Thu, 13 June 2024
Your Visitor Number :-   7106702
SuhisaverSuhisaver Suhisaver

ਬ੍ਰਹਿਮੰਡੀ ਚੇਤਨਾ ਦਾ ਸਾਹਿਤਕਾਰ: ਰਵਿੰਦਰ ਰਵੀ

Posted on:- 03-02-2013

suhisaver

ਮੁਲਾਕਾਤੀ: ਅਵਤਾਰ ਸਿੰਘ ਬਿਲਿੰਗ

ਰਵਿੰਦਰ ਰਵੀ ਜੋ ਸਾਰੀ ਉਮਰ ਰੰਗੀਨੀਆਂ ਦੀ ਭਾਲ ਵਿੱਚ ਵਿਚਰਿਆ-ਭਟਕਿਆ, ਇੱਕ ਬਹੁਰੰਗੀ ਸ਼ਖ਼ਸੀਅਤ ਦਾ ਮਾਲਕ ਹੈ, ਜਿਹੜਾ ਮਿਲਣ ਆਏ ਨੂੰ ਸਾਰੀਆਂ ਵਿੱਥਾਂ ਉਲੰਘ ਕੇ ਇੱਕਦਮ ਉਸਦਾ ਹਾਣ ਦਾ ਹੋ ਕੇ ਮਿਲ਼ਦਾ ਹੈ। ਮੇਰੇ ਵਰਗੇ ਸੰਕੋਚੀ ਲਈ ਸੂਫ਼ੀ ਅਤੇ ਗੰਭੀਰ! ਮਹਿਫ਼ਲਾਂ ਜਮਾਉਣ ਵਾਲਿਆਂ ਨਾਲ ਪੂਰਾ ਰੰਗੀਲਾ। ਸਾਡੇ ਪੰਜਾਬੀ ਸਾਹਿਤ- ਜਗਤ ਦੀ ਬਾਬਾ ਬੋਹੜ ਹਸਤੀ ਸੰਤ ਸਿੰਘ ਸੇਖੋਂ ਵਾਂਗ ਖੁੱਲ੍ਹ-ਦਿਲਾ ਅਤੇ ਉਦਾਰਚਿੱਤ।

ਉਹ ਸਾਡਾ ਮਨ ਜਿੱਤ ਲੈਂਦਾ ਹੈ। ਅਨੁਭਵ ਪੱਖ ਤੋਂ ਉਸਨੇ ਤਿੰਨ ਚੌਥਾਈ ਦੁਨੀਆਂ ਗਾਹੀ ਹੈ, ਹਰ ਤਰ੍ਹਾਂ ਦੇ ਪ੍ਰਭਾਵ ਨੂੰ ਕਬੂਲਿਆ, ਪਰ ਫੇਰ ਵੀ ਪੰਜਾਬੀਅਤ ਨੂੰ ਬਚਾ ਕੇ ਰੱਖਿਆ ਹੈ। ਆਪਣੀ ਜੀਵਨ ਸਾਥਣ ਕਸ਼ਮੀਰ ਕੌਰ ਅਤੇ ਬੇਟੇ ਅਮ੍ਰਿਤਪਾਲ-ਸਹਿਜਪਾਲ ਦੇ ਭਾਰਤੀ ਸੱਭਿਆਚਾਰ ਦੇ ਅਨੁਸਾਰੀ ਹੋਣ ਉੱਤੇ ਮਾਣ ਮਹਿਸੂਸ ਕਰਦਾ ਪਰ ਭਾਰਤੀ ਜੁਗਾੜ-ਵਿਆਹ ਦੀ ਸੰਸਥਾ ਨੂੰ ਦਿਲ ਖੋਲ੍ਹ ਕੇ ਨਿੰਦਦਾ ਭੰਡਦਾ ਹੈ। ਟਕਸਾਲੀ ਮਾਰਕਸਵਾਦੀ ਫਲਸਫ਼ੇ ਨੂੰ ਸਤਿਕਾਰਦਾ, ਪਰ ਮਾਰਕਸੀ ਪਾਖੰਡਵਾਦ ਨੂੰ ਭਾਂਪਦਿਆਂ ਹੀ ਭੜਕ ਉੱਠਦਾ ਹੈ। ਪੰਜਾਬ, ਕੀਨੀਆ, ਅਮਰੀਕਾ, ਇੰਗਲੈਂਡ, ਫ਼ਰਾਂਸ, ਕੈਨੈਡਾ ਉਹ ਜਿੱਥੇ ਵੀ ਗਿਆ, ਉੱਥੇ ਹੀ ਉਸ ਨੇ ਆਪਣਾ ਸੰਸਾਰ ਸਿਰਜ ਲਿਆ।

ਆਪਣਾ ਦੇਸ ਕਿਆ ਹੈ ਪਿਆਰੇ?

ਆਪਣਾ ਦੇਸ ਤਾਂ ਕੇਵਲ ਮੈਂ ਹਾਂ।

ਉਸਨੇ ਮਨੁੱਖ ਦੇ ਵਿਸ਼ਵਵਿਆਪੀ ਭਾਈਚਾਰੇ, ਮਾਨਸਿਕ ਗੁੰਝਲਾਂ ਤੇ ਨਵੀਨ ਅਨੁਭਵ ਅਨੁਸਾਰ ਲਿਖਿਆ ਹੈ:

ਮੈਂ ਤਾਂ ਇੱਕ ਅਘਰਵਾਸੀ ਹਾਂ, ਚੁੱਕ ਕੇ ਬੁਚਕੀ ਜਦੋਂ ਤੁਰਾਂਗਾ

ਖੁੱਲ੍ਹਣਗੇ ਸੜਕਾਂ ਦੇ ਦੁਆਰ!

ਮੈਂ ਰਾਵਣ ਦਾ ਦਸਵਾਂ ਸਿਰ ਹਾਂ, ਮੈਂ ਹੀ ਰਾਮ ਅਵਤਾਰ!   

ਉਸ ਨੇ ਨੌਂ ਕਹਾਣੀ ਸੰਗ੍ਰਹਿ, ਬਾਰ੍ਹਾਂ ਕਾਵਿ ਨਾਟਕ, ਅਠਾਰਾਂ ਕਾਵਿ ਸੰਗ੍ਰਹਿ, ਇੱਕ ਸਫ਼ਰਨਾਮਾ, ਦੋ ਆਤਮਕਥਾ, ਚਾਰ ਆਲੋਚਨਾ ਦੀਆਂ ਪੁਸਤਕਾਂ ਸਿਰਜਦਿਆਂ ਨਵੀਨ ਤਜਰਬਿਆਂ ਨੂੰ ਆਪਣੇ ਸਾਹਿਤ ਦਾ ਹਿੱਸਾ ਬਣਾ ਕੇ, ਨਵੀਂ ਭਾਸ਼ਾ, ਸਵੈ-ਸਿਰਜੇ ਨਵੇਂ ਸ਼ਬਦਾਂ ਤੇ ਚਿੰਨ੍ਹਾਂ ਰਾਹੀਂ ਬੜੀ ਬੇਬਾਕੀ ਨਾਲ ਪੰਜਾਬੀ ਵਿੱਚ ਪ੍ਰਗਟਾਉਣ ਦੀ ਹਿੰਮਤ ਵੀ ਕੀਤੀ ਹੈ।

ਕੁਲਵੰਤ ਸਿੰਘ ਵਿਰਕ ਅਨੁਸਾਰ ਉਹ ਜਿੱਥੇ ਵੀ ਗਿਆ, ਉੱਥੇ ਦੇ ਲੋਕਾਂ ਵਿੱਚ ਰਚ-ਮਿਚ ਕੇ ਵਿਚਰਿਆ ਹੈ। ਵੱਡੇ ਛੇੜ ਵਿੱਚ ਆਈ ਨਵੀਂ ਮੱਝ-ਗਾਂ ਵਾਂਗ ਉਹ ਕੰਧ ਨਾਲ ਲੱਗ ਕੇ ਨਹੀਂ ਖਲੋਤਾ ਰਿਹਾ। ਇਸ ਲਈ ਉਦਰੇਵੇਂ ਦਾ ਥਾਂ ਉਸਦੇ ਸਾਹਿਤ ਵਿੱਚ ਬਾਹਰਲੇ ਦੇਸ਼ਾਂ ਦੇ ਇਸਤਰੀ-ਮਰਦ ਜਿਊਂਦੇ-ਵਸਦੇ, ਪੰਜਾਬੀ ਪਾਤਰਾਂ ਨਾਲ ਖਹਿੰਦੇ-ਵਿਚਰਦੇ ਨਜ਼ਰ ਆਉਂਦੇ ਹਨ। ਉਸਦੀਆਂ ਕਹਾਣੀਆਂ ਸਮੁੱਚੀ ਮਨੁੱਖਤਾ ਨਾਲ ਸੰਬੰਧ ਰਖਦੀਆਂ ਹਨ। ਡਾ. ਰਘਬੀਰ ਸਿੰਘ ਸਿਰਜਣਾ ਦੇ ਸ਼ਬਦਾਂ ਵਿੱਚ ‘‘ਰਵੀ ਬਹੁ-ਪੱਖੀ ਪ੍ਰਤਿਭਾ ਵਾਲਾ ਲੇਖਕ ਹੈ ਜਿਸਨੇ ਪੰਜਾਬੀ ਕਹਾਣੀ ਨੂੰ ਅਜਿਹਾ ਵਿਸ਼ੈਗਤ ਪਾਸਾਰ ਦਿੱਤਾ ਹੈ ਜਿਸ ਵਿੱਚ ਪੰਜਾਬੀ ਸਾਹਿਤ-ਜਗਤ ਆਪਣੇ ਸੀਮਤ ਜਿਹੇ ਭੌਂਖੰਡ ਤੋਂ ਫੈਲ ਕੇ ਸਮੱਚੀ ਧਰਤੀ ਦੇ ਜੀਵਨ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੈ। ’’ ਸੰਤ ਸਿੰਘ ਸੇਖੋਂ, ਕਰਤਾਰ ਸਿੰਘ ਦੁੱਗਲ, ਹਰਿਭਜਨ ਸਿੰਘ, ਗੁਰਚਰਨ ਸਿੰਘ, ਕਿਰਪਾਲ ਸਿੰਘ ਕੇਸਲ ਵਰਗੇ ਆਲੋਚਕਾਂ-ਸਾਹਿਤਕਾਰਾਂ ਨੇ ਉਸਦੇ ਸਿਰਜੇ ਨਵੇਂ ਬਹਾਦਰ ਸੰਸਾਰ ਨੂੰ ਸਲਾਹਿਆ ਹੈ।

ਪ੍ਰੋ: ਪਿਆਰਾ ਸਿੰਘ ਗਿੱਲ-ਮਾਤਾ ਚਰਨਜੀਤ ਕੌਰ ਦੇ ਘਰ 1937 ਵਿੱਚ ਸਿਆਲਕੋਟ ਵਿਖੇ ਜਨਮੇ, ਜਗਤਪੁਰ (ਨਵਾਂਸ਼ਹਿਰ) ਵਿੱਚ ਪ੍ਰਵਾਨ ਚੜੇ, ਲਗਭਗ ਅੱਧੀ ਸਦੀ ਤੋਂ ਸੱਤ ਸਮੁੰਦਰੋਂ ਪਾਰ ਕੈਨੇਡਾ ਟੈਰਸ ਵਿੱਚ ਵਸਦੇ ਇਸ ਸਰਬਾਂਗੀ ਸਾਹਿਤਕਾਰ ਨੇ ਆਪਣੇ ਆਪ ਨੂੰ ਹਮੇਸ਼ਾ ਪੰਜਾਬੀ ਸਾਹਿਤ ਦੀ ਮੁੱਖ ਧਾਰਾ ਨਾਲ ਜੋੜੀ ਰੱਖਿਆ ਹੈ। ਉਸਦਾ ਸਾਹਿਤ ਸਮੋਂ ਤੋਂ ਅੱਗੇ ਤੁਰਦਾ, ਕਦੇ ਕਦਾਈਂ ਰੂੜੀਵਾਦੀ ਰੂਚੀਆਂ ਦਾ ਨਿਸ਼ਾਨਾ ਵੀ ਬਣਦਾ ਰਹਿੰਦਾ ਹੈ। ਪੇਸ਼ ਹਨ ਪਿੱਛੇ ਜਿਹੇ ਵੈਨਕੂਵਰ ਵਿੱਚ ਉਸ ਨਾਲ ਕੀਤੀ ਇੱਕ ਮੁਲਾਕਾਤ ਦੇ ਕੁਝ ਅੰਸ਼:

 

ਸਵਾਲ? ਰਵੀ ਸਾਹਿਬ! ਆਪਣੇ ਬਚਪਨ ਬਾਰੇ ਕੋਈ ਅਜਿਹੀ ਗੱਲ ਦੱਸੋ ਜਿਹੜੀ ਕਿਸੇ ਝਿਜਕ ਕਾਰਨ ਪਹਿਲਾਂ ਕਿਧਰੇ ਨਹੀਂ ਦੱਸ ਸਕੇ?

ਜਵਾਬ: ਝਿਜਕ ਤਾਂ ਮੈਨੂੰ ਕਦੇ ਵੀ ਨਹੀਂ ਹੋਈ, ਅਵਤਾਰ ਜੀ! ਬਚਪਨ ਚ ਮੇਰੇ ਘੁੰਗਰਾਲੇ ਵਾਲ ਹੁੰਦੇ ਸੀ। ਸਿਰ ਚ ਫੋੜੇ ਹੋ ਜਾਣ ਕਾਰਨ ਹਕੀਮ ਨੇ ਸਿਰ ਮੁੰਨ ਕੇ ਟਿੰਡ ਬਣਾ ਦਿੱਤੀ ਅਤੇ ਲਾਲ ਦਵਾਈ ਲਾ ਦਿੱਤੀ। ਵਾਲਾਂ ਤੋਂ ਬਗੈਰ ਆਪਣੇ ਆਪ ਨੂੰ ਪਹਿਲੀ ਵਾਰ ਵੇਖ ਕੇ ਬੜਾ ਰੋਇਆ। ਰਾਜ਼ੀ ਹੋਇਆ ਤਾਂ ਗੱਲ ਆਈ ਗਈ ਹੋ ਗਈ। ਸੰਤਾਲ਼ੀ ਤੋਂ ਬਾਅਦ ਅਸੀਂ ਸਿਆਲਕੋਟ ਤੋਂ ਜੱਦੀ ਪਿੰਡ ਜਗਤਪੁਰ ਆਏ ਤਾਂ ਮੈਨੂੰ ਦੇਖ ਕੇ ਹੈਰਾਨੀ ਹੋਈ ਕਿ ਮੇਰੀ ਮਾਂ ਮੇਰੇ ਉਹ ਲੰਬੇ ਵਾਲ਼, ਮੇਰੀਆਂ ਤੇ ਮੇਰੇ ਭਰਾ ਜੰਗ ਬਹਾਦਰ ਦੀਆਂ ਛੋਟੀਆਂ ਪੁਸ਼ਾਕਾਂ ਇੱਕ ਸੰਦੂਕੜੀ ਜਿਹੀ ਚ ਸੰਭਾਲ ਕੇ ਕੀਮਤੀ ਅਮਾਨਤ ਵਾਂਗ ਨਾਲ ਲੈ ਆਈ ਸੀ ਜਿਸ ਤੋਂ ਮੈਨੂੰ ਇੱਕ ਮਾਂ ਦੀ ਬੱਚਿਆਂ ਲਈ ਡੂੰਘੀ ਮਮਤਾ ਦਾ ਅਹਿਸਾਸ ਹੋਇਆ

ਮੋਹ ਮਾਇਆ ਦੇ ਕਈ ਸਿਰਨਾਵੇਂ, ਮਾਂ ਦਾ ਇੱਕ ਸਿਰਨਾਵਾਂ!

ਸਵਾਲ? ਪੰਜਾਬੀ ਯੂਨੀਵਰਸਿਟੀ ਵੱਲੋਂ ਛਪੀ ਤੁਹਾਡੀ ਸਵੈ-ਜੀਵਨੀ ਮੇਰਾ ਜੀਵਨ-ਮੇਰਾ ਸਾਹਿਤ ਅਨੁਸਾਰ ਤੁਹਾਡਾ ਜੀਵਨ ਸਦਾ ਵਿਰੋਧੀ ਜੁੱਟਾਂ ਦਾ ਮੇਲ ਰਿਹਾ ਹੈ। ਉਹ ਕਿਵੇਂ ਜੀ?

ਜਵਾਬ: ਪਹਿਲਾ ਵਿਰੋਧੀ-ਜੁੱਟ ਮੇਰਾ ਨਾਉਂ ਹੈ - ਰਵਿੰਦਰ! ਜੋ ਰਵੀ ਤੇ ਇੰਦਰ ਦਾ ਸਮਾਸ ਹੈ। ਸੂਰਜ ਤੇ ਵਰਖਾ ਦਾ ਵਿਰੋਧ। ਅੱਗੇ ਦੇਖੋ! ਰਹਿੰਦੇ ਅਸੀਂ ਵੱਡੇ ਸ਼ਹਿਰ ਸਿਆਲਕੋਟ ਵਿੱਚ ਸੀ। ਛੁੱਟੀਆਂ ਕੱਟਣ ਪੱਛੜੇ ਪਿੰਡ ਜਗਤਪੁਰ ਆਉਂਦੇ। ਸ਼ਹਿਰੋਂ ਆ ਕੇ ਪਿੰਡ ਦੀਆਂ ਰੂੜੀਆਂ-ਪਹਿਆਂ ਚ ਖੇਡਣਾ! ਉੱਥੇ ਜੰਮੇ ਅੰਬ ਪੁੱਟ ਕੇ, ਗੁੱਠਲੀਆਂ ਘਸਾ ਕੇ ਪੀਪਨੀਆਂ ਬਣਾਉਣੀਆਂ! ਰੇਲ ਗੱਡੀ ਬਨਾਮ ਗੱਡੇ ਦਾ ਸਫ਼ਰ! ਸ਼ਹਿਰੀ ਪੁਸ਼ਾਕ ਬਨਾਮ ਨੰਗੇ ਪੈਰ। ਕੁਦਰਤ ਵਾਂਗ ਸਭ ਵਿਰੋਧੀ ਜੁੱਟ ਹੀ ਤਾਂ ਸਨ।

ਸਵਾਲ? ਸਭ ਤੋਂ ਵੱਧ ਖੁਸ਼ ਕਦੋਂ ਹੁੰਦੇ ਹੋ?

ਜਵਾਬ:  ਜਦੋਂ ਕੋਈ ਰਚਨਾ ਹੋ ਜਾਵੇ। ਅੱਜ ਕੱਲ ਜੇ ਕੋਈ ਮੇਰਾ ਨਾਟਕ ਖੇਡ ਦੇਵੇ, ਜਿਵੇਂ ਹੁਣੇ ਪੰਜ ਜੁਲਾਈ ਨੂੰ ਕੇਵਲ ਧਾਲੀਵਾਲ ਅਮ੍ਰਿਤਸਰ ਵਿਖੇ ਚੱਕਰਵਿਊ ਤੇ ਪਿਰਾਮਿਡ ਖੇਡ ਰਿਹਾ ਹੈ। ਉਦੋਂ ਤਾਂ ਆਨੰਦ ਆ ਜਾਂਦੈ। ਸ਼ਾਮ ਨੂੰ ਜਦੋਂ ਕਿਤੇ ਮਿੱਤਰਾਂ ਦੀ ਮਹਿਫਲ ਸਜੀ ਹੋਵੇ, ਜੰਗਲ਼ ਚ ਮੰਗਲ਼ ਹੋ ਜਾਂਦੈ।

ਸਵਾਲ? ਕੀ ਤੁਸੀਂ ਰੱਬ ਨੂੰ ਸੱਚੀਓਂ ਨਹੀਂ ਮੰਨਦੇ? ਫੇਰ ਕਵਿਤਾ ਵਿੱਚ ਰੇਖਾਵਾਂ, ਸਬੱਬ ਦਾ ਜ਼ਿਕਰ ਵਾਰ ਵਾਰ ਕਿਉਂ?

ਜਵਾਬ: ਉਹ ਪ੍ਰਤੀਕ ਵਜੋਂ ਹੈ। ਦੇਖੋ ਜੀ, ਤੁਸੀਂ ਅੰਗਰੇਜ਼ੀ ਦੀ ਐੱਮ.ਏ. ਕੀਤੀ ਹੈ, ਤੁਹਾਨੂੰ ਪਤਾ ਹੀ ਹੌਣੈਂ ਕਿ ਜੀਵਨ ਵਿੱਚ ਬੜਾ ਕੁੱਝ ਮਨੁੱਖ ਦੀ ਸਮਝ ਅਤੇ ਕਿਆਫਿਆਂ ਤੋਂ ਪਰੇ ਵੀ ਹੈ। ਪਰ ਸ਼ਬਦ ਨੂੰ ਬਣਾਉਣ ਵਾਲਾ ਇੱਕੋ ਇੱਕ ਜਾਨਵਰ ਮਨੁੱਖ ਹੈ ਜਿਸ ਕੋਲ ਸੋਚ, ਬੁੱਧੀ ਅਤੇ ਭਾਸ਼ ਹੈ

ਮੇਰੇ ਬੀਜ ਵਿੱਚ ਬ੍ਰਹਮ-ਬ੍ਰਹਿਮੰਡ, ਮੇਰੇ ੱੰਦਰ ਸੂਰਜ-ਤਾਰੇ

ਮੈਨੂੰ ਕੱਢ ਕੇ ਮੇਰੀ ਗੁਫਾ ਚੋਂ, ਮੇਰੀ ਅੰਬਰੀਂ ਪੀਂਘ ਚੜ੍ਹਾ ਦੇ

ਮੈਂ ਕਾਲ-ਮੁਕਤ ਇੱਕ ਲੋਚਾ

ਸੋਚ ਦੀ ਨਿਰੰਤਰਤਾ ਦੀ ਗੱਲ ਹੈ।

ਸਵਾਲ? ਕੀ ਤੁਹਾਡਾ ਸੁਭਾਅ ਸ਼ੁਰੂ ਤੋਂ ਹੀ ਚੰਚਲ ਤੇ ਰਸੀਲਾ ਸੀ ਜਿਹੜੇ ਸਰਦਾਰਨੀ ਕਸ਼ਮੀਰ ਕੌਰ ਨਾਲ ਮੰਗਣਾ ਹੋਏ ਤੋਂ ਵੀ ਕਿਸੇ ਲੇਡੀ-ਟੀਚਰ-ਸਹੇਲੀ ਨਾਲ ਪੀਂਘਾਂ ਝੂਟਦੇ ਰਹੇ, ਹਾਲਾਂਕਿ ਉਹ ਸਮਾਂ ਮੰਗੇਤਰ ਨਾਲ ਸੰਭਾਵੀ ਵਸਲ ਦੀ ਉਡੀਕ ਦਾ ਹੁੰਦੈ?

ਜਵਾਬ: ਉਹ ਜ਼ਮਾਨਾ ਸੀ ਜਦੋਂ ਪਤਨੀ ਦੇ ਦਰਸ਼ਨ ਵਿਆਹ ਤੋਂ ਬਾਅਦ ਕਰਦੇ ਸੀ। ਵਿਆਹ ਤੋਂ ਕਈ ਸਾਲ ਪਿੱਛੋਂ ਮੁਕਲਾਵਾ, ਫੇਰ ਤਰੌਜਾ ਆਉਣ ਤੋਂ ਮਗਰੋਂ ਲੰਬਾ ਚੱਕਰ ਸੀ। ਏਥੇ ਨਵੀਂ ਅਣਲਿਖੀ ਗੱਲ ਇਹ ਹੈ ਕਿ ਅੱਠਵੀਂ ਚ ਪੜਦਿਆਂ ਮੇਰੀ ਮੰਗਣੀ ਹੋ ਗਈ। ਬਾਬੇ ਸਾਡੇ ਨੂੰ ਇੱਕ ਵਿਚੋਲਾ ਚੱਕਰ ਗਿਆ, ਉਸਨੇ ਦੱਸਿਆ, ਕੁੜੀ ਦੇ ਪਿਓ ਨੂੰ ਚੰਗੀ ਜ਼ਮੀਨ ਹੈ, ਨੰਬਰਦਾਰ ਹੈ, ਤਾਂ ਸ਼ਕਰ ਦੀ ਮੁੱਠ, ਪੰਜ ਛੁਹਾਰੇ, ਇੱਕ ਰੁਪਿਆ ਪਾ ਕੇ ਮੇਰੀ ਮੰਗਣੀ ਘਰੇ ਹੋ ਗਈ। ਕੋਈ ਗਿਆਨ ਨਹੀਂ, ਵਿਆਹ ਦੇ ਸੰਕਲਪ ਦੀ ਸੋਝੀ ਨਹੀਂ, ਬੱਸ ਬਾਬੇ ਨੇ ਜੁਗਾੜ ਬੰਨ੍ਹ ਤਾ!

ਸਵਾਲ? ਜੇ.ਬੀ.ਟੀ. ਟੀਚਰ ਤੁਸੀਂ ਕਦੋਂ ਲੱਗੇ ਸੀ?

ਜਵਾਬ: ਇਹ ਤਾਂ ਬਾਅਦ ਦੀਆਂ ਗੱਲਾਂ ਨੇ ਜੀ। ਮੈਂ ਕਾਲਿਜ ਗਿਆ। ਤਿੰਨ ਵਾਰੀ ਐੱਫ.ਐੱਸ. ਸੀ. ਚੋਂ ਫੇਲ੍ਹ ਹੋਇਆ। ਫੇਰ ਕੋਰਸ! ਮੈਂ 1956 ਚ ਟੀਚਰ ਲੱਗਾ ਸਾਂ। ਅੱਠ ਵਰ੍ਹੇ ਮੈਂ ਆਪਣੇ ਪਿੰਡ ਜਗਤਪੁਰੇ ਹੀ ਪੜ੍ਹਾਇਆ ਹੈ।

ਸਵਾਲ? ਪ੍ਰੋ. ਪਿਆਰਾ ਸਿੰਘ ਗਿੱਲ ਦੇ ਸਪੁੱਤਰ ਹੋ ਕੇ ਤੁਹਾਡਾ ਸਿਰਫ ਜੇ.ਬੀ.ਟੀ. ਟੀਚਰ ਬਣਨਾ ਮੈਨੂੰ ਬਹੁਤ ਅਜੀਬ ਲੱਗਿਆ ਹੈ। ਕੀ ਇਸ ਵਿੱਚ ਵੀ ਤੁਹਾਡੀ ਅਵਾਰਾਗਰਦੀ ਦਾ ਦਖਲ ਤਾਂ ਨਹੀਂ ਸੀ?

ਜਵਾਬ: ਇਹਦੇ ਚ ਕਈ ਦਖਲ ਨੇ ਬਿਲਿੰਗ ਜੀ। ਵੱਡਾ ਕਾਰਨ ਤਾਂ ਇਹ ਸੀ ਕਿ ਸਾਇੰਸ ਵਿੱਚ ਮੇਰੀ ਦਿਲਚਸਪੀ ਨਹੀਂ ਸੀ। ਮੇਰਾ ਬਾਪੂ ਮੈਨੂੰ ਡਾਕਟਰ ਬਣਾਉਣਾ ਲੋਚਦਾ ਸੀ। ਵਿਸ਼ੇ ਦੀ ਗ਼ਲਤ ਚੋਣ ਅਸਲ ਕਾਰਨ ਸੀ। ਸੁਭਾਅ ਤੋਂ ਉਲਟ ਵਿਸ਼ੇ ਲੈ ਕੇ ਬੱਚਾ ਚੱਲ ਹੀ ਨਹੀਂ ਸਕਦਾ। ਦੂਜੇ ਮੈਨੂੰ ਫਿਲਮਾਂ ਦਾ ਸ਼ੌਂਕ ਸੀ। ਅਵਾਰਾਗ਼ਰਦੀ ਉਦੋਂ ਏਹੀ ਸ਼ੌਂਕ ਹੁੰਦਾ ਸੀ, ਇਸ਼ਕ-ਮੁਸ਼ਕ ਘੱਟ ਹੀ ਹੁੰਦੇ। ਇੱਕ ਤਰਫਾ ਇਸ਼ਕ ਜਾਂ Platonic Love ਹੀ ਹੁੰਦਾ ਜੋ ਮੈਂ ਵੀ ਕੀਤਾ।

ਸਵਾਲ? ਪਰ ਲੇਡੀ-ਟੀਚਰ ਵਾਲਾ ਇਸ਼ਕ ਤਾਂ ਅਸਲੀ ਸੀ?

ਜਵਾਬ: ਪੂਰਾ! ਉਸਨੂੰ ਵੀ ਲਿਖਣ ਦਾ ਸ਼ੌਂਕ ਸੀ। ਨਿਰਦੋਸ਼ ਤਖ਼ੱਲਸ ਹੇਠ ਕਵਿਤਾ ਲਿਖਦੀ। ਬੜਾ ਹੀ ਗਰਮ ਤੇ ਜੰਗਲ਼ੀ ਕਿਸਮ ਦਾ ਇਸ਼ਕ ਸੀ ਸਾਡਾ।

ਸਵਾਲ? ਤੁਸੀਂ ਲਿਖਿਐ ਕਿ ਸਾਰੀ ਉਮਰ ਤੁਸੀਂ ਆਪਣੇ ਅੰਦਰਲੀ ਔਰਤ ਦੀ ਭਾਲ ਵਿੱਚ ਰੂਹਾਂ, ਹੁਸਨਾਂ ਦੇ ਵਣਾਂ ਵਿੱਚ ਭਟਕਦੇ ਰਹੇ ਹੋ। ਕੀ ਇਹ ਤਲਾਸ਼ ਤੁਹਾਡੇ ਵਿਆਹੁਤਾ ਜੀਵਨ ਚ ਅੜਿਕਾ ਤਾਂ ਨਹੀਂ ਬਣੀ?

ਜਵਾਬ: ਮੈਂ ਘੱਟ ਕੋਈ ਨਹੀਂ ਗੁਜ਼ਾਰੀ ਪਰ ਕਸ਼ਮੀਰ ਕੌਰ ਦੇ ਸੰਸਕਾਰ ਹੀ ਅਜਿਹੇ ਸਨ ਜਿਹੜੀ ਇਹ ਤਲਾਸ਼ ਅੜਿੱਕਾ ਨਹੀਂ ਬਣੀ। ਜੇ ਜ਼ਿੰਦਗੀ ਵਿੱਚ ਮਾੜੀ ਮੋਟੀ ਟੈਨਸ਼ਨ ਨਾ ਹੋਵੇ, ਕਾਊਂਟਰ ਟੈਨਸ਼ਨ ਨਾ ਹੋਵੇ ਤਾਂ ਜਿੰਦਗੀ ਨੀਰਸ ਹੋ ਜਾਂਦੀ ਹੈ। ਇਹ ਥੋੜੀ ਆਉਣੀ ਚਾਹੀਦੀ ਹੈ, ਸਾਡੇ ਵਿੱਚ ਵੀ ਆਈ, ਆਉਂਦੀ ਰਹੀ। ਕੁਝ ਜੀਵਨ ਦਾ ਕਰੂਰ ਯਥਾਰਥ ਸੀ-ਮੇਰਾ ਕੀਨੀਆ ਵਿਖੇ ਅੱਠ ਸਾਲ ਇਕੱਲੇ ਰਹਿਣਾ-ਆਰਥਿਕ ਕਾਰਨ ਵੀ ਸੀ। ਇੰਡੀਆ ਵਿੱਚ ਰਹਿ ਕੇ 244/- ਰੁਪਏ ਵਿੱਚ ਗੁਜ਼ਾਰਾ ਕਰਨਾ। ਏਹੀ ਬੰਦਾ ਜਦੋਂ ਏਸੇ ਯੋਗਤਾ ਨਾਲ ਕੀਨੀਆ ਆ ਜਾਂਦੈ ਤਾਂ ਤਨਖਾਹ 1621 ਰੁਪਏ ਤੇ ਖਰਚਾ ਬਹੁਤ ਥੋੜ੍ਹਾ। ਸੋ ਏਥੇ ਜੋ ਮਰਜ਼ੀ ਕਰਨ ਦੀ ਖੁੱਲ੍ਹ ਸੀ। ਮੈਂ ਤਾਂ ਫੈਂਟਸੀ ਵਾਂਗ ਜੀਵਿਆ ਹੈ। ਇਹ ਸੋਚਦਾ ਕਿ ਕਿੱਥੇ ਗਲਤ ਮੁਲਕ ਪੈਦਾ ਹੋ ਗਏ ਜਿੱਥੇ ਇੱਕ ਤੀਵੀਂ ਸਾਰੀ ਉਮਰ ਲਈ ਗਲ਼ ਬੰਨ੍ਹ ਕੇ ਬਹਿ ਗਏ...

ਸਵਾਲ? ਤੁਸੀਂ ਵਿਆਹ ਦੀ ਸੰਸਥਾ ਨਾਲ ਸੰਤੁਸ਼ਟ ਨਹੀਂ ਸੀ?

ਜਵਾਬ: ਮੇਰਾ ਤਾਂ ਬੁੜ੍ਹਿਆਂ ਨੇ ਜੁਗਾੜ ਬੰਨ੍ਹ ਤਾ ਸੀ। ਮੇਰੀ ਮਰਜ਼ੀ ਨਾਲ ਵਿਆਹ ਥੋੜੈ ਹੋਇਆ?

ਸਵਾਲ? ਫੇਰ ਵੀ ਤੁਸੀਂ ਵਿਆਹ ਬੰਧਨ ਤੋਂ ਮੁਕਤ ਕਿਉਂ ਨਹੀਂ ਹੋਏ, ਜਿਵੇਂ ਕਈ ਪਰਵਾਸੀ ਲੇਖਕਾਂ ਨੇ ਜੁਗਾੜ ਵਾਲਾ ਜੂਲ਼ਾ ਪਰ੍ਹਾਂ ਵਗਾਹ ਮਾਰਿਆ?

ਜਵਾਬ: ਧੇਖੋ ਜੀ, ਉਸ ਟੀਚਰ ਕੁੜੀ ਨੇ ਮੇਰੇ ਸਹੁਰੇ ਪਿੰਡ ਚਿੱਠੀ ਪਾ ਦਿੱਤੀ ਕਿ ਉਹ ਕਸ਼ਮੀਰ ਨੂੰ ਕਿਧਰੇ ਹੋਰ ਮੰਗ ਦੇਣ। ਮੇਰੇ ਤੇ ਪਰੈਸ਼ਰ ਪੈਣ ਲੱਗਿਆ। ਮੈਂ ਆਪਣੇ ਬਾਬਾ ਜੀ ਜਵਾਲਾ ਸਿੰਘ ਨੂੰ ਬਹੁਤ ਪਿਆਰ ਕਰਦਾ ਸੀ, ਉਹਨਾਂ ਦੀ ਗੱਲ ਨਹੀਂ ਮੋੜ ਸਕਿਆ। ਅੱਛਾ, ਸ਼ਾਦੀ ਮੇਰੀ 1960 ਚ ਹੋਈ, 1962 ਵਿੱਚ ਵੱਡਾ ਲੜਕਾ, 1967 ਵਿੱਚ ਦੂਜਾ ਬੇਚਾ ਪੈਦਾ ਹੋ ਗਿਆ। ਉਦੋਂ ਹੀ ਮੈਂ ਕੀਨੀਆ ਜਾ ਉੱਤਰਿਆ, ਜਿੱਥੇ ਵਿਆਹ ਦਾ ਸੰਕਲਪ ਹੀ ਹੋਰ ਸੀ- ਮਨ ਮਿਲ਼ਦੇ ਹਨ ਜੁੜੇ ਰਹੋ, ਨਹੀਂ ਤਾਂ ਭੋਡਾਂ ਬਕਰੀਆਂ ਦੇ ਪੈਸੇ ਮੋੜੋ, ਹੋਰ ਸਾਥੀ ਲੱਭ ਲਓ। ਸ਼ਾਦੀ ਸਾਰੀ ਉਮਰ ਲਈ ਬੰਧਨ ਨਹੀਂ ਬਣਦੀ...ਮੈਨੂੰ ਵਿਆਹ ਦੇ ਮੋਕੇ ਬਹੁਤ ਜੁੜੇ ਪਰ ਮੈਂ ਕਿਸੇ ਨੂੰ ਹਾਂ ਨਹੀਂ ਸੀ ਕੀਤੀ। ਸੰਸਕਾਰ ਕਹਿ ਲਓ। ਮੇਰੇ ਪਿਤਾ ਜੀ ਨੇ ਕਿਹਾ ਸੀ, ਤੂੰ ਜਿਵੇਂ ਮਰਜ਼ੀ ਰਹਿ ਪਰ ਪਰਿਵਾਰ ਤੇ ਬੱਚਿਆਂ ਨੂੰ ਨਾਲ ਲੈ ਜਾਹ। ਸਾਡਾ ਟੋਕਣ ਦਾ ਹੱਕ ਨਾ ਖੋਹਵੋ, ਕਰੋ ਜੋ ਮਰਜ਼ੀ। ਗਰ ਵਿੱਚ ਵੀ ਮੇਰਾ ਏਹੋ ਸਮਝੋਤਾ ਸੀ।

ਸਵਾਲ? ਜਿਵੇਂ ਤੁਹਾਡੀ ਕਹਾਣੀ ਪਿੱਠ ਦੀ ਸਾਂਝ ਦੇ ਪਾਤਰਾਂ ਵਿਚਕਾਰ ਹੋ ਜਾਂਦਾ ਹੈ?

ਜਵਾਬ: ਹਾਂ ਜੀ! ਉਹ ਕਹਾਣੀ ਅਸਲ ਚ ਮੈਂ ਕੀਨੀਆ ਦੇ ਕਿਕਯੂ ਕਬੀਲੇ ਦੇ ਵਿਆਹ ਦੀਆਂ ਰੀਤਾਂ ਸੰਬੰਧੀ ਲਿਖੀ ਸੀ ਜਿੱਥੇ ਵਿਆਹ ਤੋਂ ਪਹਿਲਾਂ ਔਰਤ ਤੇ ਮਰਦ ਦੋਹਾਂ ਲਈ ਭੋਗਲਿਾਸ ਦੇ ਦਰ ਖੁੱਲ੍ਹੇ ਸਨ। ਵਿਆਹ ਤੋਂ ਬੈਅਦ ਸਿਰਫ ਔਰਤ ਲਅਈ ਸਾਰੇ ਦਰਵਾਜ਼ੇ ਬੰਦ ਹੋ ਜਾਂਦੇ, ਪਰ ਮਰਦ ਦੀ ਆਵਾਰਾਗ਼ਰਦੀ ਜਾਰੀ ਰਹਿੰਦੀ। ਔਰਤ ਦੇ ਵਿਆਹ ਦਾ ਮੁੱਲ ਮਰਦ ਨੂੰ ਭੇਡਾਂ-ਬਕਰੀਆਂ ਦੇ ਰੂਪ ਵਿੱਚ ਤਾਰਨਾ ਪੈਂਦਾ। ਜਦੋਂ ਉੱਥੋਂ ਦੀ  ਔਰਤ ਪੜ੍ਹ-ਲਿਖ ਗਈ ਤਾਂ ਉੱਥੇ ਮਰਦ ਨੂੰ ਮਿਲ਼ੀ ਇਹ ਸਮਾਜਕ ਰਿਆਇਤ ਔਰਤ ਨੂੰ ਖਟਕਣ ਲੱਗ ਪਈ। ਕਹਾਣੀ ਵਿੱਚ ਨੌਬਤ ਤਲਾਕ ਤੱਕ ਆ ਗਈ ਤਾਂ ਉਸ ਜੋੜੇ ਦੇ ਜਵਾਕ ਦੋਹਾਂ ਦੀਆਂ ਪਿੱਠਾਂ ਵਿਚਕਾਰ ਆ ਖੜੋਤੇ, ਉਹ ਇੱਕ ਦੂਜੇ ਨਾਲੋਂ ਟੁੱਟ ਹੀ ਨਾ ਸਕੇ।

ਸਵਾਲ? ਜਲੰਧਰ ਦੇ ਕੌਫੀ ਹਾਊਸ਼ ਚ ਮਿਲਦੇ ਰਹੇ ਤੁਹਾਡੇ ਯਾਰ ਬੇਲੀ ਤੁਹਾਡੀ ਪਰਵਾਸ ਬਾਰੇ ਲਿਖੀ ਪਹਿਲੀ ਕਹਾਣੀ ਦੇ ਇੱਕ ਪਾਤਰ ਚਾਚੇ ਵਾਂਗ- ਖਾਓ-ਪੀਓ ਐਸ਼ ਕਰੋ ਮਿੱਤਰੋ ਦੀ ਫਿਲਾਸਫੀ ਦੇ ਧਾਰਨੀ ਸਨ। ਕੀ ਕੋਈ ਅਜਿਹੇ ਜਿਗਰੀ ਯਾਰ ਵੀ ਮਿਲ਼ੇ ਜੋ ਪਦਾਰਥ ਦੀ ਭੁੱਖ ਤੋਂ ਬਗ਼ੈਰ ਲੰਬਾ ਸਮਾਂ ਨਾਲ ਨਿਭੇ ਹੋਣ?

ਜਵਾਬ: ਪਹਿਲੀ ਗੱਲ ਕਹਾਣੀ ਬਾਰੇ ਕਰੀਏ। ਇਸ ਕਹਾਣੀ ਦਾ ਮੁੱਖ ਪਾਤਰ ਬੜਾ ਮਾਯੂਸ ਹੈ ਜਿਸਦੇ ਪਿਤਾ ਨੂੰ ਸਮੁੰਦਰ ਨੇ ਨਿਗਲ ਲਿਆ ਸੀ, ਸਮੁੰਦਰੀ ਸਫ਼ਰ ਦੇ ਦੌਰਾਨ। ਉਹ ਮੌਤ-ਭੈਅ ਨਾਲ ਜੂਝ ਰਿਹਾ ਮਰਨਾ ਚਾਹੁੰਦਾ ਹੈ। ਉਸਦੀ ਧਾਰਨਾ ਹੈ ਕਿ ਇਹ ਜੀਵਨ ਜਾਂ ਸੰਸਾਰ ਕਿਸੇ ਦਾ ਨਹੀਂ। ਇਹ ਨੋ ਮੈਨਜ਼ ਲੈਂਡ ਹੈ। ਕਹਾਣੀ ਦਾ ਨਾਂ ਹੈ- ਐਵਰੀ ਮੈਨਜ਼ ਵਾਟਰ- ਮੈਂ ਉਸਦੇ ਸਮਾਨਅੰਤਰ ਇਹ ਨਵੀਂ ਧਾਰਨਾ ਪੇਸ਼ ਕੀਤੀ ਕਿ ਜ਼ਿੰਦਗੀ ਨਾਲ ਜੁੜਨਾ ਕਿਵੇਂ ਹੈ। ਮੋਤ ਤੋਂ ਪਹਿਲਾਂ ਮਰਨਾ ਨਹੀਂ। ਚਾਚਾ ਨਾਂ ਦਾ ਪਾਤਰ ਉਹਦਾ ਦਿਲ ਬਹਿਲਾਉਂਦਾ ਹੈ।

ਸਵਾਲ? ਮਿੱਤਰਾਂ ਬਾਰੇ ਪ੍ਰਸ਼ਨ ਉੱਥੇ ਹੀ ਖੱੜ੍ਹਾ ਹੈ?

ਜਵਾਬ: ਮੇਰੇ ਯਾਰ ਬਹੁਤ ਥੋੜੇ ਸਨ। ਪਰ ਉਹਨਾਂ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਹੈ। ਅਜਾਇਬ ਕਮਲ, ਮੀਸ਼ਾ, ਹਸਰਤ, ਜਸਬੀਰ ਸਿੰਘ ਆਹੂਲਵਾਲੀਆ ਤੇ ਪ੍ਰੀਤਮ ਸਿੰਘ ਹੈ। ਰਘਬੀਰ ਸਿੰਘ ਸਿਰਜਣਾ, ਗੁਲਜ਼ਾਰ ਸਿੰਘ ਸੰਧੂ, ਅਮਰਜੀਤ ਅਕਸਸ਼ ਮਨਜੀਤ ਸਿੰਘ ਦਿੱਲੀ ਵਾਲਾ ਡਾਕਟਰ ਹੈ। ਇਧਰ ਕੈਨੇਡਾ ਤੋਂ ਮਨਜੀਤ ਮੀਤ ਤੇ ਚਰਨ ਸਿੰਘ ਹਨ, ਗੁਰਦੇਵ ਸਿੰਘ ਮਾਨ ਸੀ। ਅਸੀਂ ਸਾਰੇ ਹਮਪਿਆਲਾ, ਹਮਨਵਾਲਾ ਵੀ ਰਹੇ ਹਾਂ- ਮਹਿਫਲਾਂ ਲਾਉਣ ਵਾਲੇ! ਨਰਿੰਦਰਪਾਲ ਸਿੰਘ ਨਾਵਲਿਸਟ ਜਿਸਨੂੰ 1986 ਵਿੱਚ ਪੈਰਸ ਮਿਲਿਆ ਸਾਂ ਅਤੇ ਪੈਰਸ ਦੀ ਕੁੜੀ ਕਹਾਣੀ ਵਿੱਚ ਉਸਦਾ ਜ਼ਿਕਰ ਹੈ। ਐਸ਼ ਜਾਂ ਅਯਾਸ਼ੀ ਦਾ ਮੇਰਾ ਚੱਕਰ ਇੰਡਿਆ ਚ ਤਾਂ ਮੇਰਾ ਨਹੀਂ ਲੱਗਿਆ। ਦੇਸੀ ਸ਼ਰਾਬ ਦੀ ਪੀਪੀ ਢਾਈ ਰੁਪਏ ਦੀ ਅਤੇ ਪੀਪਾ ਦਸ ਰੁਪਏ ਦਾ ਮਿਲ਼ ਜਾਂਦਾ ਸੀ। ਮੈਂ ਤਾਂ ਪੀਪਾ ਲਿਆ ਕੇ ਉਸ ਵਿੱਚ ਮਿੱਟੀ ਦਾ ਤੇਲ ਕੱਢਣ ਵਾਲਾ ਨਲ਼ਕਾ ਹੀ ਲਾ ਦਿੰਦਾ। ਮੱਿਤਰਾਂ ਨੇ ਕੱਢ-ਕੱਢ ਛਕੀ ਜਾਣੀ। ਇਹ ਅਯਾਸ਼ੀ ਨਹੀਂ ਸਾਡੀ ਲੋੜ ਸੀ।

ਸਵਾਲ? ਕੀ ਏਹੀ ਤੁਹਾਡੇ ਪ੍ਰਯੋਗਸ਼ੀਲ ਮਿੱਤਰ ਕਵੀ ਸਨ? ਮੁੱਖ ਮਕਸਦ ਕੀ ਸੀ ਤੁਹਾਡਾ?

ਜਵਾਬ: ਪਹਿਲੇ ਪੰਜ ਤੇ ਛੇਵਾਂ ਮੈਂ! ਪ੍ਰਗਤੀਵਾਦੀ-ਰੁਮਾਂਸਵਾਦੀ ਧਾਰਾ ਖੜੋਤ ਦਾ ਸ਼ਿਕਾਰ ਹੋ ਚੁੱਕੀ ਸੀ। ਮੋਹਨ ਸਿੰਘ-ਅਮ੍ਰਿਤਾ ਪ੍ਰੀਤਮ, ਬਾਵਾ ਬਲਵੰਤ- ਸੰਤੋਖ ਸਿੰਘ ਧੀਰ ਸਭ ਰੋਮਾਂਟਿਕ ਆਦਰਸ਼ਵਾਦੀ ਸਨ। ਸਾਰਾ ਨਾਅਰੇ ਦਾ ਸਾਹਿਤ ਸੀ। ਜੋ ਅਸਲ ਯਥਾਰਥ ਸੀ ਉਹ ਨਹੀਂ ਸੀ ਪੇਸ਼ ਕੀਤਾ ਜਾ ਰਿਹਾ। ਪ੍ਰੋ. ਮੋਹਨ ਸਿੰਘ ਉਪਰਲੀ ਮੱਧ ਸ਼੍ਰੇਣੀ ਵਿੱਚੋਂ ਸਨ, ਸਕਾਚ ਪੀਂਦੇ, ਮੁਰਗੇ ਛਕਦੇ ਸਨ। ਡਰਾਇੰਗ ਰੂਮ ਵਿੱਚ ਬੈਠ ਕੇ ਕਵਿਤਾ ਉਹ ਮਜ਼ਦੂਰਾਂ-ਕਿਸਾਨਾਂ-ਦਲਿਤਾਂ ਦੇ ਕਲਿਆਣ ਵਾਲੀ ਲਿਖ ਰਹੇ ਸਨ।

ਤਾਂਬੇ ਦਾ ਅਸਮਾਨ ਬਣਸੀ ਧਰਤੀ ਬਣਸੀ ਲੋਹੇ ਦੀ

ਸਾਡਾ ਮੁੱਖ ਮਕਸਦ ਇਸ ਖੜੋਤ ਨੂੰ ਤੋੜਨਾ ਸੀ। ਕੌਫੀ ਹਾਊਸਾਂ, ਫੈਕਟਰੀਆਂ ਵਾਲਾ ਅਸਲ ਯਥਾਰਥ ਪੇਸ਼ ਕਰਨਾ ਸੀ। ਜਿਵੇਂ ਜੀਵੋਂ ਤਿਵੇਂ ਲਿਖੋ, ਸਾਡਾ ਮਾਟੋ ਸੀ। ਪ੍ਰੀਤਮ ਸਿੰਘ ਮੈਜਿਸਟ੍ਰੇਟ ਨੇ ਵਾਦ ਵਿਵਾਦ ਪੁਸਤਕ ਵਿੱਚ ਸਾਰਾ ਕੁੱਝ ਸਪੱਸ਼ਟ ਕੀਤਾ ਅਤੇ ਸਾਡੀਆਂ ਪੰਜ ਸ਼ਾਇਰਾਂ ਦੀਆਂ ਪੰਜ-ਪੰਜ ਕਵਿਤਾਵਾਂ ਅਤੇ ਇਕੱਲੇ-ਇਕੱਲੇ ਕਵੀ ਦੀ ਜੀਵਨ ਜਾਣਕਾਰੀ ਦੇ ਕੇ ਅੰਗ੍ਰੇਜ਼ੀ ਪੁਸਤਕ ਬਾਗ਼ੀ ਆਵਾਜਾਂ Voices of Dissent ਦੀ ਸੰਪਾਦਨਾ ਕੀਤੀ। ਅਸੀਂ ਪ੍ਰਯੋਗ ਰਸਾਲਾ ਕੱਢਿਆ।

ਸਵਾਲ? ਮਾਰਕਸਵਾਦੀ ਵਿਚਾਰਧਾਰਾ ਅਨੁਸਾਰ ਜੋ ਸਾਹਿਤ ਹੈ, ਉਹ ਜੀਵਨ ਦੀ ਬੇਹਤਰੀ ਲਈ ਲਿਖਿਆ ਜਾਣਾ ਚਾਹੀਦਾ ਹੈ ਨਾ ਕਿ ਸਾਹਿਤ ਕੇਵਲ ਸਾਹਿਤ ਲਈ? ਤੁਸੀਂ ਮੈਨੂੰ ਲੱਗਦੈ, ‘ਕਲਾ ਕਲਾ ਲਈ ਦੇ ਧਾਰਨੀ ਰਹੇ ਹੋ?

ਜਵਾਬ: ਬਿਲਕੁਲ ਨਹੀਂ ਇਹ ਮਸਲਾ ਸੰਤ ਸਿੰਘ ਸੇਖੋਂ ਨੇ ਡਾ. ਹਰਿਭਜਨ ਸਿੰਘ ਦੀ ਕਵਿਤਾ ਉੱਪਰ ਸੁਹਜਵਾਦੀ ਹੋਣ ਦਾ ਆਰੋਪ ਲਾਉਂਦਿਆਂ ਉਠਾਇਆ ਸੀ। ਪਰ ਹਰਿਭਜਨ ਦਾ ਜਵਾਬ ਵੀ ਸੁਣ ਲਵੋ:

ਮੈਂ ਪਹਿਲੀ ਵਾਰ ਤੇਰੇ ਮੂੰਹ ਸੁਣਿਆ ਹੈ

ਫੁੱਲਾਂ ਨੂੰ ਖੁਸ਼ਬੋਆਂ ਦੀ ਸ਼ਖਤ ਮਨਾਹੀ ਹੈ

ਤੂੰ ਮਹਿਕਾਂ ਨੂੰ ਜੋ ਪੱਥਰ ਮਾਰ ਕੇ ਤੁਰਦਾ ਹੈਂ

ਮੈਂ ਧੁੱਪ ਛਾਵਾਂ ਨੂੰ ਆਪਣਾ ਗੀਤ ਸੁਣਾਵਾਂਗਾ

ਹੈ ਸ਼ੁਕਰ ਅਜੇ ਤਾਂ ਰਾਹ ਵੀ ਨੇ! ਰਾਹਾਂ ਵਿੱਚ ਤੁਰਦੇ ਰਾਹੀ ਨੇ।

ਦੇਖੋ ਜੀ! ਬੁੱਤ-ਤਰਾਸ਼ੀ ਵਿੱਚ, ਚਿੱਤਰਕਲਾ ਵਿੱਚ, ਸਾਹਿਤ ਵਿੱਚ, ਸੁਹਜ ਪੈਦਾ ਕਰਨਾ ਇੱਕ ਕਲਾ ਹੈ। ਸੁਹਜ ਆਪੇ ਸੁੰਦਰਤਾ ਪੈਦਾ ਕਰੇਗਾ। ਰਚਨਾ ਨੇ ਜੀਵਨ ਵਿੱਚੋਂ ਦੀ ਨਿਕਲਣਾ ਹੈ। ਸਾਹਿਤ ਜੀਵਨ ਲਈ ਹੀ ਹੁੰਦਾ ਹੈ।

ਸਵਾਲ? ਦੋ ਚਾਰ ਸਾਲ ਪ੍ਰਚਲਤ ਰਹੀ ਤੁਹਾਡੀ ਇਹ ਧਾਰਾ ਕੀ ਲਹਿਰ ਬਣ ਸਕਦੀ ਸੀ?

ਜਵਾਬ: ਕਿਆ ਗੱਲਾਂ ਕਰਦੇ ਹੋ, ਅਵਤਾਰ ਸਿੰਘ ਜੀ? ਅਸੀਂ ਤਾਂ ਮੋਹਨ ਸਿੰਘ ਵਰਗੇ ਬੁੱਢਿਆਂ ਨੂੰ ਪ੍ਰਯੋਗ ਕਰਨ ਲਾ ਦਿੱਤਾ ਸੀ। ਸਾਡਾ ਸਥਿਤੀ ਅਜਿਹੀ ਬਣ ਗਈ ਸੀ

ਆਪਣੀ ਹਸਤੀ ਨੂਰ ਬਣਾ ਕੇ, ਸੂਰਜ ਨੂੰ ਚਿਪਕਾ ਦਿੱਤੀ ਹੈ

ਹਬਦਾਂ ਦੀ ਰਚਨਾ ਦੇ ਦੁਆਲੇ, ਧਰਤੀ ਘੰਮਣ ਲਾ ਦਿੱਤੀ ਹੈ।         

ਉਦਾਰ-ਚਿੱਤ ਸੇਖੋਂ ਸਾਹਿਬ ਦੀ ਸਾਡੇ ਜ਼ੋਰਦਾਰ ਪ੍ਰਭਾਵ ਨੂੰ ਪ੍ਰਵਾਨ ਕਰਨ ਬਾਰੇ ਟਿਪਣੀ ਪੜ੍ਹੋ, ‘‘ਇਸ ਜਲੂਸ ਵਿੱਚ ਕਦੀ ਕਦੀ ਕੁਝ ਚਿਰ ਲਈ ਮੋਹਨ ਸਿੰਘ, ਅਮ੍ਰਿਤਾ ਪ੍ਰੀਤਮ ਤੇ ਹਰਿਭਜਨ ਸਿੰਘ ਜਿਹੇ ਵਿਅਕਤੀ ਵੀ ਸ਼ਾਮਲ ਹੋ ਜਾਂਦੇ ਹਨ। ਸ਼ਾਇਦ ਇਸ ਡਰ ਤੋਂ ਕਿ ਇਹ ਜਲੂਸ ਹੀ ਨਾ ਆਪਣੇ ਨਾਲ ਸਾਰੀ ਜਨਤਾ ਨੂੰ ਲੈ ਤੁਰੇ।’’ ਮੇਰੀਆਂ ਹੀ ਹੋਰ ਸਤਰਾਂ ਸੁਣੋ

ਸ਼ੋਰ ਦੀ ਭਾਸ਼ਾ ਵਿੱਚੋਂ ਲੰਘੇ, ਚੁੱਪ ਦੀ ਭਾਸ਼ਾ ਸਹਿ ਗਏ

ਆਪਣੇ ਜੇਡੀ ਕੱਥਦੇ-ਕੱਥਦੇ, ਬ੍ਰਹਿਮੰਡ ਜੇਡੀ ਕਹਿ ਗਏ         

ਮੈਂ ਪ੍ਰਯੋਗਸ਼ੀਲ ਦਰਪਨ ਪੁਸਤਕ ਦੀ ਸੰਪਾਦਨਾ ਕੀਤੀ ਤਾਂ ਮੋਹਨ ਸਿੰਘ, ਅਮ੍ਰਿਤਾ ਪ੍ਰੀਤਮ, ਨਰਿੰਦਰਪਾਲ, ਹਸਰਤ, ਹਰਭਜਨ ਹੁੰਦਲ, ਨੇਕੀ, ਧੀਰ, ਜਗਤਾਰ ਵਰਗੇ ਪੰਜਾਹ ਸ਼ਾਇਰਾਂ ਨੇ ਮੈਨੂੰ ਲਿਖਤੀ ਪ੍ਰਵਾਨਗੀ ਦਿੱਤੀ ਕਿ ਸਾਨੂੰ ਇਸ ਝੰਡੇ ਹੇਠ ਛਾਪਿਆ ਜਾਵੇ। ਛੋਟੇ-ਵੱਡੇ ਸਭ ਕਵੀ ਸਾਜੇ ਨਾਲ ਆ ਮਿਲ਼ੇ ਸਨ ਜਿਵੇਂ ਅਫਰੀਕਨ ਕਹਾਵਤ ਹੈ ਕਿ ਚਾਨਣੀਆਂ ਰਾਤਾਂ ਨੂੰ ਤਾਂ ਲੰਗੜੇ ਵੀ ਨੱਛਣ ਲੱਗ ਪੈਂਦੇ ਹਨ। ਜਗਤਾਰ ਦੀ ਦੁੱਧ ਪੱਥਰੀ ਤੇ ਮੋਹਨ ਸਿੰਘ ਦੀ ਜੰਦਰੇ ਇਸੇ ਪ੍ਰਭਾਵ ਅਧੀਨ ਲਿਖੀਆਂ ਪੁਸਤਕਾਂ ਹਨ।

ਸਵਾਲ? ਫੇਰ ਦੇ ਕੁ ਵਰਿਆਂ ਵਿੱਚ ਹੀ ਪ੍ਰਯੋਗਵਾਦੀ ਆਪਸ ਵਿੱਚ ਭਿੜ ਪਏ?

ਜਵਾਬ: ਨਹੀਂ, ਪ੍ਰਯੋਗਵਾਦੀ ਨਹੀਂ ਪ੍ਰਯੋਗਸ਼ੀਲ। ਜਸਬੀਰ ਨਾਲ ਸਾਡਾ ਇਹੋ ਵਿਵਾਦ ਸੀ ਕਿ ਵਾਦ ਬੰਧਨ ਬਣ ਜਾਂਦਾ ਹੈ, ਪ੍ਰਯੋਗ ਨਹੀਂ। ਉਂਝ ਸਭ ਇਕੱਠੇ ਸਾਂ। ਪ੍ਰਗਤੀਵਾਦੀ ਸੇਖੋਂ ਸਾਹਿਬ ਵੀ ਸਾਡੀਆਂ ਗੋਸ਼ਟੀਆਂ ਵਿੱਚ ਸਾਡਾ ਗੱਡ ਕੇ ਵਿਰੋਧ ਕਰਦੇ ਪਰ ਮਗਰੋਂ ਇਕੱਠੇ ਖਾਂਦੇ ਪੀਂਦੇ, ਸਾਨੂੰ ਥਾਪੀਆਂ ਦਿੰਦੇ।

ਸਵਾਲ? ‘ਐਵਰੀਮੈਨਜ਼ ਵਾਟਰ ਨਾਂ ਦੀ ਕਹਾਣੀ ਵਿੱਚ, ‘ਭੂਤ ਨਗਰ ਵਿੱਚ ਅਤੇ ਤੁਹਾਡੀਆਂ ਹੋਰ ਕਈ ਰਚਨਾਵਾਂ ਵਿੱਚ ਕਲਿਆਣਕਾਰੀ ਦ੍ਰਿਸ਼ਟੀਕੋਣ ਹਾਜ਼ਰ ਹੈ। ਕੀ ਤੁਸੀਂ ਸੇਖੋਂ ਸਾਹਿਬ ਦੀ ਦ੍ਰਿਸ਼ਟੀਕੋਣ ਅਪਨਾਉਣ ਬਾਰੇ ਦਿੱਤੀ ਉਸ ਰਾਇ ਨੂੰ ਆਖਰ ਸਵੀਕਾਰ ਕਰ ਲਿਆ ਸੀ ਜਿਹੜੀ ਉਹਨਾਂ ਤੁਹਾਡੇ ਪਹਿਲੇ ਕਾਵਿ ਸੰਗ੍ਰਹਿ ਦਿਲ ਦਰਿਆ ਸਮੁੰਦਰੋਂ ਡੂੰਘੇ ਦੇ ਮੁਖਬੰਦ ਵਿੱਚ ਦਿੱਤੀ ਸੀ?

ਜਵਾਬ: ਐਵਰੀਮੈਨਜ਼ ਵਾਟਰ ਨਾਂ ਦੀ ਕਹਾਣੀ ਜਿਸ ਨੂੰ ਮੈਂ ਪਰਵਾਸ ਬਾਰੇ ਲਿਖੀ ਪੰਜਾਬੀ ਦੀ ਪਹਿਲੀ ਕਹਾਣੀ ਐਲਾਨਿਆ ਹੈ, ਹੈਮਿੰਗਵੇ ਦੇ ਸੇਂਟੀਆਗੋ ਅਤੇ ਯੂਨਾਨੀ ਹੀਰੋ ਯੂਲੀਸਿਸ ਵਾਂਗ ਮਨੁੱਖ ਨੂੰ ਮੌਤ-ਭੈਅ ਤੋਂ ਮੁਕਤ ਹੋ ਕੇ ਜੀਵਨ ਰੂਪੀ ਵਿਕਰਾਲ ਸਮੁੰਦਰ ਨਾਲ ਜੂਝਣ ਲਈ ਪ੍ਰੇਰਦੀ ਹੈ। ਇੰਝ ਹੀ ਭੂਤ ਨਗਰ  ਅਜੋਕੇ ਮਾਨਵ ਦੇ ਵਾਰ-ਵਾਰ ਉੱਜੜ ਕੇ ਵਸਣ, ਆਬਾਦ ਹੋਣ ਦਾ ਸੁਝਾਅ ਦਿੰਦੀ ਹੈ। ਇਸ ਧਾਰਨਾ ਨੂੰ ਅਸੀਂ ਪੁਸ਼ਟ ਕਰਨਾ ਸੀ ਕਿ ਪ੍ਰਯੋਗਸ਼ੀਲ ਵੀ ਜੀਵਨ ਲਈ ਹੀ ਲਿਖਦੇ ਸਗੋਂ ਅਸਲ ਯਥਾਰਥ ਚਿੱਤਰਦੇ ਸਨ। ਪ੍ਰਗਤੀਵਾਦੀਆਂ ਨੇ ਬੇਸ਼ਕ ਕੁਝ ਖੁਬਸੂਰਤ ਰਚਨਾਵਾਂ ਵੀ ਕੀਤੀਆਂ ਪਰ ਨਾ ਧਰਤੀ ਲੋਹੇ ਦੀ ਬਣੀ ਨਾ ਅਸਮਾਨ ਤਾਂਬੇ ਵਰਗਾ ਹੋਇਆ। ਸੇਖੋਂ ਸਾਹਿਬ ਆਪ ਚੋਣਾਂ ਵਿੱਚੋ ਵੀ ਹਾਰ ਗਏ।

ਸਵਾਲ? ਮੈਨੂੰ ਇਉਂ ਲੱਗਦੈ ਕਿ ਦ੍ਰਿਸ਼ਟੀਕੋਣ ਪੱਖੋਂ ਤੁਸੀਂ ਪ੍ਰਗਤੀਵਾਦੀ ਸੇਖੋਂ ਸਾਹਿਬ ਦੇ ਨੇੜੇ-ਤੇੜੇ ਹੀ ਸੀ, ਸਿਰਫ ਪ੍ਰਯੋਗਸ਼ੀਲ ਲਹਿਰ ਦੇ ਸਿਧਾਂਤ ਕਾਰਨ ਹੀ ਵਿਰੋਧੀ ਪੱਖ ਵਿੱਚ ਜਾ ਖੜੇ?

ਜਵਾਬ: ਨਹੀਂ ਜੀ! ਉਹਨਾਂ ਦਾ ਡਿਸਪਲਿਨ ਬੜਾ ਸਖਤ ਸੀ। ਉਹ ਮੈਨੀਫੈਸਟੋ ਤੋਂ ਬਾਹਰ ਨਹੀਂ  ਜਾ ਸਕਦੇ। ਸਾਰੇ ਪਾਸੇ ਉਹਨਾਂ ਦੀ ਅਜਾਰੇਦਾਰੀ ਸੀ। ਸਾਨੂੰ ਤਾਂ ਉਹਨਾਂ ਤੋਂ ਡਰਦਾ ਕੋਈ ਪਬਲਿਸ਼ਰ ਛਾਪਣ ਲਈ ਤਿਆਰ ਨਹੀਂ ਸੀ। ਹਾਲਾਂਕਿ ਸਾਡਾ ਵਿਸ਼ੇ ਪੱਖੋਂ ਨਵੀਨਤਾ ਤੇ ਵਿਧੀ ਪੱਖੇਂ ਤਰਕਸ਼ੀਲਤਾ ਤੇ ਸਪਸ਼ਟਤਾ ਲਿਆਉਣੀ, ਫੋਕਾ ਨਾਅਰਾ ਨਹੀਂ ਲਾਉਣਾ- ਨਿਸ਼ਾਨਾ ਸੀ। ਸੇਖੋਂ ਸਾਹਿਬ ਨੂੰ ਦਿਲ ਦਰਿਆ ਸਮੁੰਦਰੋਂ ਡੂੰਘੇ ਦੀ ਸਾਰੀ ਸ਼ਾਇਰੀ ਪਸੰਦ ਸੀ। ਉਹ ਆਪਣੇ ਰਚੇ ਸਾਹਿਤ ਵਿੱਚ ਵੀ ਨਾਅਰਾ ਨਹੀਂ ਸੀ ਲਾਉਂਦੇ। ਇੱਕ ਕਵਿਤਾ ਉੱਤੇ ਇਤਰਾਜ਼ ਸੀ,- ‘‘ ਗੈਗਰਿਨ ਤੇ ਸ਼ੈਲਫੇਅਰਡ ਨੇ ਜਾ ਝੱਸੀਆਂ, ਖੁਸ਼ਕ ਖਲਾਅ ਦੀਆਂ ਤਲੀਆਂ।’’ ਗੈਗਰਿਨ ਕਿਉਂਕਿ ਰੂਸੀ ਪੁਲਾੜ ਯਾਤਰੀ ਸੀ, ਉਹ ਉਹਨਾਂ ਦੀ ਪ੍ਰਸ਼ੰਸਾ ਦਾ ਪਾਤਰ ਸੀ, ਪਰ ਸ਼ੈਫੇਅਰਡ ਸਰਮਾਏਦਾਰ ਅਮਰੀਕਾ ਦਾ ਪ੍ਰਤੀਨਿਧ ਹੋਣ ਕਰਕੇ ਚੰਗਾ ਨਹੀਂ ਸੀ ਲੱਗਦਾ।

ਸਵਾਲ? ਤੁਹਾਡੇ ਖਿਆਲ ਚ ਪ੍ਰਯੋਗਸ਼ੀਲ ਲਹਿਰ ਦੀ ਹੁਣ ਵੀ ਕੋਈ ਸਾਰਥਕਤਾ ਹੈ ਜਾਂ ਮਾਰਕਸਵਾਦੀ ਮਾਨਵਵਾਦ ਫੇਰ ਸਾਡੇ ਸਾਹਿਤ ਤੇ ਭਾਰੂ ਹੋ ਜਾਵੇਗਾ?

ਜਵਾਬ: ਪ੍ਰਯੋਗਸ਼ੀਲ ਲਹਿਰ ਖ਼ਤਮ ਨਹੀਂ ਹੋਈ, ਸ਼ਾਖਾਵਾਂ ਵਿੱਚ ਵੰਡੀ ਗਈ। ਮੈਂ ਬ੍ਰਹਿਮੰਡੀ ਚੇਤਨਾ ਦੇ ਸੰਕਲਪ ਨੂੰ ਅਪਣਾ ਲਿਆ। ਆਹਲੂਵਾਲੀਆ ਸਮਕਾਲੀ ਰਾਜਨੀਤੀ ਦੀ ਆਲੋਚਨਾ ਵੱਲ ਚਲਾ ਗਿਆ। ਉਸਨੇ ਬੜਾ ਡੂੰਘਾ ਲਿਖਿਆ, ਪਰ ਆਲੋਚਕ ਅਰਥਾਂ ਨੂੰ ਫੜ੍ਹ ਨਹੀਂ ਸਕੇ। ਅਜਾਇਬ ਕਮਲ ਸੁਰੀਇਜ਼ਮ ਅਰਥਾਤ ਪਰ-ਯਥਾਰਥਵਾਦ ਵੱਲ ਨੂੰ ਹੋ ਗਿਆ। ਮੀਸ਼ਾ ਸਿਆਣਪੀ ਕਵਿਤਾ ਜਾਂ ਸੋਫਿਸਟ ਪੋਇਟਰੀ ਵੱਲ ਝੁੱਕ ਗਿਆ। ਜਗਤਾਰ ਸਾਡੇ ਨਾਲ ਚੱਲ ਨਹੀਂ ਸਕਿਆ, ਉਂਝ ਉਸ ਨੇ ਗਜ਼ਲ ਵਿੱਚ ਲੋਹੜੇ ਦੀ ਮੁਹਾਰਤ ਹਾਸਿਲ ਕੀਤੀ। ਸਮੁੱਚੀ ਕਵਿਤਾ ਦਾ ਵਹਾਅ ਹੀ ਬਦਲ ਗਿਆ। ਜਮੂਦ ਨੂੰ ਤੋੜਨ ਵਾਸਤੇ ਪ੍ਰਯੋਗਵਾਦ ਸਦਾ ਆਉਂਦਾ ਰਹੇਗਾ। ਦੋਖੋ, ਕੋਈ ਵੀ ਸਿਆਣਾ ਵਿਅਕਤੀ ਮਾਰਕਸਵਾਦ ਦਾ ਵਿਰੋਧ ਨਹੀਂ ਕਰੇਗਾ। ਮਜ਼ਦੂਰ ਨੂੰ ਉਸਦੀ ਸਮਰੱਥਾ ਅਨੁਸਾਰ ਕੰਮ ਮਿਲੇ ਅਤੇ ਲੋੜ ਅਨੁਸਾਰ ਉਜਰਤ ਦਿੱਤੀ ਜਾਵੇ। ਇਹ ਅਮਰ ਫਲਸਫਾ ਹੈ। ਪਰ ਜਿੰਦਗੀ ਦਾ ਫਲਸਫਾ ਇਕੱਲੇ ਮਾਰਕਸਵਾਦ ਉੱਪਰ ਵੀ ਨਹੀਂ ਖੜਾ। ਜ਼ਰਾ ਮੌਜੂਦਾ ਰੂਸ, ਚੀਨ ਵੱਲ ਝਾਤ ਮਾਰੋ। ਉੱਥੇ ਮਵਾਂ ਮਾਰਕਸਵਾਦ ਪੈਦਾ ਹੋ ਗਿਆ ਹੈ। ਰੂਸ ਵਿੱਚ ਸਰਮਾਏਦਾਰ ਵੀ ਹਨ ਅਤੇ ਹੋਮਲੈੱਸ ਜਾਂ ਬੇਘਰੇ ਵੀ। ਸ਼ੰਘਾਈ ਵਿੱਚ ਵੀ ਏਹੋ ਹਾਲ ਹੈ। ਦੋਹਾਂ ਦੇਸਾਂ ਵਿੱਚ ਬਹੁਤ ਵੱਡਾ ਅਮੀਰ ਤਬਕਾ ਤੇ ਗ਼ਰੀਬ ਵਰਗ ਪੈਦਾ ਹੋ ਗਿਆ ਹੈ। ਮਾਰਕਸਵਾਦ ਕਦੇ ਨਹੀਂ ਮਰੇਗਾ ਪਰ ਇਸਦੀ ਐਪਲੀਕੇਸ਼ਨ ਸਹੀ ਢੰਗ ਨਾਲ ਨਹੀਂ ਕੀਤੀ ਗਈ।

ਸਵਾਲ? ਜੀਵਨ ਨਿਰਾ ਖਿਲਾਰਾ ਹੈ, ਗੜਬੜ ਹੈ Confusion and Chaos  ਇਹ ਆਖ ਕੇ ਅਮਰੀਕਨ ਨਾਵਲਕਾਰ ਹੈਨਰੀ ਜੇਮਜ਼ ਕਹਿੰਦਾ ਹੈ ਕਿ ਬੰਦੇ ਨੇ ਇਸਨੂੰ ਜਿਉਣ ਲਈ ਨਮੂਨਾ ਇਸਦੇ ਵਿੱਚੋਂ ਹੀ ਤਲਾਸ਼ਣਾ ਹੁੰਦੈ। ਤੁਹਾਡਾ ਕੀ ਵਿਚਾਰ ਹੈ?

ਜਵਾਬ: ਦੇਖੋ ਜੀ। ਬੰਦੇ ਦੇ ਅੰਦਰ ਇੱਕ ਆਦਰਸ਼ ਔਰਤ ਵਸੀ ਹੁੰਦੀ ਹੈ। ਜਿਸਨੂੰ ਉਹ ਸਾਰੀ ਜ਼ਿਦਗੀ ਢੂੰਡਦਾ ਫਿਰੀ ਜਾਂਦਾ ਮੇਰੀ ਨਜ਼ਮ ਹੈ

ਹਰ ਇੱਕ ਯੁੱਗ ਅੰਦਰ ਕੋਈ ਆਦਮ ਉਦੈ ਹੋਇਆ

ਤ੍ਰੀਮਤ ਆਪਣੇ ਅੰਦਰ ਦੀ ਮੈਂ ਬਾਹਰ ਭਾਲ਼ਦਾ ਫਿਰਦਾ

ਗੁਨਾਹ ਕਹਿ ਕੇ ਜੇ ਨਿੰਦ ਲਓ ਏਹ ਅਮਲ ਕਰਤਾਰੀ

ਮੇਰੇ ਅੰਦਰ ਦਾ ਆਦਮ ਫੇਰ ਅੰਜੀਰਾਂ ਖਾਣ ਚੱਲਿਆ ਹੈ

ਮੇਰੀ ਨਫ਼ਰਤ ਨਿਖੇੜੇ ਨਾ, ਮੇਰੀ ਨਫ਼ਰਤ ਚ ਮੇਰੀ ਹੋਂਦ ਦਾ ਆਕਾਰ ਢਲਿਆ ਹੈ

ਗੜਬੜ ਆਖੀ ਜਾਉ ਜਾਂ ਖਿਲਾਰਾ, ਉਹ ਔਰਤ ਨਹੀਂ ਮਿਲਦੀ।

ਸਵਾਲ?  ਔਰਤ ਦੇ ਮਨ ਚ ਵੀ ਏਦਾਂ ਹੀ ਹੁੰਦੈ?

ਜਵਾਬ: ਬਿਲਕੁਲ! ਮੇਰੀ ਕਹਾਣੀ ਪੈਰਸ ਦੀ ਕੁੜੀ ਅੰਦਰ ਏਹੀ ਥੀਮ ਹੈ। ਤਿੰਨ ਪੰਜਾਬੀ ਪੈਰਸ ਦੀ ਕੁੜੀ ਭਾਲਦੇ ਫਿਰਦੇ ਨੇ। ਜਿਹੜੀ ਕੁੜੀ ਉਹਨਾਂ ਨੂੰ ਟੱਕਰਦੀ ਹੈ ਉਹ ਚਿੱਤਰਕਾਰ ਨਾਲ ਪਛਾਣ ਸਥਾਪਤ ਕਰ ਲੈਦੀ ਹੈ, ਬਾਕੀ ਤਿੰਨਾਂ ਨੂੰ ਚੱਕਲੇ ਤੇ ਜਾਣ ਲਈ ਆਪਣੇ ਪਲਿਓਂ ਪੈਸੇ ਦਿੰਦੀ ਹੈ। ਕਿਉਂਕਿ ਉਸ ਅੰਦਰ ਇੱਕ ਸਿੰਘ ਨੂੰ ਦੇਖਣ ਦੀ ਚਿਰਾਂ ਤੋਂ ਤਾਂਘ ਸੀ। ਗੱਲ Choise ਜਾਂ ਚੋਣ ਜਾਂ ਮਨ ਮਰਜ਼ੀ ਦੀ ਹੈ। ਅਪਰਾਧ ਮੁਕਤ ਕਹਾਣੀ ਵਿੱਚ ਮੇਰਾ ਹਿੰਦੋਸਤਾਨੀ ਪਾਤਰ ਜਦੋਂ ਅੰਗਰੇਜ਼ ਟੈਕਸੀ ਚਾਲਕ ਵਲੋਂ ਚਲਾਈ ਜਾਂਦੀ ਟੈਕਸੀ ਵਿੱਚ ਸਫਰ ਕਰਦਾ ਹੈ ਅਤੇ ਅੰਗਰੇਜ਼ ਔਰਤ ਨਾਲ ਹਮਬਿਸਤਰੀ ਕਰਦਾ ਹੈ ਤਾਂ ਉਸਨੂੰ ਪਹਿਲੀ ਵਾਰ ਮਹਿਸੂਸ ਹੁੰਦਾ ਹੈ ਕਿ ਹਿੰਦੋਸਤਾਨ ਹੁਣ ਆਜ਼ਾਦ ਹੋਇਆ ਹੋਵੇ।

ਸਵਾਲ? ਸ਼ਾਇਦ ਇਸੇ ਵਜ੍ਹਾ ਕਾਰਨ ਤੁਹਾਡੀਆਂ ਕਈ ਕਹਾਣੀਆਂ ਨੂੰ ਅਸ਼ਲੀਲ ਸਮਝਿਆ ਗਿਆ ਹੈ? ਜਿਵੇਂ ਮਰਦ ਬਨਾਮ ਮਸ਼ੀਨ ਜੋ 80ਵਿਆਂ ਚ ਛਪੀ, ਉਸ ਵਿੱਚ ਚੰਗੀ ਭਲੀ ਸਿਹਤਮੰਦ ਔਰਤ ਮਨੁੱਖੀ ਸਾਥ ਤੋਂ ਬੇਮੁੱਥ ਹੋਈ, ਬਿਜਲਈ ਇੰਦਰੀ ਨੂੰ ਮਰਦ ਦੇ ਬਦਲ ਵਜੋਂ ਵਰਤਦੀ ਦਿਖਾਈ ਗਈ ਹੈ। ਹੋਰ ਵੀ ਕਈ ਕਹਾਣੀਆਂ ਵਿੱਚ ਨੰਗੇਜ਼ ਹੈ। ਇਸ ਦੋਸ਼ ਨੂੰ ਕਿਵੇਂ ਨਕਾਰਦੇ ਹੋ?

ਜਵਾਬ: ਲੋਕਾਂ ਦੇ ਪ੍ਰਤੀਕਰਮ ਜਾਂ ਦੋਸਾਂ ਦੀ ਮੈਂ ਕਦੇ ਪਰਵਾਹ ਨਹੀਂ ਕੀਤੀ। ਪਾਠਕਾਂ ਨੂੰ ਅਧਿਕਾਰ ਹੁੰਦਾ ਹੈ ਕਿ ਉਹ ਛਪੀ ਹੋਈ ਰਚਨਾ ਬਾਰੇ ਜ਼ੋ ਮਰਜ਼ੀ ਆਫੀ ਜਾਣ। ਪਸੰਦ ਜਾਂ ਨਾ ਪਸੰਦ ਵਾਲ਼ੇ ਦੋਵੇਂ ਹੁੰਦੇ ਹਨ। ਕਹਾਣੀ ਦੀ ਲੋੜ ਅਨੁਸਾਰ ਇਹ ਕਰਨਾ ਪਿਆ ਸੀ।

ਸਵਾਲ? ਅਸ਼ਲੀਲੀ ਬਨਾਮ ਨੈਤਿਕਤਾ ਬਾਰੇ ਤੁਹਾਡੀ ਆਪਣੀ ਕੀ ਧਾਰਨਾ ਹੈ?

ਜਵਾਬ: ਲੁੱਚਪੁਣਾ ਅਸਲ ਚ ਦੇਖਣ ਵਾਲੇ ਦੀ ਦ੍ਰਿਸ਼ਟੀ ਵਿੱਚ ਹੁੰਦਾ ਹੈ। ਜਿਹੜਾ ਲੇਖਕ ਆਪ ਸਵਾਦ ਲੈਣ ਲਈ ਨਗਨ ਦ੍ਰਿਸ਼ ਚਿੱਤਰਦਾ ਹੈ, ਮੈਂ ਉਸਦੀ ਮੁੱਢ ਤੋਂ ਨਿੰਦਿਆ ਕਰਾਂਗਾ। ਜੋ ਕਾਮ ਨੂੰ ਵਰਤ ਕੇ ਇੱਕ ਵੱਡੇਰੀ ਹਕੀਕਤ ਤੱਕ ਪਹੁੰਚਦਾ ਹੈ, ਤੁਹਾਨੂੰ ਬਿਮਾਰ ਰੂਚੀਆਂ ਤੋਂ ਸੁਚੇਤ ਕਰਦਾ ਹੈ, ਉਸਦੀ ਸਿਫਤ ਕਰਨੀ ਬਣਦੀ ਹੈ। ਜਿਵੇਂ ਹਰੇਕ ਚਿੱਤਰਕਾਰ ਨੇ ਪੂਰੇ ਪੂਰੇ ਨਗਨ ਬੱਚੇ ਨੂੰ ਮਾਂ ਦੀਆਂ ਅਰਧ ਨਗਨ ਛਾਤੀਆਂ ਤੋਂ ਦੁੱਧ ਚੁੰਘਦੇ ਦਿਖਾਇਆ ਹੈ, ਉਹ ਨੰਗੇਜ਼ ਨਹੀਂ ਹੈ। ਯੂਨਾਨੀ ਮੰਦਰਾਂ ਵਿੱਚ ਜ਼ੀਅਸ ਦੀ ਨਗਨ ਮੂਰਤੀ ਤੇ ਕਿਸੇ ਨੂੰ ਇਤਰਾਜ਼ ਨਹੀਂ। ਰੋਮ ਦੇ ਗਿਰਜ਼ੇ ਵਿੱਚ ਆਦਮ ਹੱਵਾ ਦੇ ਨਗਨ ਚਿੱਤਰ ਕੰਧਾਂ ਉੱਪਰ ਚਿੱਤਰੇ ਹੋਏ ਨੇ। ਸਾਡੇ ਸ਼ਿਵਲਿੰਗ ਦੀ ਪੂਡਾ ਹੋ ਰਹੀ ਹੈ। ਜਾਪਾਨ ਵਿੱਚ ਹਰ ਸਾਲ 15 ਮਾਰਚ ਨੂੰ ਪੀਨਸ ਡੇਅ ਮਨਾਇਆ ਜਾਂਦਾ ਹੈ। ਪਰ ਅਸੀਂ ਪੱਛੜੇ ਹੋਏ ਹਾਂ। ਹਾਲਾਂਕਿ ਸਾਡੇ ਨਾਂਗੇ ਸੰਤ ਤੇ ਸੰਤਣੀਆਂ ਹੁੰਦੀਆਂ ਹਨ।

 

ਸਵਾਲ? ਪੰਜਾਬੀ ਵਿੱਚ ਕਿਹੜੇ ਲੇਖਕਾਂ ਨੇ ਨੰਗੇਜ਼ ਦੀ ਸਾਰਥਕ ਵਰਤੋਂ ਕੀਤੀ ਹੈ?

ਜਵਾਬ: ਸਭ ਤੋਂ ਪਹਿਲਾਂ ਕਰਤਾਰ ਸਿੰਘ ਦੁੱਗਲ ਨੇ ਇਸ ਵਿਸ਼ੇ ਵਿੱਚ ਖੂਬਸੂਰਤ ਕਹਾਣੀਆਂ ਲਿਖੀਆਂ। ਪ੍ਰੇਮ ਪ੍ਰਕਾਸ਼ ਦੀਆਂ ਕੁਝ ਕਹਾਣੀਆਂ ਜਿਵੇਂ ਤਾਸ਼ ਦੇ ਪੱਤੇ ਬਹੁਤ ਕਲਾਤਮਕ ਹਨ। ਵੈਸੇ ਹੁਣ ਤਾਂ ਉਹ ਕਈ ਸਾਲਾਂ ਤੋਂ ਇੱਕ ਹੀ ਕਹਾਣੀ ਦੁਹਰਾਉਂਦਾ ਆ ਰਿਹਾ ਹੈ। ਜਸਵੰਤ ਸਿੰਘ ਵਿਰਦੀ ਦੀਆਂ ਕਹਾਣੀਆਂ ਚੰਗੀਆਂ ਸਨ। ਬੂਟਾ ਸਿੰਘ ਸ਼ਾਦ ਅਤੇ ਰਾਮ ਸਰੂਪ ਅਣਖੀ ਥੋੜਾ ਰਸ ਵੀ ਲੈਂਦੇ ਪ੍ਰਤੀਤ ਹੁੰਦੇ ਹਨ। ਸੁੰਦਰਤਾ ਨੂੰ ਚਿਤਰਨਾ ਕਲਾ ਹੈ ਜਿਵੇਂ ਬਾਗ਼ ਵਿੱਚ ਗੁਲਾਬ ਦੇ ਫੁੱਲ ਉੱਪਰ ਪਏ ਤ੍ਰੇਲ ਦੇ ਤੁਪਕਿਆਂ ਨੂੰ ਸ਼ਾਇਰ ਨੇ ਕੋਲ ਬੈਠੀ ਸੁੰਦਰ ਮੁਟਿਆਰ ਨਾਲ ਤੁਲਨਾ ਕੀਤੀ ਹੋਵੋ।

ਰੂਪ ਤੇਰਾ ਦੇਖ ਕੇ ਫੁੱਲਾਂ ਨੂੰ ਪਸੀਨੇ ਆ ਗਏ

 ਸਵਾਲ? ਤੁਸੀਂ ਸੱਤਰਵਿਆਂ ਤੋਂ ਹੁਣ ਤੱਕ ਸਮਲਿੰਗੀ ਵਿਆਹ ਰਿਸ਼ਤਿਆਂ ਬਾਰੇ ਕਈ ਕਹਾਣੀਆਂ ਲਿਖਦਿਆਂ ਇਉਂ ਪੇਸ਼ਕਾਰੀ ਕੀਤੀ ਹੈ ਜਿਵੇਂ ਤੁਸੀਂ ਇਹਨਾਂ ਦੀ ਵਕਾਲਤ ਕਰ ਰਹੇ ਹੋ, ਹਾਲਾਂਕਿ ਅਮਰੀਕਾ ਨੇ ਵੀ ਹੁਣ ਆ ਕੇ ਸਮਲਿੰਗੀ ਵਿਆਹਾਂ ਦੀ ਖੁੱਲ੍ਹ ਦਿੱਤੀ ਹੈ?

ਜਵਾਬ: ਮੈਂ ਵਕਾਲਤ ਨਹਂ ਕਰ, ਇਹ ਇੱਕ ਸਥਿਤੀ ਦੀ ਪੇਸ਼ਕਾਰੀ ਹੈ। ਕਹਾਣੀ ਪਾਗਲ ਕੌਣ ਦਾ ਅੰਤ ਵੇਖੋ। ਦੋ ਈਸਾਈ ਸੰਤਣੀਆਂ ਆਪਣੀ ਕਾਮ ਤ੍ਰਿਪਤੀ ਆਪਸੀ ਸਹਿਯੋਗ ਨਾਲ ਕਰਦੀਆਂ ਨੇ। ਉੱਥੇ ਪਾਦਰੀ ਵੀ ਨਾਕਾਰਤਮਕ ਰੁਚੀ ਮਸਟਰਬੇਸ਼ਨ ਦਾ ਆਦੀ ਹੈ। ਇੱਕ ਭਿਕਸ਼ੂ ਮੁਟਿਆਰ ਆਖਿਰ ਪਾਗ਼ਲ ਹੋ ਜਾਂਦੀ ਹੈ ਅਤੇ ਸੜਕ ਤੇ ਤੁਰੇ ਜਾਂਦੇ ਮਰਦ ਨੂੰ ਹੱਥ ਪਾ ਲੈਂਦੀ ਹੈ। ਇਹ ਹੈ ਅਸਲੀ ਸੁਝਾਅ ਕਿ ਜੇ ਗ਼ੈਰ ਕੁਦਰਤੀ ਢੰਗ ਅਪਣਾਉਗੇ ਤਾਂ ਪਾਗਲ਼ਪਣ ਜ਼ਰੂਰ ਪਣਪੇਗਾ।

 ਸਵਾਲ? ਕੀ ਤੁਸੀਂ ਅਜਿਹੇ ਵਤੀਰੇ ਜਾਂ ਸਮਲਿੰਗੀ ਵਿਆਹ ਦੇ ਹੱਕ ਵਿੱਚ ਭੁਗਤ ਕੇ ਚਿਰ ਸਥਾਪਤ ਵਿਆਹ ਦੀ ਸੰਸਥਾ ਨੂੰ ਨਹੀਂ ਵੰਗਾਰ ਰਹੇ?

ਜਵਾਬ: ਵਿਆਹ ਦੀ ਸੰਸਥਾ ਵੀ ਤਾਂ ਅਸਲ ਵਿੱਚ ਕਾਮ ਦਾ ਸਮਾਜੀਕਰਨ ਹੈ। ਸੈਕਸ ਨੂੰ ਡਸਿਪਲਿਨ ਕਰਕੇ ਇੱਕ ਸਮਾਜਕ ਰੀਤ ਵਿੱਚ ਬੰਨ੍ਹ ਦਿੱਤਾ ਹੈ। ਹੁਣ ਯੂਰਪ ਵਿੱਚ ਦੋ ਗੁੱਟ ਬਣ ਗਏ। ਜੀਵਨ ਪੱਖੀ Pro Life ਅਤੇ Pro Choice ਮਰਜ਼ੀ ਪੱਖੀ। ਜਿੱਥੋਂ ਤੱਕ ਮਸਲਾ ਹੱਕਾਂ ਤੇ ਮਰਜ਼ੀ ਦਾ ਹੈ, ਮੈਂ ਮਨ ਮਰਜ਼ੀ ਕਰਨ ਵਾਲਿਆਂ ਨਾਲ ਹਾਂ। ਸਮਲਿੰਗੀ ਵਿਆਹ ਕਰਨ ਵਾਲੇ ਵੀ ਬੱਚੇ ਗੋਦ ਲੈ ਸਕਦੇ ਹਨ। ਵੱਖੋ ਵੱਖਰੇ ਡਾਕਟਰੀ ਨੁਕਤਿਆਂ ਰਾਹੀਂ ਬੱਚੇ ਪੈਦਾ ਵੀ ਕਰ ਸਕਦੇ ਹਨ। ਫੇਰ ਇਹ ਕੁਦਰਤੀ ਵਰਤਾਰਾ ਸਾਡੇ ਵਡੇਰੇ ਸਮਝੇ ਜਾਣ ਵਾਲੇ ਬਾਂਦਰਾਂ ਵਿੱਚ ਵੀ ਦੇਖਿਆ ਜਾ ਸਕਦਾ ਹੈ। ਯੂਨਾਨੀ ਦੇਵਤੇ ਐਕਲੀਸ ਦਾ ਪੈਟਰੋਕਸ ਮੁੰਡੇ ਨਾਲ ਪਿਆਰ ਸੀ। ਸਿਕੰਦਰ ਮਹਾਨ ਨੇ ਵੀ ਬੱਚਪਨ ਵਿੱਚ ਹੈਫੇਸ਼ਿਨ ਨਾਂ ਦਾ ਮਿੱਤਰ ਰੱਖਿਆ ਸੀ। ਯੂਰਪ ਦੇ ਗਿਆਰਾਂ ਵਿੱਚੋਂ ਅੱਠ ਮੁਲਕਾਂ ਵਿੱਚ ਇਸਨੂੰ ਕਾਨੂੰਨੀ ਮਾਨਤਾ ਮਿਲ ਚੁੱਕੀ ਹੈ। ਬਤੌਰ ਚਿੰਤਕ, ਮੈਂ ਇਸਨੂੰ ਵਿਕਾਰ ਸਮਝਦਾ ਹਾਂ।

 ਸਵਾਲ? ਕੀ ਤੁਸੀਂ ਬਿਮਾਰ ਰਿਸ਼ਤਿਆਂ ਦੀ ਪੇਸ਼ਕਾਰੀ ਵੱਲ ਜ਼ਿਆਦਾ ਨਹੀਂ ਉਲਰ ਗਏ? ਤੁਹਾਡੀ ਕਹਾਣੀ ਗੋਰੀਆਂ ਸ਼ਹੀਦੀਆਂ ਵਿੱਚ ਇੱਕ ਹਵਸੀ ਪਿਤਾ ਆਪਣੀ ਧੀ ਦੇ ਪੇਟੋਂ ਬੱਚੀਆਂ ਪੈਦਾ ਕਰਕੇ, ਉਹਨਾਂ ਉੱਪਰ ਵੀ ਮੈਲ਼ੀ ਅੱਖ ਰੱਖਦਾ ਦਿਖਾਇਆ ਹੈ ਤੇ ਮਾਂ ਆਪਣੀਆਂ ਧੀਆਂ ਨੂੰ ਚਾਕੂ ਨਾਲ ਜ਼ਿਬ੍ਹਾ ਕਰਕੇ ਆਪ ਜਿਊਂਦੀ ਸੜ ਜਾਂਦੀ ਹੈ। ਕੀ ਤੁਸੀਂ ਏਥੇ ਵੀ ਨਾਕਾਰਤਮਕ ਸੁਝਾਅ ਨਹੀਂ ਦੇ ਰਹੇ ਜੋ ਸਦੀਆਂ ਪੁਰਾਣੇ ਸਤਿਅਮ-ਸ਼ਿਵਮ-ਸੁੰਦਰਮ ਦੇ ਸਿਧਾਂਤ ਦਾ ਅਨੁਸਾਰੀ ਨਹੀਂ?

ਜਵਾਬ: ਮੇਰੀਆਂ ਕਹਾਣੀਆਂ ਅਸਾਧਾਰਨ ਪਾਤਰਾਂ ਵਿੱਚੋਂ ਸਾਧਾਰਨਤਾ ਅਤੇ ਸਾਧਾਰਨ ਵਿੱਚੋਂ ਅਸਾਧਾਰਨਤਾ ਢੂੰਡਦੀਆਂ ਹਨ। ਉਹ ਔਰਤ ਬੇਆਰਾਮ ਹੈ ਕਿ ਉਸ ਪਿਓ ਹਰਾਮਜ਼ਾਦੇ ਨੇ ਧੀਆਂ ਨੂੰ ਵੀ ਖ਼ਰਾਬ ਕਰ ਦੇਣਾ ਹੈ। ਏਹੀ ਯਥਾਰਥ ਹੈ। ਸੱਤ ਹੈ। ਅਜਿਹੀਆਂ ਕਦਰਾਂ-ਕੀਮਤਾਂ ਨੂੰ ਜੇ ਦਰੁਸਤ ਨਹੀਂ ਕਰੋਗੇ ਤਾਂ ਅਜਿਹੇ ਘਿਨਾਉਣੇ ਕਾਰੇ ਹੁੰਦੇ ਰਹਿਣਗੇ। ਸੁਝਾਅ ਬੜਾ ਅਸਿਧਾ ਹੈ, ਨਾਅਰੇ ਦੇ ਰੂਪ ਵਿੱਚ ਨਹੀਂ।

ਸਵਾਲ? ਕੀ ਲੇਖਕ ਇੱਕ Seed Drill ਜਾਂ ਬੀਜ ਪੋਰਨ ਵਾਲੀ ਮਸ਼ੀਨ ਵਰਗਾ ਹੁੰਦਾ ਹੈ, ਜਿਸਦੇ ਆਪਣੇ ਅੰਦਰ ਕੋਈ ਦਾਣਾ ਨਹੀਂ ਠਹਿਰਦਾ?

ਜਵਾਬ: ਮੈਂ ਤਾਂ ਥਾਂ ਪੁਰ ਥਾਂ ਲਿਖਿਆ ਹੈ ਕਿ ਰਚਨਾ ਉਸਦੇ ਸਿਰਜਣਹਾਰੇ ਦਾ ਸਿਰਜਾਣਤਮਕ ਆਪਾ ਹੁੰਦੀ ਹੈ। ਮੇਰਾ ਸਾਹਿਤ ਮੇਰੇ ਜੀਵਨ ਦਾ ਸ਼ੀਸ਼ਾ ਹੈ। ਸਾਰਾ ਇੱਕ ਨੰਬਰ ਦਾ ਅਨੁਭਵ ਹੈ। ਨੱਬੇ ਪ੍ਰਤੀਸ਼ਤ ਨਾਟਕਾਂ ਵਿੱਚ ਵੀ ਮੈਂ ਹੀ ਵੱਖ-ਵੱਖ ਪਾਤਰਾਂ ਵਿੱਚ ਟੁੱਟ ਜਾਂਦਾ ਹਾਂ। ਸਭ ਮੇਰੇ ਹੀ ਵੱਖੋ ਵੱਖਰੇ ਰੋਲ ਹੁੰਦੇ ਨੇ। ਮੈਂ ਜਿਵੇਂ ਜੀਵਿਆ ਤਿਵੇਂ ਲਿਖਿਆ ਹੈ, ਇੱਕੋ ਰੰਗ ਦੇ ਬੰਦੇ ਜਾਂ ਕਿਰਦਾਰ ਪੈਦਾ ਕਰਨ ਵਾਲੇ ਰਾਹ ਨਹੀਂ ਪਿਆ।

ਸਵਾਲ? ‘ਕੰਪਿਊਟਰ ਕਲਚਰ, ‘ਪੈਰਸ ਦੀ ਕੁੜੀ, ‘ਅੰਦਰ ਵੱਲ ਖੁੱਲਦਾ ਬੂਹਾ, ‘ਚਰਾਵੀ, ‘ਬਟਵਾਰਾ, ‘ਆਪਣਾ ਆਪਣਾ ਦੇਸ਼, ‘ਜਦ ਸੁੰਦਰਤਾ ਦਰਸ਼ਨ ਦੇਵੇ - ਤੁਹਾਡੀਆਂ ਕਈ ਹੋਰ ਖੂਬਸੂਰਤ ਕਹਾਣੀਆਂ ਹਨ। ਪਰ ਧਿਚੁਥੱਾਂ ਵੀ ਹਨ ਜਿਹਨਾਂ ਵਿੱਚ ਤੁਸੀਂ ਗਲਪ ਨਾਲੋਂ ਆਪਣਾ ਆਪਾ ਜਾਂ ਜਾਣਕਾਰੀ ਪਰੋਸਣ ਦਾ ਲਾਲਚ ਕੁਝ ਜ਼ਿਆਦਾ ਹੀ ਦਿਖਾ ਬੈਠੇ?

ਜਵਾਬ: ਮੈਂ ਤੁਹਾਡੇ ਨਾਲ ਸਹਿਮਤ ਹਾਂ। ਤੁਹਾਨੂੰ ਪਤਾ ਹੈ ਕਿ ਸਾਹਿਤ ਵਿੱਚ ਜੇ ਰਚਨਾ ਉੱਤੇ ਲੇਖਕ ਦਾ ਸੰਕਲਪ ਹਾਵੀ ਹੋ ਜਾਵੇ ਤਾਂ ਉਸ ਨਾਲ ਪਾਠਕ ਨਹੀਂ ਜੁੜ ਸਕੇਗਾ। ਹੁਨਰਮੰਦ ਲੇਖਕ ਉਹ ਹੁੰਦਾ ਹੈ ਜੋ ਰਚਨਾ ਦੇ ਅੰਤ ਵਿੱਚ ਅਜਿਹਾ ਮੋੜ ਸਿਰਜੇ ਕਿ ਰਚਨਾ ਜੀਵਨ ਨਾਲ ਜੁੜ ਜਾਵੇ।

 ਸਵਾਲ? ਜੇ ਤੁਹਾਡੇ ਕਾਵਿ ਨਾਟ ਮਨ ਦੇ ਹਾਣੀ ਅਤੇ ਬੀਮਾਰ ਸਦੀ ਦਾ ਮੁਕਾਬਲਾ ਕਰੀਏ ਤਾਂ ਬੀਮਾਰ ਸਦੀ ਉੱਤੇ ਵੀ ਸੰਕਲਪ ਜ਼ਿਆਦਾ ਭਾਰੂ ਤਾਂ ਨਹੀਂ ਹੋ ਗਿਆ?

ਜਵਾਬ: ਨਹੀਂ ਅਜਿਹਾ ਨਹੀਂ ਹੈ। ਤੁਸੀਂ ਬੀਮਾਰ ਸਦੀ ਦਾ ਅੰਤ ਸੁਣੋ ਜਦੋਂ ਮਰਦ ਔਰਤ ਨੂੰ ਆਖਦਾ ਹੈ

ਮੈਨੂੰ ਗ਼ੋਲੀ ਦੇ, ਦੇਹ ਗ਼ੋਲੀ! ਮੈਂ ਸੋਚ ਤੋਂ ਮੁਕਤੀ ਚਾਹੁੰਦਾ ਹਾਂ

ਔਰਤ ਦੀ ਵੀ ਸੁਣੋ

ਕਹੇ ਸਦੀ ਬੀਮਾਰ ਬੜੀ, ਮੈਂ ਅੱਖ ਹਾਂ ਦਿਲਕਸ਼ ਸੁਹਜ ਭਰੀ

ਕੀ ਇਸਦੀ ਅੱਖ ਯਰਕਾਨੀ ਹੈ? ਜਾਂ ਦੁਨੀਆਂ ਦਾ ਰੰਗ ਪੀਲ਼ਾ ਹੈ?

ਜਾਂ ਕੋਨ ਬਦਲ ਗਿਆ ਵੇਖਣ ਦਾ? ਜਾਂ ਸੋਚ ਬਦਲ ਗਈ ਇਸ ਦੁਨੀਆਂ ਦੀ?

ਮਰਦ: ਜੇ ਬੱਚਿਆ ਰਹਿ ਗਿਆ ਕੱਲ ਤਾਈਂ, ਤੇਰੀ ਹੋਂ ਦ ਨੂੰ ਸਮਝਾਂ ਘੋਖਾਂਗਾ

ਸਾਰਾ ਕੁਝ ਚਿੰਨ੍ਹਾਤਮਕ ਹੈ?

 ਸਵਾਲ? ਸ਼ਾਇਦ ਤਾਂ ਹੀ ਤੁਸੀਂ ਕਦੇ ਕਦੇ ਅਸਪਸ਼ਟ ਜਾਂ ਗੁੱਝੇ ਵੀ ਹੋ ਜਾਂਦੇ ਹੋ?

ਜਵਾਬ: ਅਸਪਸ਼ਟਤਾ ਦੇ ਕਈ ਕਾਰਨ ਹੁੰਦੇ ਹਨ। ਇਕੱਲਾ ਲੇਖਕ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ। ਪਾਠਕ ਦੀ ਸਮਝ ਵਿੱਚਲਾ ਖੱਪਾ ਹੁੰਦਾ ਹੈ। ਇੱਕੋ ਜੀਵਨ ਵਿੱਚ ਰਹਿੰਦਿਆਂ ਸਾਹਿਤ ਵੱਖੋ ਵੱਖਰੇ ਪੱਧਰਾਂ ਤੇ ਲਿਖਿਆ ਜਾ ਰਿਹਾ ਹੈ- ਕਵੀਸ਼ਰੀ, ਸਟੇਜ ਕਵਿਤਾ, ਸਾਹਿਤਕ, ਅਰਧ-ਸਾਹਿਤਕ, ਅਤੇ ਬੌਧਕ ਜਾਂ ਦਾਰਸ਼ਨਿਕ ਵੀ। ਜੇ ਪਾਠਕ ਦਾ ਅਧਿਐਨ ਲੇਖਕ ਨਾਲੋਂ ਘਟ ਹੈ ਜਾਂ ਜੋ ਵਿਸ਼ਾ ਛੋਇਆ ਹੈ, ਉਹ ਪਾਠਕ ਦੀ ਦਿਲ-ਚਰਿਆ ਦਾ ਹਿੱਸਾ ਨਹੀਂ, ਤਾਂ ਗੈਪ ਰਹੇਗਾ। ਮੈਂ ਜਾਣ-ਬੁੱਝ ਕੇ ਅਸਪਸ਼ਟਤਾ ਨਹੀਂ ਪਾਈ, ਜਿਵੇਂ ਤੁਹਾਡੇ ਕੁਝ ਆਲੋਚਕ ਤੇਜਵੰਤ ਸਿੰਘ ਗਿੱਲ, ਗੁਰਭਗਤ ਸਿੰਘ ਵਰਗੇ ਪਾਉਂਦੇ ਹਨ- ਪਾਠਕ ਨੂੰ ਭੰਬਲਭੂਸੇ ਵਿੱਚ ਫਸਾ ਕੇ ਆਪਣੀ ਵਿਦਵਤਾ ਦਾ ਪ੍ਰਭਾਵ ਪਾਉਣਾ। ਆਪਣੀ ਸੰਪਾਦ ਕੀਤੀ ਪੁਸਤਕ ਪ੍ਰਯੋਗਸ਼ੀਲ ਕਾਵਿ ਦਰਪਨ ਵਿੱਚ ਮੈਂ ਸਪਸ਼ਟ ਕੀਤਾ ਸੀ ਤੇ ਦੁੱਗਲ ਸਾਹਿਬ ਵੀ ਮੰਨਦੇ ਸਨ ਕਿ ਕਿਸੇ ਰਚਨਾ ਨੂੰ ਸਮਝਣ ਲਈ ਇੱਕ ਪਾਠਕ ਨੂੰ ਉਨੀ ਹੀ ਮਿਹਨਤ ਕਰਨ ਦੀ ਲੋੜ ਹੈ ਜਿੰਨੀ ਕਿਸੇ ਵਕੀਲ ਨੂੰ ਆਪਣਾ ਗੁੰਝਲਦਾਰ ਕੇਸ ਜੱਜ ਅੱਗੇ ਰੱਖਣ ਲਈ ਕਰਨੀ ਪੈਂਦੀ ਹੈ।

 ਸਵਾਲ? ਸਿੰਬਲ ਜਾਂ ਚਿੰਨ੍ਹ ਸਹਿਜ ਸੁਭਾਅ ਹੀ ਵਰਤੇ ਗਏ? ੍ਵਵੇਂ ਸ਼ਬਦ ਘੜੇ ਅਤੇ ਨਵੀਨ ਪ੍ਰਯੋਗ ਵੀ ਕੀਤੇ ਜਿਹਨਾਂ ਤੋਂ ਪਾਠਕ-ਜਗਤ ਵਾਕਫ਼ ਨਹੀਂ ਸੀ?

ਜਵਾਬ: ਮੈਂ ਮੰਨਦਾ ਹਾਂ, ਮੇਰਾ ਸਾਹਿਤ ਸਮੇਂ ਤੋਂ ਪਹਿਲਾਂ ਦਾ ਸਾਹਿਤ ਸੀ। ਮੇਰਾ ਅਨੁਭਵ ਪਾਠਕਾਂ ਕੋਲ ਨਹੀਂ ਸੀ। ਪਰ ਚਿੰਨ੍ਹ ਸਹਿਜ ਸੁਭਾਅ ਹੀ ਆ ਗਏ। ਅਨੁਭਵ ਤੇ ਅਧਿਐਨ ਵਿਸ਼ਾਲ ਏਨਾ ਸੀ, ਜਤਨ ਕਰਕੇ ਨਹੀਂ ਲਿਖਿਆ

ਘਰ ਤੋਂ ਘਰ ਦੇ ਅੰਦਰ ਤੱਕ, ਦੋ ਘਰੁਵਾਂ ਜਿਤਨੀ ਦੂਰੀ ਹੈ

ਨਾ ਮਿਲ ਸਕਣਾ ਮਜਬੂਰੀ ਹੈ

ਤੁਸੀਂ ਆਪ ਨਾਵਲਕਾਰ ਹੋ। ਰਚਨਾਤਮਕ ਕਿਰਿਆ ਬੜੀ ਗੁੰਝਲਦਾਰ ਹੁੰਦੀ ਹੈ। ਮੈਂ ਉਦੋਂ ਲਿਖਦਾ ਹਾਂ ਜਦੋਂ ਆਮਦ ਹੁੰਦੀ ਹੈ। ਪਾਗ਼ਲ ਕੌਣ ਕਹਾਣੀ ਹੀ ਲਵੋ। ਉਸ ਦੀ ਪਾਤਰ ਕਲੇਅਰ ਆਪਣੇ ਸਾਹਮਣੇ ਤੱਪੜ ਜ਼ਮੀਨ ਪੁੱਟਦੇ, ਹਲ਼ ਦੇ ਫ਼ਾਲਿਆਂ ਨੂੰ ਦੇਖ ਕੇ ਮਹਿਸੂਸ ਕਰਦੀ ਹੈ ਜਿਵੇਂ ਉਹ ਵੀ ਇੱਕ ਅਣਵਿਆਹੀ ਧਰਤੀ ਹੋਵੇ ਜਿਸਨੂੰ ਪਾੜ ਦੀ ਲੋੜ ਹੈ ਅਤੇ ਬੀਜ ਦੀ ਵੀ।

 ਸਵਾਲ? ‘ਮਨ ਦੇ ਹਾਣੀ ਕਾਵਿ ਨਾਟਿ ਦੀ ਥੀਮ ਕੀ ਹੈ?

ਜਵਾਬ: ਮਨ ਦੇ ਹਾਣੀ ਕਿੱਥੋਂ ਲੱਭੀਏ? ਮਨ ਦੇ ਹਾਣ ਨਾ ਲੱਭਦੇ

ਤਨ ਦੀ ਭਾਸ਼ਾ ਬੋਲਣ ਸਾਰੇ, ਬੂਹੇ ਬੰਦ ਨੇ ਸਭ ਦੇ

ਦੇਹ ਨੂੰ ਦੇਹ ਦੀ ਦੌਲਤ ਦੇਵੋ, ਮਨ ਨੂੰ ਦਿਓ ਫ਼ਕੀਰੀ

ਮਨ ਨੂੰ ਮਨ ਤੱਕ ਪੁੱਜਣ ਲਈ ਹੀ, ਉਮਰ ਬੀਤ ਗਈ ਮੇਰੀ!

ਪੱਛਮ ਦੀ ਪੈਸੇ ਲਈ ਲੱਗੀ ਚੂਹਾ-ਦੌੜ, ਵਿਆਹ ਦੀਆਂ ਕੋਮਲ ਭਾਵਨਾਵਾਂ ਨੂੰ ਕੁਚਲ ਦਿੰਦੀ ਹੈ। ਇੱਕੋ ਜਿਹੀਆਂ ਦਿਲਚਸਪੀਆਂ, ਇੱਕੋ ਸੋਚ ਵਾਲਿਆਂ ਦੇ ਵਿਆਹ ਕਰਨੇ ਚਾਹੀਦੇ ਨੇ, ਪੈਸੇ ਨੂੰ ਮੰਜ਼ਿਲ ਨਹੀਂ, ਸਾਧਨ ਮਾਤਰ ਸਮਝਣਾ ਚਾਹੀਦਾ ਹੈ

ਜਦ ਜਦ ਮਿਲਦੇ ਮਨ ਦੇ ਹਾਣੀ, ਰੁਖ਼ ਪਲਟਣ ਦਰਿਆਵਾਂ ਦੇ!

 ਸਵਾਲ? ਕੀ ਤੁਸੀਂ ਆਪ ਜੀਵਨ ਦੇ ਇਸ ਪੜਾਅ ਤੱਕ ਪ੍ਰਛਾਵੇਂ ਫੜਨ ਵਿੱਚ ਕਾਮਯਾਬ ਹੋ ਗਏ ਹੋ?

ਜਵਾਬ: ਤਨ ਨੇ ਜਿੰਨੇ ਜਿਸਮ ਹੰਢਾਏ, ਮਨ ਨੇ ਓਨੇ ਬੋਝ ਉਠਾਏ

ਹਰ ਨਾਤਾ ਇੱਕ ਪਰਬਤ, ਮਨ ਨੂੰ, ਤਨ ਦੇ ਬਸਤਰ ਮੇਚ ਨਾ ਆਏ

ਹਰ ਦੇਹ ਵਿੱਚ ਇੱਕ ਚੋਲ਼ਾ ਲਾਹ ਕੇ, ਹਰ ਦੇਹ ਚੋਂ ਤ੍ਰਿਸ਼ਨਾ ਹੀ ਪਾ ਕੇ

ਤਾਣੀ ਉਲ਼ਝੀ, ਸੁਲ਼ਝੇ ਮਨ ਦੀ!

 ਸਵਾਲ? ਤੁਸੀਂ ਕਾਵਿ ਨਾਟ ਲਿਖੇ ਅਤੇ ਖੇਡੇ ਹਨ। ਕੀ ਪੰਜਾਬੀ ਵਿੱਚ ਕਾਵਿ ਨਾਟ ਦੀ ਕੋਈ ਪਰੰਪਰਾ ਸੀ?

ਜਵਾਬ: ਮੈਂ 12 ਕਾਵਿ ਨਾਟ ਲਿਖੇ ਪਰ ਖੇਡੇ ਗਏ ਉਹ ਗੁਰਸ਼ਰਨ ਸਿੰਘ, ਅਜਮੇਰ ਔਲਖ, ਸਾਹਿਬ ਸਿੰਘ, ਸੁਰਜੀਤ ਸਿੰਘ ਸੇਠੀ ਅਤੇ ਕੇਵਲ ਧਾਲੀਵਾਲ ਦੁਆਰਾ। ਪੰਜਾਬੀ ਵਿੱਚ ਰਾਸ ਦੇ ਰੂਪ ਵਿੱਚ ਬੜੀ ਮੁੱਢਲੀ ਪਰੰਪਰਾ ਤਾਂ ਸੀ ਪਰ ਸੰਸਕ੍ਰਿਤ ਵਰਗੀ ਨਹੀਂ। ਲਿਖਤੀ ਰੂਪ ਵਿੱਚ ਭਾਈ ਵੀਰ ਸਿੰਘ ਦਾ ਰਾਜਾ ਲੱਖਦਾਤਾ ਸਿੰਘ ਪਹਿਲਾ ਕਾਵਿ ਨਾਟ ਸੀ, ਫੇਰ ਦੀਦਾਰ ਸਿੰਘ ਅਤੇ ਤੇਰਾ ਸਿੰਗ ਚੰਨ ਦੇ ਕਈ ਕਾਵਿ ਨਾਟ ਸਨ। ਸੰਤ ਸਿੰਘ ਸੇਖੋਂ, ਸੁਰਜੀਤ ਹਾਂਸ, ਡਾ. ਹਰਿਭਜਨ ਸਿੰਘ, ਸ.ਨ. ਸੇਵਕ, ਸ਼ਹਿਰਯਾਰ ਤੇ ਮਨਜੀਤਪਾਲ ਕੌਰ ਨੇ ਕਾਵਿ ਨਾਟ ਲਿਖੇ।

 ਸਵਾਲ? ਤੁਹਾਨੂੰ ਇਸ ਤਰਫ ਪ੍ਰੇਰਨਾ ਕਿੱਥੋਂ ਮਿਲ਼ੀ?

ਜਵਾਬ: ਯੂਰਪ ਵਿੱਚ ਖੇਡੇ ਜਾ ਰਹੇ ਕਾਵਿ ਨਾਟ ਤੋਂ। ਉੱਥੇ ਦ੍ਰਿਸ਼ ਚਿੱਤਰ ਜੋ ਸਪੈਕਟੇਕਲ ਵਜੋਂ ਖੇਡੇ ਜਾ ਰਹੇ ਸਨ, ‘ਕੈਲਕਟਾ ਬੜਾ ਪ੍ਰਭਾਵਸ਼ਾਲੀ ਕਾਵਿ ਨਾਟ, ਮੈਂ ਦੇਖਿਆ।

 ਸਵਾਲ? ਲੰਬੀ ਕਹਾਣੀ ਅਜਕਲ ਕਿਤੇ ਬੇਸੁਰੀ ਤਾਂ ਨਹੀਂ ਹੋ ਰਹੀ?

ਜਵਾਬ: ਪੰਜਾਬੀ ਵਿੱਚ ਲੰਬ ਕਹਾਣੀ ਵੀ ਪ੍ਰਯੋਗਸ਼ੀਲ ਲਹਿਰ ਦੀ ਹੀ ਉਪਜ ਹੈ। ਮਹਿਰਮ ਯਾਰ, ਜਸਵੰਤ ਸਿੰਘ ਵਿਰਦੀ, ਗੁਲਜ਼ਾਰ ਸਿੰਘ ਸੰਧੂ ਨੇ ਸ਼ੁਰੂਆਤ ਕੀਤੀ। ਵਰਿਆਮ ਸੰਧੂ, ਜੋ ਬਾਅਦ ਵਿੱਚ ਆਇਆ, ਉਸਦੇ ਆਪਣੇ ਜੀਵਨ ਅਨੁਭਵ ਵਿੱਚੋਂ ਲਿਖਣ ਕਰਕੇ ਜਿਆਦਾ ਸਸ਼ਕਤ ਬਣ ਗਈ, ਕਿਉਂਕਿ ਉਸਨੇ ਪਾਖੰਡ ਨਹੀਂ ਕੀਤਾ, ਫਰਜ਼ ਕਰਕੇ ਨਹੀਂ ਲਿਖਿਆ।

 ਸਵਾਲ? ਤੁਹਾਡੇ ਤੇ ਤਾਜ਼ ਇਤਰਾਜ਼ ਇਹ ਕੀਤਾ ਜਾ ਰਿਹਾ ਹੈ ਕਿ ਤੁਸੀਂ ਨਵਾਂ ਕੁਝ ਨਹੀਂ ਸਿਰਜ ਰਹੇ, ਉਹੀ  ਪੁਰਾਣੀ ਸ਼ਰਾਬ ਧੜਾਧੜ ਨਵੀਆਂ ਬੋਤਲਾਂ ਵਿੱਚ ਪਰੋਸੀ ਜਾ ਰਹੇ ਹੋ?

ਜਵਾਬ: 2010 ਵਿੱਚ ਕਵਿਤਾ ਦੀ ਨਵੀਂ ਕਿਤਾਬ ਬਾਜ਼ ਦੀ ਨਜ਼ਰ ਕਾਵਿ ਨਾਟਕ ਚੱਕਰਵਿਊ ਤੇ ਪਿਰਾਮਿਡ ਅਤੇ ਨੌਵਾਂ ਕਹਾਣੀ ਸੰਗ੍ਰਹਿ ਗੋਰੀਆਂ ਸ਼ਹੀਦੀਆਂ ਪਹਿਲੀ ਵਾਰ ਛਪੇ ਹਨ। ਪਿਛਲੇ ਪੰਜ ਵਰ੍ਹਿਆਂ ਦੌਰਾਨ ਮੈਂ ਆਪਣਾ ਸਾਰਾ ਸਾਹਿਤ ਦੁਬਾਰਾ ਛਾਪਿਆ ਕਿਉਂਕਿ 3003 ਤੋਂ 2010 ਤੱਕ ਮੇਰ ਦਿਲ ਦੀ ਪੰਜ ਵਾਰ ਸਰਜਰੀ ਹੋਣ ਕਾਰਨ ਮੈਨੂੰ ਸਿਹਤ ਪੱਖ ਤੋਂ ਕੁਝ ਬੇਵਿਸਾਹੀ ਹੋ ਗਈ ਸੀ। ਉਂਝ ਮੈਂ ਜਲਦੀ ਜਲਦੀ ਨਾ ਹੀ ਲਿਖਿਆ, ਨਾ ਛਪਿਆ ਹਾਂ। ਸਗੋਂ ਪਚਵੰਜਾ ਸਾਲਾਂ ਦੇ ਲੰਬੇ ਅਰਸੇ ਵਿੱਚ ਧੀਮੀ ਚਾਲ ਲਿਖਦਿਆਂ ਵੀ ਕਾਫੀ ਕੁਝ ਰਚਿਆ ਜਾ ਚੁੱਕਾ ਹੈ।

 ਸਵਾਲ? ਡਾ. ਨੂਰ ਹੋਰਾਂ ਇਹ ਕਿਉਂ ਲਿਖਿਆ ਕਿ ਹੁਣ ਰਵੀ ਦੀਆਂ ਕਹਾਣੀਆਂ ਨੂੰ ਜ਼ਿਆਦਾ ਗੌਲਣ ਦੀ ਲੋੜ ਹੈ?

ਜਵਾਬ: ਮੇਰੀ ਕਹਾਣੀ ਗਰਮ ਬੜੀ ਸੀ। ਪਿੰਡ ਵਿੱਚ ਰਹਿੰਦਿਆਂ ਵੀ ਮੈਂ ਸਦਾ ਨਵੇਂ ਵਿਸ਼ੇ ਚੁਣੇ। ਕਿਸੇ ਵੀ ਲੇਖਕ ਨੇ ਸੱਛਵਿਆਂ ਵਿੱਚ ਇੱਕ ਦਲਿਤ ਲੜਕੀ ਨੂੰ ਮਰਦਾਂ ਵਾਲੇ ਕਿਰਦਾਰ ਵਿੱਚਨਹੀਂ ਦਰਸਾਇਆ। ਜਿਵੇਂ ਮੈਂ ਵੱਗ ਚਾਰਨ ਵਾਲੀ ਚਰਾਵੀ ਨੂੰ ਉਸਦਾ ਪਿਓ ਮਰਨ ਕਾਰਨ, ਟੱਬਰ ਦੀ ਪਾਲਕ ਵੱਜੋਂ ਚਿਤਰਿਆ ਸੀ। ਹੁਣ ਪੰਜਾਬੀ ਪਾਠਕ ਅਸਲੀ ਅਰਥਾਂ ਵਿੱਚ ਅੱਗੇ ਆ ਗਿਆ ਹੈ। ਸੋ ਉਹ ਮੇਰੀਆਂ ਬੇਬਾਕ ਕਹਾਣੀਆਂ ਨੂੰ ਜ਼ਿਆਦਾ ਮਾਣ ਸਕੇਗਾ। ਸੱਤਰਵਿਆਂ ਵਿੱਚ ਤਾਂ ਆਲੋਚਕਾਂ ਨੇ ਗਲਤ ਐਨਕਾਂ ਲਾਈਆਂ ਹੋਈਆਂ ਸਨ।

 ਸਵਾਲ? ਕੀ ਸੱਚੇ ਪਿਆਰ ਦਾ ਕੋਈ ਫਲਸਫ਼ ਨਹੀਂ ਹੁੰਦਾ, ਜਿਵੇਂ ਇੱਕ ਨਾਮਰਦ ਜਾਂ ਹੀਜੜੇ ਪਾਤਰ ਨੂੰ ਤੁਸੀਂ ਸੱਚਾ ਆਸ਼ਕ ਹੋਣ ਦੇ ਬਾਵਜੂਦ ਜਦ ਸੁੰਦਰਤਾ ਦਰਸ਼ਨ ਦੇਵੇ ਕਹਾਣੀ ਵਿੱਚ ਵਿਛੋੜੇ ਕਾਰਨ ਭਟਕਦਾ ਦਿਖਾਇਆ ਹੈ?

ਜਵਾਬ: ਕਾਮ ਹੀ ਮੁਖ ਸ਼ਕਤੀ ਹੈ। ਵਿਆਹ ਦੀ ਅਸਲ ਖਾਹਿਸ਼ ਵੀ ਸ਼ਰੀਰਕ ਭੋਗ ਹੀ ਹੈ। ਵਿਆਹ ਅਸਲ ਵਿੱਚ ਸੈਕਸ ਨੂੰ ਕਾਨੂੰਨੀ ਬਣਾਉਣ ਦੀ ਸਮਾਜਕ ਰਸਮ ਹੈ। ਪਰ ਜੇ ਮਾਨਸਕ ਹਾਣ ਦਾ ਸਾਥ ਮਿਲ ਜਾਵੇ ਤਾਂ ਅਜਿਹਾ ਰਿਸ਼ਤਾ ਅਟੁੱਟ ਹੋਵੇਗਾ।

 ਸਵਾਲ? ਤੁਸੀਂ ਸੱਤਰਵਿਆਂ ਵਿੱਚ ਪੰਜਾਬੀ ਲੇਖਕਾਂ ਨੂੰ ਨਵੇਂ ਦਿਸਹੱਦੇ ਫਰੋਲਣ ਦਾ ਮਸ਼ਵਰਾ ਦਿੱਤਾ ਸੀ। ਕੀ ਉਹ ਪੰਜਾਬ ਵਿੱਚ ਰਹਿ ਕੇ ਰਵਿੰਦਰ ਰਵੀ ਬਣ ਸਕਦੇ ਸਨ?

ਜਵਾਬ: ਤੁਸੀਂ ਬੜੀ ਖੂਬਸੂਰਤ ਗੱਲ ਕੀਤੀ ਹੈ। ਸਾਡੇ ਪੰਜਾਬੀ ਲੇਖਕ ਰਵਿੰਦਰ ਰਵੀ ਤਾਂ ਕੈਨੇਡਾ, ਅਮਰੀਕਾ ਜਾਂ ਇੰਗਲੈਂਡ ਵਿੱਚ ਰਹਿ ਕੇ ਨਹੀਂ ਬਣ ਸਕੇ. ਉੱਥੇ ਵੀ ਸਟੇਜੀ ਕਵਿਤਾ ਲਿਖੀ ਜਾਂਦੇ ਨੇ। ਤੀਹ ਤੀਹ ਸਾਲਾਂ ਤੋਂ ਵਲਾਇਤ ਵਿੱਚ ਵੱਸਦੇ ਭਾਰਤੀ ਪੰਜਾਬ ਵਿਚਲਾ ਯਥਾਰਥ ਚਿੱਤਰੀ ਜਾਂਦੇ ਨੇ। ਐਧਰਲੇ ਜੀਵਨ ਨੂੰ ਨਹੀਂ ਫੜਦੇ, ਅਮਾਨਵੀਕਰਨ ਨੂੰ ਤਾਂ ਇਹਨਾਂ ਕਿੱਥੇ ਚਿੱਤਰਨਾ ਸੀ।

 ਸਵਾਲ? ‘ਅਮਾਨਵੀਕਰਨ ਨੂੰ ਜ਼ਰਾ ਸਪੱਸ਼ਟ ਕਰੋ। ਇਹ ਕਿਉਂ ਹੋ ਰਿਹਾ ਹੈ?

ਜਵਾਬ: ਜਦੋਂ ਹਾਲਾਤ ਦੇ ਵੱਸ ਪਿਆ ਮਨੁੱਖ, ਮਨੁੱਖ ਹੀ ਨਾ ਰਹੇ, ਮਸ਼ੀਨ ਬਣ ਜਾਵੇ। ਮੁੱਢਲੀਆਂ ਲੋੜਾਂ ਕੀਮਤਾਂ ਨਾਲੋਂ ਟੁੱਟ ਕੇ ਆਪਣੇ ਆਪੇ ਨੂੰ ਵੀ ਗੁਆ ਬੈਠੇ ਜਿਵੇਂ ਮੇਰੀ ਕਹਾਣੀ ਕੰਪਿਊਟਰ ਕਲਚਰ, ਕਾਵਿ ਨਾਟ ਚੱਕਰਵਿਊ ਤੇ ਪਿਰਾਮਿਡ ਵਿੱਚ ਹੁੰਦਾ ਹੈ। ਮਨੁੱਖ ਦੇ ਮਨ ਅੰਦਰਲੀ ਖਿੱਚੋਤਾਣ, ਸਵੈ ਨਾਲ ਲੜਾਈ ਅਤੇ ਬਾਹਰੀ ਕਸ਼ਮਕਸ਼ ਦਿਖਾਈ ਈ ਹੈ।

 ਸਵਾਲ? ਜਦੋਂ ਤੁਸੀਂ ਕੰਪਿਊਟਰ ਕਲਚਰ ਤੇ ਬਿਮਾਰ ਸਦੀ ਵਰਗੀਆਂ ਰਚਨਾਵਾਂ ਕੀਤੀਆਂ, ਉਦੋਂ ਕੰਪਿਊਟਰ ਆ ਚੁੱਕਾ ਸੀ?

ਜਵਾਬ: ਬੀਮਾਰ ਸਦੀ ਕਾਵਿ ਨਾਟ 1974 ਵਿੱਚ ਰਚਿਆ। ਉਹ ਯਥਾਰਥ ਬੇਸ਼ੱਕ ਡਾਕੂਮੈਂਟਰੀ ਫਿਲਮਾਂ, ਮੈਗਜ਼ੀਨਾਂ ਅਤੇ ਅਖਬਾਰੀ ਖੋਜਾਂ ਉੱਤੇ ਆਧਾਰਤ ਸੀ ਪਰ ਲੇਖਕ ਵਜੋਂ ਭਵਿੱਖਦਰਸ਼ੀ ਹੋਣ ਕਾਰਨ ਮੈਂ ਜੋ ਕਾਲਪਨਿਕ ਸੱਚ ਪੇਸ਼ ਕੀਤਾ, ਉਹੀ ਭਵਿੱਖ ਦਾ ਸੱਛ ਹੋ ਨਿਬੜਿਆ। ਕੰਪਿਊਟਰ ਕਲਚਰ ਕਹਾਣੀ ਮੈਂ 1981 ਵਿੱਚ ਲਿਖੀ ਜਦੋਂ ਕੰਪਿਊਟਰ ਦੀਆਂ ਨਕਲਾਂ ਅਸੀਂ ਆਪਣੇ ਦੋਹਾਂ ਪੁਤਰਾਂ-ਅਮ੍ਰਿਤਪਾਲ ਤੇ ਸਹਿਜਪਾਲ ਲਈ ਅਮਰੀਕਾ ਤੋਂ ਮਹਿੰਗੀਅੰ ਖਰੀਦ ਕੇ ਲਿਆਏ। ਦੋਵੇਂ ਬੱਚੇ ਆਪੋ ਆਪਣੇ ਰੂਮ ਚ ਵੜ੍ਹ ਕੇ ਕੰਪਿਊਟਰ ਤੇ ਇਲੈਕਟ੍ਰੋਨਿਕ ਖਿਡਾਉਣਿਆਂ ਵਿੱਚ ਪਰਚੇ ਮੈਨੂੰ ਸਾਡੇ ਨਾਲੋਂ ਟੁੱਟਦੇ ਜਾਪੇ।ਫੇਰ ਸਾਡੇ ਘਰ ਵਿੱਚ ਹੀ ਚਾਰ ਮੀਨੂੰ ਪੱਕਦੇ। ਮੈਂ ਮਾਸਾਹਾਰੀ ਅਤੇ ਮਦ ਦਾ ਸ਼ੌਕੀਨ। ਕਸ਼ਮੀਰ ਕੌਰ ਪੂਰੀ ਵੈਸ਼ਨੂੰ। ਮੁੰਡਿਆਂ ਦੀਆਂ ਅਲੱਗ ਅਲੱਗ ਫਰਮਾਇਸ਼ਾਂ। ਮਿੱਤਰਾਂ ਦੋਸਤਾਂ ਦੇ ਬੱਚਿਆਂ ਨੂੰ ਵੱਖੋ-ਵੱਖਰੇ ਰਾਹ ਪੈਂਦਿਆਂ ਦੇਖ ਚੁੱਕਾ ਸਾਂ। ਮਾਨਸਿਕ ਪੱਧਰ ਤੇ ਦੂਹਰੇ ਹਾਦਸੇ ਦਾ ਸ਼ਿਕਾਰ ਸਾਂ। ਪਿਤਾ ਜੀ ਦੀ ਮੌਤ ਕਾਰਨ ਇੰਝ ਮਹਿਸੂਸ ਕਰਦਾ ਜਿਵੇਂ ਮੇਰੇ ਸ਼ੀਰਾ ਲੱਗੇ ਦਿਮਾਗ ਨੂੰ ਮਕੌੜੇ ਚੰਬੜੇ ਹੋਣ। ਜਾਂ ਮੈਂ ਗਰਦਨ ਕੱਟੇ ਮੁਰਗੇ ਵਾਂਗ ਤੜਫਦਾ ਇੱਧਰ-ਉੱਧਰ ਭਟਕ ਰਿਹਾ ਹੋਵਾਂ। ਗਰ ਵਾਲੀ ਵੀ ਕੈਨੇਡਾ ਆ ਚੁੱਕੀ ਸੀ, ਇੱਕ ਹੋਰ ਸਹੇਲੀ ਨਾਲ ਮੇਰਾ ਇਸ਼ਕ ਵੀ ਚੱਲਦਾ ਸੀ। ਇੱਕ ਤਰਫ਼ ਗ੍ਰਹਿਸਥ ਦੀ ਵਫ਼ਾਦਾਰੀ, ਦੂਜੇ ਪਾਸੇ ਭਾਵਨਾ ਦੀ ਤੜਫਣ। ਮਾਨਸਿਕ ਦਵੰਦ ਸੀ ਜਿਸ ਵਿੱਚੋਂ ਕੰਪਿਊਟਰ ਕਲਚਰ ਦੀ ਸਿਰਜਣਾ ਹੋਈ।

 ਸਵਾਲ? ਤੁਸੀਂ ਆਪਣੇ ਸਮੁੱਚੇ ਸਾਹਿਤ ਰਾਹੀਂ ਕਿਸ ਖੇਤਰ ਵਿੱਚ ਪਹਿਲ ਕੀਤੀ?

ਜਵਾਬ: ਕੰਪਿਊਟਰ ਕਲਚਰ ਬਾਰੇ ਪਹਿਲੀ ਕਹਾਣੀ ਲਿਖ ਕੇ ਵੀ ਤਾਂ ਮੈਂ ਹੀ ਪਹਿਲ ਕੀਤੀ ਸੀ ਕਿਉਂਕਿ ਮੈਂ ਮਹਿਸੂਸ ਕਰ ਲਿਆ ਸੀ ਕਿ ਸਿ ਮਸ਼ੀਨ ਨੇ ਸਾਡੇ ਪਰਿਵਾਰ ਨੂੰ ਤਾਂ ਕੀ, ਮਨੁੱਖ ਨੂੰ ਵੀ ਤੋੜ ਦੇਣਾ ਹੈ। ਦੂਜੇ, ਮੈਂ ਹਮੇਸ਼ਾ ਆਪਣੇ ਆਪ ਨਾਲ ਹੀ ਮੁਕਾਬਲਾ ਕੀਤਾ ਹੈ, ਦੂਜਿਅੰ ਨਾਲ ਨਹੀਂ। ਮੇਰੀ ਨਵੀਂ ਰਚਨਾ ਸਦਾ ਪਹਿਲੀ ਨਾਲੋਂ ਨਵੇਕਲੀ ਹੋਵੇ-ਮੇਰੀ ਧਾਰਨਾ ਸੀ। ਮੈਂ ਵਿਸ਼ੇ ਪੱਖੋਂ ਹੀ ਨਹੀਂ, ਵਿਧੀ ਪੱਖ ਤੋਂ ਵੀ ਨਵੀਨਤਾ ਲਿਆਂਦੀ। ਨਵੇਂ ਸਿੰਬਲ, ਨਵੇਂ ਸ਼ਬਦ, ਨਵੇਂ ਮੁਹਾਵਰੇ ਸਿਰਜੇ ਅਤੇ ਬੇਬਾਕੀ ਨਾਲ ਲਿਖਣ ਦੀ ਹਿੰਮਤ ਦਿਖਾਈ।

 ਸਵਾਲ? ਜੇ ਤੁਸੀਂ ਪੰਜਾਬ ਵਿੱਚ ਹੀ ਰਹਿੰਦੇ ਤਾਂ ਤੁਸੀਂ ਕੀ ਲਿਖਦੇ?

ਜਵਾਬ: ਹੋ ਸਕਦਾ ਹੈ, ਕਈਅੰ ਵਾਂਗ ਲਿਖਣੋਂ ਹੀ ਹੱਟ ਜਾਂਦਾ। ਕਰਨੇ ਤਾਂ ਮੈਂ ਪ੍ਰਯੋਗ ਹੀ ਸਨ। ਮੇਰੇ ਕੋਲ ਜ਼ਿੰਦਗੀ ਜਿੱਡਾ ਵਿਸ਼ਾਲ ਅਨੁਭਵ ਨਹੀਂ ਸੀ ਹੋਣਾ। ਹੋ ਸਕਦਾ, ਮੇਰੀ ਸੋਚ ਸੀਮਿਤ ਹੋ ਜਾਂਦੀ, ਖੜੋਤ ਆ ਜਾਂਦੀ।

 ਸਵਾਲ? ਤੁਹਾਨੂੰ ਚਰਚਾ ਚ ਰਹਿਣਾ ਆਉਂਦਾ ਹੈ। ਕਾਰਨ?

ਜਵਾਬ: ਕਹਿ ਨਹੀਂ ਸਕਦਾ। ਮੈਂ ਕੰਡਰਾਡਿਕਟਰੀ ਲਿਖਿਆ ਹੈ। ਪਹਿਲੀ ਪੁਸਤਕ ਦਿਲ ਦਰਿਆ ਸਮੁੰਦਰੋਂ ਡੂੰਘੇ ਦਾ ਮੁੱਖ ਬੰਦ ਸੇਖੋਂ ਸਾਹਿਬ ਨੇ ਲਿਖ ਦਿੱਤਾ ਕਿਉਂਕਿ ਉਹ ਮੇਰੇ ਪਿਤਾ ਜੀ ਦੇ ਮਿੱਤਰ ਸਨ। ਉਸ ਤੋਂ ਤੜਫ ਕੇ ਜਸਬੀਰ ਸਿੰਘ ਆਹੂਲੀਵਾਲੀਆ ਨੇ ਦੂਜੀ ਕਿਤਾਬ ਬਪੱਕਲ਼ ਦੇ ਵਿੱਚ ਚੋਰ ਵਿੱਚ ਸੇਖੋਂ ਸਾਹਿਬ ਦੇ ਖਿਲਾਫ ਲਿਖ ਮਾਰਿਆ। ਚਰਚਾ ਛਿੜ ਪਈ।

 ਸਵਾਲ? ਤੁਹਾਡੀ ਕਾਵਿ ਨਾਟ ਨੂੰ ਵਿਸ਼ੇਸ਼ ਦੇਣ ਕੀ ਹੈ?

ਜਵਾਬ: ਮੈਂ ਸਹੀ ਮਾਅਨਿਆਂ ਵਿੱਚ ਕਾਵਿ ਨਾਟ ਲਿਖਿਆ ਹੈ ਜਿਸ ਵਿੱਚ ਕਾਵਿ ਵੀ ਹੈ ਅਤੇ ਨਾਟਕ ਵੀ। ਤਾਂ ਹੀ 12 ਵਿੱਚੋਂ ਮੇਰੇ 9 ਨਾਟਕ ਖੇਡੇ ਜਾ ਚੁੱਕੇ ਹਨ।

ਸਵਾਲ? ਤੁਸੀਂ 27 ਸਾਲ ਕੈਨੇਡਾ ਦੇ ਆਦਿਵਾਸੀਅੰ ਨੂੰ ਪੜਾਇਆ ਹੈ। ਉਹਨਾਂ ਦੀ ਭਾਸ਼ਾ, ਲਿਪੀ, ਸੱਭਿਆਚਾਰ ਬਾਰੇ ਕੁਝ ਸਾਰਥਕ ਵੀ ਕੀਤਾ?

ਜਵਾਬ: ਇਹ ਐਬਰਿਜਨਲ ਲੋਕ 20-22 ਹਜ਼ਾਰ ਸਾਲ ਪਹਿਲਾਂ ਮੰਗੋਲੀਆ ਤੋਂ ਆਏ ਸਨ। ਭੋਜਲ ਤੇ ਚਰਾਂਦਾ ਦੀ ਭਾਲ ਵਿੱਚ। ਇਹਨਾਂ ਦੇ ਰੀਤੀ ਰਿਵਾਜ ਸਾਡੇ ਵਰਗੇ ਹੀ ਹਨ, ਜਿਵੇਂ ਵਿਆਹ ਮੌਕੇ ਪਿੰਡ ਨੂੰ ਚੁੱਲ੍ਹੇ ਨਿਉਂਦਾ ਦੇਣਾ, ਸ਼ਗਨ ਪਾਉਣਾ, ਭਾਜੀ ਦੇਣੀ। ਚਾਰ ਮੁੱਖ ਕਬੀਲੇ- ਬਘਿਆੜ, ਇੱਲ, ਕਾਂ ਤੇ ਮੱਛੀ। ਆਪੋ ਆਪਣੇ ਕਬੀਲੇ ਜਾਂ ਗੋਤ ਅੰਦਰ ਵਿਆਹ ਨਹੀਂ ਕਰ ਸਕਦੇ। ਵਿਆਹ ਤੋਂ ਪਹਿਲਾਂ ਕੁੜੀਆਂ ਮੁੰਡਿਆਂ ਵਿੱਚ ਕਾਮ-ਕ੍ਰੀੜਾ ਪ੍ਰਚਲਤ ਸੀ। ਅਜਿਹੇ ਕੁਆਰ ਸੰਬੰਧਾਂ ਵਿੱਚੋਂ ਉਪਜੇ ਜਵਾਕਾਂ ਨੂੰ ਦਾਦੀਆਂ ਨਾਨੀਆਂ ਗੋਦ ਲੈ ਕੇ ਪਾਲ਼ ਲੈਂਦੀਆਂ। ਲੜਕੀ ਅੱਗੇ ਚਲੀ ਜਾਂਦੀ। ਬੁੱਢਿਆਂ ਨੂੰ, ਲਾਵਾਰਿਸ ਮਰੀਜਾਂ ਨੂੰ ਇਹ ਆਸ਼ਰਮਾਂ ਵਿੱਚ ਨਹੀਂ ਰੁੱਲਣ ਦਿੰਦੇ। ਜੇ ਸਕਾ ਧੀ-ਪੁੱਤਰ ਨਾ ਵੀ ਹੋਵੇ ਤਾਂ ਸ਼ਰੀਕੇ ਵਿੱਚੋਂ ਕੋਈ ਸੰਭੰਧੀ ਆਪਣੇ ਘਰ ਰੱਖ ਕੇ ਸੇਵਾ ਸ਼ੰਭਾਲ਼ ਕਰਦਾ ਹੈ। ਇਹਨਾਂ ਦੀ ਔਲਾਦ ਨੂੰ ਅੰਗਰੇਜ਼ ਪਾਦਰੀਆਂ ਨੇ ਰਿਹਾਇਸ਼ੀ ਸਕੂਲਾਂ ਵਿੱਚ ਲਿਜਾ ਕੇ ਖਰਾਬ ਕੀਤਾ, ਨਸ਼ਈ ਅਤੇ ਕਾਮੀ ਬਣਾ ਦਿੱਤਾ। ਉਹ ਆਪਣੀ ਬੋਲੀ-ਸੱਭਿਆਚਾਰ ਭੁੱਲ ਬੈਠੇ। ਆਦਮੀ ਤੇ ਹਵਾ ਦੀ ਮਾਂ ਅਤੇ ਰੋਹ ਦੀ ਸ਼ੈਲੀ ਕਹਾਣੀਆਂ ਵਿੱਚ ਇਹੋ ਟਕਰਾਅ ਹੈ।

 ਸਵਾਲ? ਤੁਸੀਂ ਇਹਨਾਂ ਦੀ ਭਾਸ਼ਾ ਤੇ ਸੱਭਿਆਚਾਰ ਬਚਾਉਣ ਵਿੱਚ ਕੋਈ ਰੁਚੀ ਦਿਖਾਈ?

ਜਵਾਬ: ਮੈਂ ਵਿੰਡ-ਸੌਂਗ ਨਾਂ ਦਾ ਰਸਾਲਾ ਸਕੂਲ ਵਿੱਚ ਜਾਰੀ ਕੀਤਾ ਜਿਸ ਵਿੱਚ ਇਹਨਾਂ ਪਾੜ੍ਹਿਆਂ ਦੀਆਂ ਰਚਨਾਵਾਂ ਛਾਪਦਾ। ਕਿਉਂਕਿ ਇਹਨਾਂ ਵਿੱਚ ਕਲਪਨਾ ਤੇ ਹੁਨਰ ਬਹੁਤ ਜ਼ਿਆਦਾ ਸੀ। ਪੱਤਰਕਾਰੀ ਵਿੱਚ ਪ੍ਰੇਰਨਾ ਦੇਣ ਲਈ ਦਰਿਆਈ ਖ਼ਬਰਾਂ ਜਾਂ ਕੈਲੀਅਸ ਨਿਊਜ਼ ਰਸਾਲਾ ਅਲੱਗ ਕੱਢਿਆ। ਰਸਾਲੇ ਇਕੱਠੇ ਕਰਕੇ ਪੁਸਤਕ ਛਾਪ ਦਿੰਦੇ। ਜੋ ਵਿਕਰੀ ਹੁੰਦੀ ਉਸ ਵਿੱਚੋਂ ਹੋਣਹਾਰ ਵਿਦਿਆਰਥੀਆਂ ਨੂੰ ਵਜ਼ੀਫ਼ਾ ਦਿੰਦੇ। ਇੰਝ ਨਿਸਗਾ ਭਾ੍ਰ ਉਲਥਾ ਕੇ ਛਾਪੀਅੰ ਉਹ ਕਿਤਾਬਾਂ ਪਾਠ- ਪੁਸਤਕਾਂ ਬਣ ਗਈੱਾਂ। ਇਹਨਾਂ ਚਹੁੰਆਂ ਪਿੰਡਾਂ ਦੀ ਅੰਗਰੇਜ਼ੀ ਲਿਪੀ ਵਿੱਚ ਲਿਖੀ ਜਾਂਦੀ ਬੋਲੀ ਲਿਸਗਾ ਨੂੰ ਸੈਕੰਡ ਭਾਸ਼ਾ ਵਜੋਂ ਮਾਨਤਾ ਮਿਲ ਗਈ।

 ਸਵਾਲ? ਪੂਰਬ ਤੇ ਪੱਛਮ ਦਾ ਮੁਕਾਬਲਾ ਕਰਦਿਆਂ ਪੱਛਮ ਵਿੱਚ ਵੀ ਕੋਈ ਕਮੀ ਮਹਿਸੂਸ ਹੋਈ ਹੋਵੇ?

ਜਵਾਬ: ਪੂਰਾ ਕੋਈ ਵੀ ਨਹੀਂ। ਬੁਨਿਆਦੀ ਅਸੂਲ ਦੋਵਾਂ ਦੇ ਠੀਕ ਹਨ। ਭੈੜ ਵੀ ਦੋਹਾਂ ਵਿੱਚ ਹਨ। ਪੱਛਮ ਵਿੱਚ ਵੀ ਜ਼ੁਰਮ, ਡਰੱਗ, ਨਸ਼ਾਖੋਰੀ, ਰੰਡੀਬਾਜ਼ੀ, ਟਾਰਗੈੱਟ ਕਿਲਿੰਗ ਹੈ। ਨਸਲੀ ਵਿਤਕਰਾ ਹੈ। ਮਨੁੱਖ ਦਾ ਮਨੁੱਖ ਨਾਲ ਰਿਸ਼ਤਾ ਜੋੜਨ ਲਈ ਚਿੰਤਨ ਤੇ ਸੋਝੀ ਹਰੇਕ ਮਨੁੱਖ ਨੂੰ ਹੋਣੀ ਜ਼ਰੂਰੀ ਹੈ। ਅੱਜ ਦੇ ਗਲੋਬਲ ਪਿੰਡ ਵਿੱਚ ਅਸੀਂ ਵਾਟਰ-ਟਾਈਟ ਕੰਪਾਰਟਮੈਂਟ ਵਿੱਚ ਨਹੀਂ ਰਹਿ ਸਕਦੇ।

 ਸਵਾਲ? ‘ਸਿਮਰਤੀਆਂ ਦੇ ਦੇਸ਼ ਤੁਹਾਡੇ ਇੱਕੋ ਇੱਕ ਸਫ਼ਰਨਾਮੇ ਦੇ ਸੰਦਰਭ ਚ ਦੱਸੋ ਕਿ ਪ੍ਰਭਾਵਸ਼ਾਲੀ ਕਥਾ ਯਾਤਰਾ ਕਿਹੜੀ ਹੁੰਦੀ ਹੈ?

ਜਵਾਬ: ਜਿਹੜੀ ਰੋਜ਼ਨਾਮਚਾ ਜਾਂ ਡਾਇਰੀ ਕਿਸਮ ਦੀ ਨਾਂ ਹੋਵੇ। ਉਹੀ ਤੱਥ ਉਭਾਰੇ ਜਾਣ ਜਿਹਨਾਂ ਬਾਰੇ ਡੂੰਘੀ ਤੇ ਟਕਸਾਲੀ ਜਾਣਕਾਰੀ ਹੋਵੇ। ਹੱਢਾਂ ਨਾਲ ਹੰਢਾ ਕੇ ਲਿਖਿਆ ਸੱਚ ਹੀ ਰੌਚਕ ਬਣ ਸਕਦਾ ਹੈ ਜਿਵੇਂ ਮੈਂ ਕੀਨੀਆਂ, ਇੰਗਲੈਂਡ, ਫਰਾਂਸ ਤੇ ਕੈਨੇਡਾ ਬਾਰੇ ਬਿਆਨ ਕੀਤਾ ਹੈ।

 ਸਵਾਲ? ਪਰਵਾਸ ਕਰਕੇ ਕੀ ਖੱਟਿਆ ਤੇ ਕੀ ਗਵਾਇਆ ਹੈ?

ਜਵਾਬ: ਖੱਟਿਆ ਹੀ ਹੈ। ਸੰਤੋਖ ਦੀ ਗੱਲ ਇਹ ਹੈ ਕਿ ਮੇਰੀ ਘਰਵਾਲੀ ਦੇ ਚੰਗੇ ਸੰਸਕਾਰਾਂ ਕਰਕੇ ਮੇਰੇ ਲੜਕੇ ਤਾਂ ਪੱਛਮ ਵਿੱਚ ਗਵਾਚਣੋਂ ਬਚ ਗਏ ਹਨ, ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿ ਗਏ ਹਨ, ਅਗਲੇਰੀ ਪੀੜ੍ਹੀ ਦਾ ਪਤਾ ਨਹੀਂ।

 ਸਵਾਲ? ਆਲੋਚਕਾਂ ਬਾਰੇ ਕੋਈ ਗਿਲਾ?

ਜਵਾਬ: ਮੈਨੂੰ ਸਦਾ ਕਦਰਦਾਨ ਆਲੋਚਕ ਮਿਲੇ ਨੇ।

 ਸਵਾਲ? ‘‘ਇਨਾਮ-ਸਨਮਾਨ ਕਿਸੇ ਲੇਖਕ ਲਈ ਇੰਝ ਹੁੰਦੇ ਨੇ ਜਿਵੇਂ ਥਲਾਂ ਚ ਭਟਕਦੇ ਰਾਹੀ ਨੂੰ ਕੋਈ ਨਖਲਿਸਤਾਨ ਲੱਭ ਗਿਆ ਹੋਵੇ ਜਿਸ ਨਾਲ ਥੋੜ੍ਹ-ਚਿਰੀ ਰਾਹਤ ਜ਼ਰੂਰ ਮਿਲਲਦੀ।’’ ਤੁਹਾਨੂੰ ਮਿਲੇ ਅਣਗਿਣਤ ਇਨਾਮਾਂ ਵਿੱਚੋਂ, ਕਿਸੇ ਲਈ ਵਿਸ਼ੇਸ਼ ਤਰੱਦਦ ਕਰਨਾ ਪਿਆ ਹੋਵੇ?

ਜਵਾਬ: ਮੈਂ ਕਦੇ ਵੀ ਕਿਸੇ ਵੀ ਐਵਾਰਡ ਲਈ ਜਤਨ ਨਹੀਂ ਕੀਤਾ। ਭਾਸ਼ਾ ਵਿਭਾਗ ਪੰਜਾਬ ਵੱਲੋਂ ਵਿਦੇਸ਼ੀ ਸਾਹਿਤਕਾਰਾਂ ਲਈ ਸਥਾਪਤ ਪਹਿਲਾ ਇਨਾਮ ਮੇਰੇ ਹੀ ਹਿੱਸੇ ਆਇਆ ਸੀ ਹਾਲਾਂਕਿ ਗੁਰਚਰਨ ਰਾਮਪੁਰੀ, ਕੇਸਰ ਸਿੰਘ ਨਾਵਲਿਸਚ ਅਤੇ ਅਜਾਇਬ ਕਮਲ ਮੇਰੇ ਮੁਕਾਬਲੇ ਵਿੱਚ ਸਨ।

 ਸਵਾਲ? ਇਆਪਾ ਐਵਾਰਡਾਂ ਬਾਰੇ ਦੱਸੋ?

ਜਵਾਬ: ਇਹ ਅੰਤਰਰਾਸ਼ਟਰੀ ਪੱਧਰ ਦੀ ਸੰਸਥਾ ਹੈ ਜੋ ਭਾਰਤੀ ਸਾਹਿਤ ਅਕਾਦਮੀ ਵਲੋਂ ਦਿੱਤੇ ਗਏ ਕੁਝ ਗ਼ੈਰ ਵਾਜ਼ਬ ਇਨਾਮਾਂ ਨੂੰ ਦੇਖ ਕੇ ਅਸੀਂ ਕੈਨੇਡਾ ਵਿੱਚ ਸਥਾਪਤ ਕੀਤੀ ਸੀ ਤਾਂ ਕਿ ਵਿਸ਼ਵ ਵਿੱਚੋਂ ਯੋਗ ਲੇਖਕ ਨੂੰ ਹਰ ਸਾਲ ਸਨਮਾਨਿਆ ਜਾਵੇ। ਪਹਿਲਾ ਇਨਾਮ 1980 ਵਿੱਚ ਸੰਤ ਸਿੰਘ ਸੇਖੋਂ ਨੂੰ ਦਿੱਤਾ ਗਿਆ ਸੀ।

 ਸਵਾਲ? ਭਾਰਤੀ ਨੌਜਵਾਨਾਂ ਵਿੱਚ ਜੋ ਵਿਦੇਸ਼ ਭੱਜਣ ਦੀ ਹੋੜ ਲੱਗੀ ਹੈ, ਬਾਰੇ ਕੀ ਆਖਣਾ ਚਾਹੋਗੇ?

ਜਵਾਬ: ਜ਼ਮੀਨਾਂ ਵੇਚਕੇ, ਕਰਜ਼ੇ ਲੈ ਕੇ, ਗ਼ਲਤ ਢੰਗ ਅਪਣਾ ਕੇ, ਐਸ਼ ਦੀ ਭਾਲ਼ ਵਿੱਚ ਨਾ ਆਉ। ਸੁਯੋਗ ਬਣੋ। ਇੱਥੋਂ ਦੇ ਹੀ ਨਹੀਂ, ਦੁਨੀਆਂ ਦੇ ਇਮੀਗਰੇਸ਼ਨ ਸਿਸਟਮ ਦਾ ਆਦਰ ਕਰਦਿਆਂ, ਯੋਗਤਾ ਪ੍ਰਾਪਤ ਕਰਕੇ, ਜਿੱਥੇ ਮਰਜ਼ੀ ਜਾਓ। ਹੁਣ ਭਵਿੱਖ ਵਿੱਚ ਤਾਂ ਯੋਗ ਨੌਜਵਾਨਾਂ ਲਈ ਕੋਈ ਸਰਹੱਦ ਨਹੀਂ ਰਹਿਣੀ- ਹਰ ਮੁਲਕ ਉਹਨਾਂ ਦੀ ਪਹੁੰਚ ਵਿੱਚ ਹੋਵੇਗਾ। ਗ਼ਲਤ ਤਰੀਕੇ ਅਪਣਾ ਕੱ ਜੇਹਲਾਂ ਚ ਡੱਕੇ ਜਾਣ, ਮਾਰੇ ਜਾਣ ਜਾਂ ਨਸ਼ਈ ਬਣ ਕੇ ਡਰੱਗ ਮਾਫ਼ੀਆ ਦੇ ਧੱਕੇ ਚੜ੍ਹਨ ਨਾਲੋਂ ਤਾਂ ਭਾਰਤ ਵਿੱਚ ਆਦਰ ਸਤਿਕਾਰ ਨਾਲ ਅਤੇ ਮਾਣ ਨਾਲ ਵੱਸਣਾ ਹੀ ਬਿਹਤਰ ਹੈ।

 ਸਵਾਲ? ਪਾਠਕਾਂ ਨੂੰ ਕੋਈ ਸੰਦੇਸ਼?

ਜਵਾਬ: Poetry of Perfomance ਜਾਂ ਹਰਮਨਪਿਆਰੀ ਕਵਿਤਾ ਨੂੰ ਮੇਰੀ ਬੌਧਿਕ ਸ਼ਾਇਰੀ ਨਾਲ ਜੋੜ ਕੇ ਨਾ ਦੇਖੋ। ਮੇਰੀ ਰਚਨਾ ਨੂੰ ਜਤਨ ਕਰਕੇ ਪੜ੍ਹਨਾ ਹੋਵੇਗਾ। ਇਹ ਤੁਹਾਨੂੰ ਜ਼ਰੂਰ ਸੋਚਣ ਲਾ ਦੇਵੇਗੀ। ਤੁਹਾਡੀ ਬੌਧਿਕ ਸ਼ਮੂਲੀਅਤ ਜ਼ਰੂਰੀ ਹੈ।

Comments

surinder kamboj ferozepur

bahut vadia mulakaat.....saare p kha to sampuran

Manga Basi

It is a great Mulakat, i learn lot after reading about Ravinder Ravi. Blling sahib thank you for your time too.

Atamjit Singh

A genuine and honest interview

Parandeep Kainth

Actually He is Really Good Man

Ravinder Ravi

Avtar Billing came up with challenging and probing questions that resulted in some equally intense and honest answers. He worked very hard to read and understand my literature and then address some issues to bridge the gap between me, my writing and the reader.

Ravinder Sodhi

Avtar Billing has worked hard to go through the different literary writings of Ravinder Ravi and asked very relevant and hard questions to the author. But literary genius Ravi has equally answered all the questions very well. Readable interview. Credit goes to Ravi Ji that to answer some of the questions ( about his married life) he expressed his views frankly ( which is rare amongst Punjabi writers.)

Security Code (required)Can't read the image? click here to refresh.

Name (required)

Leave a comment... (required)

ਸ਼ਖ਼ਸਨਾਮਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ