪ੍ਰਗਟ ਹੋਣਾ ਹੀ ਹੈ।" ਇਸ ਨਾਸੂਰ ਦੀਆਂ ਜੜ੍ਹਾਂ ਧੁਰ ਸਾਡੇ ਜਾਤੀ (ਲੋਕ) ਅਚੇਤਨ ਵਿੱਚ ਹਨ।ਇਸ ਥਾਂ ਦਾ ਨਾਂ ਹੈ-ਧੁਰਦੇਸ।ਪੰਜਾਬੀਆਂ ਦੇ ਧੁਰਦੇਸ ਦੇ ਕਈ ਨਾਂ ਜੋ ਸਾਨੂੰ ਪਤਾ ਹਨ: ਨਨਕਾਣਾ, ਅਰਜਨ ਦੇਵ ਦਾ ਹਲੀਮਪੁਰ, ਰਵੀਦਾਸ ਦਾ ਬੇਗ਼ਮਪੁਰਾ,ਕਬੀਰ ਦਾ ਅਮਰਪੁਰ, ਬੁੱਲ੍ਹੇ ਦਾ ਪ੍ਰੇਮ ਨਗਰ।ਸੰਨ ਚੁਰਾਸੀ ਵੇਲੇ ਧੁਰਦੇਸ 'ਤੇ ਕੀਤਾ ਆਘਾਤ ਨਨਕਾਣੇ 'ਤੇ ਕੀਤਾ ਆਘਾਤ ਸੀ। ਪੰਜਾਬੀਅਤ ਦਾ ਵਾਸ ਧੁਰਦੇਸ ਵਿੱਚ ਹੀ ਕਿਤੇ ਹੈ।ਨਾਨਕਤਾ ਹੀ ਪੰਜਾਬੀਅਤ ਹੈ।

ਸਾਹਿਤ ਤੇ ਸਿਅਸਤ ਦੇ ਸੰਪਾਦਕੀ ਸੰਬੰਧ ਨੂੰ ਕਵੀ ਨੇ ਬੜੇ ਸੁਚੱਜ ਨਾਲ ਆਪਣੀਆਂ ਜੂਨ ਚੁਰਾਸੀ ਦੀਆਂ ਕਵਿਤਾਵਾਂ ਵਿੱਚ ਨਿਭਾਇਆ ਹੈ।ਕਿਸੇ ਦੀ ਕਰਨੀ ਅਸਾਂ ਭਰਨੀ /ਇਹ ਅਣਹੋਣੀ ਸਹੀਏ/ ਨਾ ਬੁੱਲ੍ਹਿਆ ਅਸੀ ਭਿੰਡਰਾਂਵਾਲੇ/ਨਾ ਅਸੀ ਇੰਦਰਾਂ ਵਾਲੇ।ਕਵਿਤਾਵਾਂ ਦੀਆਂ ਇਹਨਾਂ ਪੰਕਤੀਆਂ ਵਿੱਚ ਹੀ ਨੈਤਿਕਤਾ ਤੇ ਰਾਜਨੀਤਿਕ ਪ੍ਰਮੰਨਤਾ ਦੀ ਆਹਲਾ ਮਿਸਾਲ ਮਿਲ ਜਾਂਦੀ ਹੈ।ਪੋਥੀ ਵਿਚਲੀਆਂ ਕਵਿਤਾਵਾਂ ਦੀ ਮੁੱਖ ਸਮੱਸਿਆ ਸਭਿਆਚਾਰਕ ਅਵੱਗਿਆ ਤੋਂ ਉਪਜੇ ਮਨੁੱਖੀ ਮਨ ਦੀ ਤਰੇੜ ਹੈ।ਜਿਸ ਦਾ ਮੂਲ ਰੂਪ ਲੋਕਵੇਦੀ ਵੇਰਵਿਆਂ ਰਾਹੀਂ ਹਰਭਿਰਜਨ ਸਿੰਘ ਨੇ ਇਨ੍ਹਾਂ ਕਵਿਾਤਵਾਂ ਰਾਹੀਂ ਦਰਸਾਉਂਦਿਆਂ ਲਿਖਿਆ ਹੈ ਕਿ "ਉਹ ਜੋ ਅਮ੍ਰਿਤਸਰ ਦਾ ਸਿਫਤੀ ਚਿਹਰਾ ਵਿਗਾੜ ਰਹੇ ਸਨ।ਪ੍ਰਕਰਮਾ ਵਿੱਚ ਕਤਲ ਕਰਕੇ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਦਾਗਦਾਰ ਕਰ ਰਹੇ ਸਨ।ਉਹ ਪੰਜਾਬ ਦੇ ਜਾਤੀ (ਲੋਕ) ਅਵਚੇਤਨ ਉੱਪਰ ਸੱਟ ਮਾਰ ਰਹੇ ਸਨ।" ਇਨ੍ਹਾਂ ਸਭਿਆਚਾਰਕ ਅਵੱਗਿਆ ਨੂੰ ਹਰਿਭਜਨ ਸਿੰਘ ਨੇ ਆਪਣੀਆਂ ਕਵਿਤਾਵਾਂ ਵਿੱਚ ਲੋਕਵੇਦੀ ਮਿੱਥਕਾਂ ਰਾਹੀਂ ਰੇਖਾਂਕਿਤ ਕੀਤਾ ਹੈ।ਜਿਵੇਂ ਕੁਝ ਨਜ਼ਮਾਂ ਨੇ : ਪ੍ਰਭ ਜੀ ਆਪਣਾ ਬਿਰਦ ਬਿਚਾਰੋ/ਆਪਣਾ ਹੀ ਜਨ ਆਪਣੇ ਹੀ ਘਰ/ ਗੈਰਾਂ ਵਾਂਗ ਨਾ ਮਾਰੋ ਇੱਕ ਹੋਰ ਕਵਿਤਾ ਦੀਆਂ ਪੰਕਤੀਆਂ ਇਸ ਪ੍ਰਕਾਰ ਨੇ: ਕਿਸਮਤ ਮਤਰੇਈ ਧਰਤੀ ਪੁੱਤ ਮਰੇ ਨੇ/ਮਾਵਾਂ ਤੋਂ ਇਕ ਵੈਣ ਗਿਆ ਨਾ ਛੋਹਿਆ/ਮੋਢਿਆਂ ਵਾਲੇ ਭਾਈ ਕਿੱਧਰ ਗਏ ਨੇ/ਸਾਨੂੰ ਸਿਵਿਆਂ ਤੀਕ ਕਿਸੇ ਨਾ ਢੋਇਆ

ਉਪਰੋਕਤ ਸਤਰਾਂ ਵਿੱਚ ਕਵੀ ਉਨ੍ਹਾਂ ਸਿਵਿਆਂ 'ਚ ਲੱਗੀਆਂ ਰੌਣਕਾਂ ਬਾਰੇ ਸੰਕੇਤ ਦਿੰਦਾ ਹੈ ਜਿਨ੍ਹਾਂ ਨੂੰ ਦੇਖ ਰਜਿੰਦਰ ਸਿੰਘ ਬੇਦੀ ਦੀ ਨਾਵਲ ਏਕ ਚਾਦਰ ਮੈਲੀ ਵਿਚਲੇ ਕਬੂਤਰਾਂ ਦੀ ਜੋੜੀ ਨੂੰ ਡਰ ਲੱਗਦਾ ਹੈ।ਚੰਦਨ ਇਨ੍ਹਾਂ ਨੂੰ ਇੰਦਰਾ-ਜੈਲ ਸਿੰਘ ਤੇ ਭਿੰਡਰਾਂਵਾਲਾ ਦੀਆਂ ਲਾਈਆਂ ਰੌਣਕਾਂ ਦੱਸਦਾ ਹੈ ਜਿਹਨੂੰ ਪੰਜਾਬੀ ਰਹਿੰਦੀ ਦੁਨੀਆਂ ਤਾਈਂ ਨਹੀਂ ਭੁੱਲਣ ਲੱਗੇ।ਇਸ ਵੇਲੇ ਨੇਕੀ ਤੇ ਬਦੀ ਦਾ ਫਰਕ ਮਿਟ ਚੁੱਕਾ ਸੀ।ਸੱਤੇ ਨੂੰ ਸੱਤਾ ਮਾਰੀ ਜਾਂਦਾ ਸੀ।ਵਿਚਾਲੇ ਘਾਣ ਨਿਰਦੋਸ਼ਾਂ ਦਾ ਹੋਇਆ, ਰੋਸ ਉਸ ਗੱਲ ਦਾ ਹੈ।ਹਰਿਭਜਨ ਸਿੰਘ ਸਪੱਸ਼ਟ ਸ਼ਬਦਾਂ ਵਿੱਚ ਲਿਖਦਾ ਹੈ "ਭਾਰਤ ਦੀਆਂ ਦੋ ਨਾਮਵਰ ਹਸਤੀਆਂ ਨੂੰ ਮਾਰਨ ਵਾਲੇ ਤਾਂ ਨਮਿਤ ਕਾਰਨ ਸਨ, ਉਹਨਾਂ ਦਾ ਅਸਲ ਕਾਰਨ ਤਾਂ ਪੰਜਾਬ ਦਾ ਜਾਤੀ ਅਚੇਤਨ ਸੀ ਤੇ ਜਾਤੀ ਅਚੇਤਨ ਉੱਪਰ ਕਿਸ ਦਾ ਵੱਸ ਚਲਦਾ ਹੈ?

ਲੋਕ ਮਨਾਂ ਦੇ ਧੁਰ ਅੰਦਰ ਟਿਕੇ ਵਿਸ਼ਵਾਸ ਚਿੱਤਰ ਨੂੰ ਕਵੀ ਨੇ ਆਪਣੀਆਂ ਕਵਿਤਾਵਾਂ ਵਿੱਚ ਬਾਖੂਬੀ ਵਰਤਾਇਆ ਜਿਵੇਂ- ਮਾਏਂ ਮੈਨੂੰ ਅੰਬਰਸਰ ਲੱਗਦਾ ਪਿਆਰਾ, ਹਰਿਮੰਦਰ ਤਾਂ ਸਭ ਦਾ ਸਾਂਝਾ /ਹਿੰਦੂ ਪੇਕੇ ਮੇਰੇ ਸਿੱਖ ਸਹੁਰੇ ਤੇ ਇਸਦੇ ਨਾਲ ਹੀ ਸਹਿਮ ਤੇ ਸੰਕਟ ਭਰਪੂਰ 84 ਦੇ ਦੌਰ ਨੂੰ ਲੋਕਵੇਦੀ ਪਿਰਤ ਰਾਹੀਂ ਕਰਤੇ ਤੋਂ ਜਵਾਬਦੇਹੀ ਮੰਗੀ ਹੈ। "ਚਲ ਬੁੱਲ੍ਹਿਆ ਤੈਨੂੰ ਪਿੰਡੋਂ ਬਾਹਰ ਛੱਡ ਆਵਾਂ ਤੇ ਰਾਤ ਪਈ ਤਾਂ ਸਤਿਗੁਰੂ ਬੈਠੇ ਇਕੋ ਦੀਵਾ ਬਾਲ ਕੇ" ਪੰਜਾਬ ਨੂੰ ਅਨੇਕਾਂ ਵਾਰ ਭੀੜ ਪਈ ਹੈ। ਇਸ ਦਰਦ ਨੂੰ ਸਾਡੀ ਲੋਕਵੇਦੀ ਪਿਰਤ ਅਨੁਸਾਰ ਮਿੱਥਕੀ ਰੱਬ ਨੂੰ ਆਵਾਜਾਂ ਦੇ ਕੇ ਕੋਲ ਬੁਲਾਇਆ ਜਾਂਦਾ ਹੈ।ਜਿਵੇਂ ਨਾਨਕ ਖਸਮ ਨੂੰ ਯਾਦ ਕਰਦਾ ਹੈ; ਰਾਂਝਾ ਪੰਜ ਪੀਰਾਂ ਨੂੰ ਧਿਆਉਂਦਾ ਹੈ; ਮਿਰਜਾ ਸ਼ਿਵ ਜੀ ਮਹਾਰਾਜ ਦੇ ਤਰਲੇ ਕਰਦਾ ਹੈ; ਅਮ੍ਰਿਤ ਕੌਰ ਵਾਰਿਸ ਸ਼ਾਹ ਨੂੰ ਹਾਕਾਂ ਮਾਰਦੀ ਹੈ।

ਕਵੀ ਜਾਣਦਾ ਹੈ ਕਿ ਹੁਕਮਰਾਨ ਇਸ ਜੋਗਾ ਨਹੀਂ ਕਿ ਉਹਦੇ ਨਾਲ ਸੰਵਾਦ ਕੀਤਾ ਜਾ ਸਕੇ। ਪਾਪ ਦੀ ਜੰਝ ਭਾਵੇਂ ਬਾਬਰ ਦੀ ਹੈ;ਭਾਵੇਂ ਇੰਦਰਾਂ ਦੀ;ਉਹਦੀ ਖਸਲਤ ਨਹੀਂ ਬਦਲਦੀ।ਅੰਤ ਨੂੰ ਇਕੋ ਹਸਤੀ ਆਦਿ-ਪੁਰਖ ਹੈ। ਜਿਹਦਾ ਕੋਈ ਅੰਤ ਨਹੀਂ ਪਾ ਸਕਿਆ; ਨਾਨਕ ਵੀ ਨਹੀਂ: ਜੋ ਤਿਸੁ ਭਾਵੈ ਸੋ ਥੀਐ ਨਾਨਕ ਕਿਆ ਮਾਨੁਖ।।

ਹਰਿਭਜਨ ਸਿੰਘ ਆਖਦੇ ਨੇ ਕਿ 1984 ਦਾ ਦੁਖਾਂਤ ਐਸੀ ਘਟਨਾ ਹੈ ਜਿਸਨੂੰ ਪੰਜਾਬੀ ਮਾਨਸਿਕਤਾ ਵਿਚੋਂ ਖਾਰਜ਼ ਕਰਨਾ ਨਾਮੁਮਕਿਨ ਹੈ।ਇਹੋ-ਜਿਹੇ ਵਿਚਾਰ ਸੁਰਜੀਤ ਹਾਂਸ ਵੀ ਦਿੰਦਾ ਹੈ ਕਿ "ਵੱਡੀਆਂ ਘਟਨਾਵਾਂ ਦੇ ਪ੍ਰਭਾਵ ਬੰਦਿਆਂ ਤੇ ਸਾਹਿਤ ਉਤੇ 50 ਵਰ੍ਹਿਆਂ ਤੱਕ ਲਭਦੇ ਰਹਿੰਦੇ ਹਨ।84 ਦੇ ਹਾਲਾਤ ਤਾਂ ਜਾਰੀ ਨੇ।" ਹੁਣ ਇਹ ਕੌਣ ਜਾਣਦਾ ਹੈ ਕਿ ਅਜਿਹੇ ਝਲ ਪੰਜਾਬ ਨੂੰ ਕੱਦ ਤੱਕ ਪੈਂਦੇ ਰਹਿਣਗੇ? ਪ੍ਰੇਮ ਪ੍ਰਕਾਸ਼ ਦਾ ਅਸਵਥਾਮਾ ਹਾਲੇ ਤਾਈ ਪੰਜਾਬ ਦੀ ਧਰਤੀ 'ਤੇ ਹੱਥੀਂ ਮਲ੍ਹਮ ਦਾ ਕਟੋਰਾ ਲੈ ਕੇ ਘੁੰਮ ਰਿਹਾ ਹੈ ਤੇ ਆਪ ਆਪਣੇ ਜਖ਼ਮਾਂ 'ਤੇ ਲਾਉਂਦਾ ਹੋਇਆ ਕਿਸੇ ਰਾਮ ਨੂੰ ਵੀ ਉਡੀਕ ਰਿਹਾ ਹੈ।

Comments

Security Code (required)Can't read the image? click here to refresh.

Name (required)

Leave a comment... (required)

ਕਿਤਾਬਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ