Wed, 17 January 2018
Your Visitor Number :-   1131451
SuhisaverSuhisaver Suhisaver
ਇਸ ਸਾਲ ਦਾ ‘ਸੂਹੀ ਸਵੇਰ ਮੀਡੀਆ ਐਵਾਰਡ’ ਬੂਟਾ ਸਿੰਘ ਅਤੇ ਮਹਿੰਦਰ ਸਿੰਘ ਮਾਨੂੰਪੁਰੀ ਨੂੰ !               ਲਾਲੂ ਯਾਦਵ ਸਜ਼ਾ ਖ਼ਿਲਾਫ਼ ਹਾਈ ਕੋਰਟ ਪੁੱਜੇ               ਹਿੰਦੀ ਲੇਖਕ ਦੂਧਨਾਥ ਸਿੰਘ ਦਾ ਦੇਹਾਂਤ              

ਗੌਰੀ ਲੰਕੇਸ਼ ਦੇ ਕਤਲ ਖਿਲਾਫ ਟੋਰਾਂਟੋ ਦੇ ਪ੍ਰੈਸ-ਕਰਮੀਆਂ ਵਲੋਂ ਰੋਸ ਕੈਂਡਲ ਮਾਰਚ

Posted on:- 12-09-2017

suhisaver

ਬਰੈਂਪਟਨ: ਮਹਿਲਾ ਪੱਤਰਕਾਰ ਗੌਰੀ ਲੰਕੇਸ਼ ਦੇ ਹੋਏ ਕਤਲ ਖਿਲਾਫ ਰੋਸ ਦਾ ਇਜ਼ਹਾਰ ਕਰਨ ਲਈ ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਆਕਾਰਾਂ ਦਾ ਇਕ ਭਾਰੀ ਇਕੱਠ 'ਰਾਇਲ ਸਟਾਰ ਰਿਅਲਟੀ' ਦੇ ਬਰੈਂਪਟਨ ਸਥਿਤ ਮੀਟਿੰਗ ਹਾਲ ਵਿਚ ਹੋਇਆ ਜਿਸ ਵਿਚ ਟੋਰਾਂਟੋ, ਮਿਸੀਸਾਗਾ, ਬਰੈਂਪਟਨ ਅਤੇ ਆਸ-ਪਾਸ ਦੇ ਪੱਤਰਕਾਰਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ। ਬੁਲਾਰਿਆਂ ਵੱਲੋਂ ਭਾਰਤ ਵਿੱਚ ਸਿਆਸੀ ਸਰਪ੍ਰਸਤੀ ਵਾਲੇ ਧਾਰਮਿਕ ਕੱਟੜ-ਪੰਥੀ ਲੋਕਾਂ ਵੱਲੋਂ ਪੱਤਰਕਾਰਾਂ ਦੀ ਆਵਾਜ਼ ਨੂੰ ਗਾਲੀ-ਗਲੋਚ, ਧਮਕੀਆਂ ਅਤੇ ਕਤਲਾਂ ਨਾਲ ਦਬਾਉਣ ਦੀ ਸਖਤ ਨਿਖੇਧੀ ਕੀਤੀ ਗਈ। ਭਾਰਤ ਵਿੱਚ ਘਟ-ਗਿਣਤੀ ਧਾਰਮਿਕ ਫਿਰਕਿਆਂ ਪ੍ਰਤੀ ਦਿਨੋਂ-ਦਿਨ ਵਧ ਰਹੇ ਫਿਰਕੂ ਜਹਿਰ, ਅਸਹਿਣ-ਸ਼ੀਲਤਾ ਅਤੇ ਪ੍ਰੈਸ ਦੀ ਆਜ਼ਾਦੀ ਵਿਰੁੱਧ ਹਮਲੇ ਦੀ ਨਿਖੇਧੀ ਕੀਤੀ ਗਈ । ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਪੰਜਾਬ ਤੋਂ ਆਏ ਉੱਘੇ ਟੀ.ਵੀ. ਪੱਤਰਕਾਰ ਕੰਵਰ ਸੰਧੂ, ਪਿਛਲੇ ਲੰਮੇਂ ਸਮੇਂ ਤੋਂ ਰੇਡੀਓ ਤੇ ਟੀ.ਵੀ. ਨਾਲ ਜੁੜੇ ਪੱਤਰਕਾਰ ਡਾ. ਬਲਵਿੰਦਰ ਸਿੰਘ, 'ਪੰਜਾਬੀ ਡੇਲੀ' ਦੇ ਸੰਪਾਦਕ ਸੁਖਮਿੰਦਰ ਸਿੰਘ ਹੰਸਰਾ ਅਤੇ 'ਵਿਜ਼ਨ' ਟੀ ਵੀ. ਦੇ ਪ੍ਰੋਗਰਾਮ 'ਮੁਲਾਕਾਤ' ਦੇ ਸੰਚਾਲਕ ਚਰਨਜੀਤ ਸਿੰਘ ਬਰਾੜ ਸ਼ਾਮਲ ਸਨ।

'ਰਮਜ਼' ਰੇਡੀਓ ਦੇ ਸੰਚਾਲਕ ਹਰਜਿੰਦਰ ਸਿੰਘ ਗਿੱਲ ਵੱਲੋਂ ਮੰਚ-ਸੰਚਾਲਨ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਹੋਇਆਂ, ਹਾਜ਼ਰ ਪੱਤਰਕਾਰਾਂ ਨੂੰ ਵਾਰੋ-ਵਾਰੀ ਮੰਚ 'ਤੇ ਆਉਣ ਦਾ ਸੱਦਾ ਦਿੱਤਾ ਗਿਆ ਜਿਨ੍ਹਾਂ ਨੇ ਆਪੋ ਆਪਣੇ ਸੰਬੋਧਨਾਂ ਵਿਚ ਅਣਪਛਾਤੇ ਕਾਤਲਾਂ ਵੱਲੋਂ 'ਗੌਰੀ ਲੰਕੇਸ਼ ਪੱਤ੍ਰਿਕਾ' ਦੀ ਸੰਪਾਦਕ ਗੌਰੀ ਲੰਕੇਸ਼ ਦੇ ਕੀਤੇ ਗਏ 'ਕੋਲਡ-ਬਲੱਡਿਡ ' ਕਤਲ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਉਨ੍ਹਾਂ ਵੱਲੋਂ ਇਸ ਕਤਲ 'ਤੇ ਭਾਰੀ ਗੁੱਸੇ ਅਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਬਹਾਦਰ ਤੇ ਨਿੱਡਰ ਪੱਤਰਕਾਰ ਗੌਰੀ ਲੰਕੇਸ਼ ਨੂੰ ਭਾਰਤੀ-ਪੱਤਰਕਾਰੀ ਦੇ ਮਿਆਰੀ ਸੱਚ ਦਾ ਬੁਲੰਦ ਰਖਣ ਦੇ ਫਰਜ ਲਈ 'ਸ਼ਹੀਦ' ਕਰਾਰ ਦਿੱਤਾ ਅਤੇ ਕਿਹਾ ਉਹ ਆਪਣੀ ਪੱਤ੍ਰਿਕਾ ਵਿਚ ਦੇਸ਼ ਦੇ ਪਿਛਾਖੜੀ ਧਾਰਮਿਕ ਕੱਟੜਵਾਦੀ ਤਾਕਤਾਂ ਵੱਲੋਂ ਫਿਰਕੂ ਜਹਿਰ ਦੇ ਝੂਠੇ ਪ੍ਰਚਾਰ ਦਾ ਪਰਦਾਫਾਸ ਕਰਕੇ ਸਮਾਜਿਕ ਭਾਈਚਾਰੇ ਦੀ ਰਾਖੀ ਕਰਦੀ ਸੀ । ਉਸ ਦੀ ਕਲਮ ਨੇ ਹਮੇਸ਼ਾ ਘੱਟ-ਗਿਣਤੀਆਂ, ਦਲਿਤਾਂ, ਮਜਦੂਰ-ਕਿਸਾਨਾਂ ਅਤੇ ਹੋਰ ਮਿਹਨਤਕਸ਼ਾਂ ਦੇ ਹੱਕਾਂ ਲਈ ਆਵਾਜ ਉਠਾਂਦੀ ਰਹੀ। ਇਸੇ ਕਰਕੇ ਧਾਰਮਿਕ ਕੱਟੜਵਾਦੀ ਤਾਕਤਾਂ ਵੱਲੋਂ ਉਸਨੂੰ ਧਮਕੀਆਂ ਮਿਲਦੀਆਂ ਰਹੀਆਂ ਅਤੇ ਉਸਦੇ ਕਤਲ ਬਾਅਦ ਵੀ ਇਸੇ ਫਿਰਕੂ ਵਿਚਾਰਧਾਰਾ ਵਾਲੇ ਲੋਕ ਭੈੜੀ ਸ਼ਬਦਾਵਲੀ ਨਾਲ ਖੁਸ਼ੀ ਮਨਾ ਰਹੇ ਹਨ । ਉਨ੍ਹਾਂ ਵਿੱਚੋਂ ਬਹੁਤਿਆਂ ਦਾ ਕਹਿਣਾ ਸੀ ਇਸ ਕਤਲ ਅਤੇ ਇਸ ਤੋਂ ਪਹਿਲਾਂ ਹੋਰ ਕਈ ਪੱਤਰਕਾਰਾਂ ਦੇ ਕਤਲਾਂ ਨਾਲ ਮੀਡੀਆ ਦੀ ਆਵਾਜ਼ ਨੂੰ ਦਬਾਉਣ ਦਾ ਘਿਨਾਉਣਾ ਯਤਨ ਕੀਤਾ ਗਿਆ ਹੈ ਪਰ ਅਜਿਹੇ ਫਾਸ਼ੀਵਾਦੀ ਲੋਕ ਮੀਡੀਆ ਦੀ ਇਸ ਆਵਾਜ਼ ਨੂੰ ਨਹੀਂ ਦਬਾਉਣ ਵਿੱਚ ਕਦੇ ਕਾਮਯਾਬ ਨਹੀਂ ਹੋ ਸਕਦੇ। ਮੀਡੀਆ ਦੇ ਸੱਚ ਦੀ ਆਵਾਜ਼ ਲੋਕਾਂ ਦੀ ਆਵਾਜ਼ ਹੈ ਅਤੇ ਹਰ ਝੂਠ ਦਾ ਮੁਕਾਬਲਾ ਕਰਣਾ ਇਸ ਦਾ ਫਰਜ ਹੈ। ਲੋਕਾਂ ਨੂੰ ਹੱਕਾਂ ਲਈ ਜਾਗਰੂਕ ਕਰਨਾਂ ਵੀ ਇਸ ਦਾ ਫਰਜ ਹੈ ਜਿਸ ਲਈ ਗੌਰੀ ਲੰਕੇਸ਼ ਨੂੰ ਸ਼ਹਾਦਤ ਦੇਣੀ ਪਈ। ਕਈਆਂ ਦਾ ਕਹਿਣਾ ਸੀ ਕਿ ਭਾਰਤ ਵਰਗੇ ਜਮਹੂਰੀ ਦੇਸ਼ ਵਿਚ ਧਾਰਮਿਕ ਕੱਟੜਤਾ ਲਈ ਕੋਈ ਥਾਂ ਨਹੀਂ ਹੈ ਤੇ ਧਰਮਾਂ ਦੇ ਨਾਂ 'ਤੇ ਫ਼ੈਲਾਈ ਜਾ ਰਹੀ ਹਿੰਸਾ ਬੰਦ ਹੋਣੀ ਚਾਹੀਦੀ ਹੈ ਅਤੇ ਪੱਤਰਕਾਰਾਂ ਨੂੰ ਇਸ ਹਿੰਸਾ ਦਾ ਨਿਸ਼ਾਨਾ ਬਨਾਉਣਾ ਤੁਰੰਤ ਬੰਦ ਹੋਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਕਤਲ ਦੇ ਕਾਤਲਾਂ ਦਾ ਪਤਾ ਲਗਾਉਣਾ ਲਈ ਚਾਹੀਦਾ ਹੈ ਤਾਂ ਜੋ ਅਦਾਲਤ ਵੱਲੋਂ ਉਨ੍ਹਾਂ ਨੂੰ ਯੋਗ ਸਜ਼ਾਵਾਂ ਦਿੱਤੀਆਂ ਜਾ ਸਕਣ। ਪ੍ਰਧਾਨਗੀ-ਮੰਡਲ ਵਿੱਚ ਸ਼ਾਮਲ ਟੀ.ਵੀ.ਪੱਤਰਕਾਰ ਕੰਵਰ ਸੰਧੂ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਭਾਰਤ ਤੋਂ 12-13 ਹਜ਼ਾਰ ਕਿਲੋਮੀਟਰ ਦੂਰ ਬੈਠੇ ਪੱਤਰਕਾਰ ਇਕੱਠੇ ਹੋ ਕੇ ਆਪਣੇ ਸਾਥੀ ਪੱਤਰਕਾਰ ਦੇ ਹੋਏ ਕਤਲ 'ਤੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ ਅਤੇ ਦੁਨੀਆਂ ਦੇ ਹੋਰ ਦੇਸ਼ਾਂ ਵਿਚ ਵੀ ਗੌਰੀ ਲੰਕੇਸ਼ ਨਾਲ ਸਬੰਧਿਤ ਅਜਿਹੇ ਸ਼ਰਧਾਂਜਲੀ ਸਮਾਗ਼ਮ ਹੋ ਰਹੇ ਹਨ। ਇਹ ਇਕੱਠ ਪੱਤਰਕਾਰ ਬਰਾਦਰੀ ਦੀ ਇੱਕ-ਮੁੱਠਤਾ ਨੂੰ ਦਰਸਾਉਂਦੇ ਹਨ। ਸੁਖਮਿੰਦਰ ਹੰਸਰਾ ਦਾ ਕਹਿਣਾ ਸੀ ਕਿ ਬੀਤੇ ਸਮੇਂ ਵਿਚ ਭਾਰਤ ਵਿਚ ਘੱਟੋ-ਘੱਟ 115 ਪੱਤਰਕਾਰਾਂ ਦੇ ਕਤਲ ਹੋ ਚੁੱਕੇ ਹਨ ਜੋ ਕਿ ਪੱਤਰਕਾਰਾਂ ਅਤੇ ਲੇਖਕਾਂ ਲਈ ਗੰਭੀਰਤਾ ਦਾ ਵਿਸ਼ਾ ਹੈ ਅਤੇ ਇਹ ਲਿਖਣ ਅਤੇ ਬੋਲਣ ਦੀ ਆਜ਼ਾਦੀ 'ਤੇ ਸਿੱਧਾ ਡਾਕਾ ਹੈ। ਡਾ. ਬਲਵਿੰਦਰ ਨੇ ਗੌਰੀ ਲੰਕੇਸ਼ ਦੇ ਕਤਲ ਨੂੰ ਭਾਰਤੀ ਸੰਵਿਧਾਨ ਦੇ ਮੁੱਢਲੇ ਅਧਿਕਾਰਾਂ ਦੀ ਉਲੰਘਣਾ ਕਰਾਰ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਭਾਰਤੀ ਸ਼ਹਿਰੀਆਂ ਦੇ ਲਿਖਣ ਤੇ ਬੋਲਣ ਦੇ ਅਧਿਕਾਰ ਨੂੰ ਕੁਚਲਿਆ ਗਿਆ ਹੈ। ਚਰਨਜੀਤ ਬਰਾੜ ਵੱਲੋਂ ਇਸ ਸ਼ਰਧਾਂਜਲੀ ਸਮਾਗ਼ਮ ਵਿਚ ਹੋਣ ਵਾਲੇ ਸਾਰੇ ਪੱਤਰਕਾਰਾਂ, ਅਗਾਂਹ-ਵਧੂ ਜੱਥੇਬੰਦੀਆਂ ਅਤੇ ਵਿਅੱਕਤੀਆਂ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਕੇਵਲ 24 ਘੰਟੇ ਹੀ ਪਹਿਲਾਂ ਦਿੱਤੀ ਗਈ ਸੂਚਨਾ 'ਤੇ ਹੀ ਏਨੀ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ ਹੈ। ਉਨ੍ਹਾਂ 'ਰਾਇਲ ਸਟਾਰ ਰਿਅਲਟੀ' ਦੇ ਮਾਲਕ ਪਰਮਿੰਦਰ ਸਿੰਘ ਢਿੱਲੋਂ ਵੱਲੋਂ ਇਸ ਸਮਾਗ਼ਮ ਲਈ ਹਾਲ ਦੀ ਸੁਵਿਧਾ ਪ੍ਰਦਾਨ ਕਰਨ ਲਈ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।

ਇਸ ਸ਼ਰਧਾਂਜਲੀ ਸਮਾਰੋਹ ਦੇ ਬੁਲਾਰਿਆਂ ਵਿਚ 'ਚੈਨਲ ਪੰਜਾਬੀ ਤੇ ਗਲੋਬਲ ਟੀ.ਵੀ.' ਤੋਂ ਪ੍ਰੋ. ਜਗੀਰ ਸਿੰਘ ਕਾਹਲੋਂ, 'ਸਰੋਕਾਰਾਂ ਦੀ ਆਵਾਜ਼' ਦੇ ਮੁੱਖ-ਸੰਪਾਦਕ ਹਰਬੰਸ ਸਿੰਘ, 'ਪਰਵਾਸੀ ਮੀਡੀਆ' ਤੋਂ ਤਲਵਿੰਦਰ ਮੰਡ, 'ਸਿੱਖ ਸਪੋਕਸਮੈਨ' ਤੋਂ ਸੁਖਦੇਵ ਸਿੰਘ ਝੰਡ, 'ਪੰਜ-ਆਬ' ਟੀ.ਵੀ. ਤੋਂ ਰਵਿੰਦਰ ਸਿੰਘ, ਰੇਡੀਓ 'ਪੰਜਾਬ ਦੀ ਗੂੰਜ' ਦੇ ਸੰਚਾਲਕ ਕੁਲਦੀਪ ਦੀਪਕ, 'ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ' ਦੇ ਕਰਨ ਅਜਾਇਬ ਸਿੰਘ ਸੰਘਾ, ਤਰਕਸ਼ੀਲ ਸੁਸਾਇਟੀ ਤੋਂ ਡਾ: ਬਲਜਿੰਦਰ ਸੇਖੋਂ, ਵਿੰਨੀਪੈਗ ਤੋਂ ਜਗਮੋਹਣ ਗਿੱਲ ਢੁੱਡੀਕੇ, ਪੰਜਾਬ ਤੋਂ ਆਏ ਡਾ: ਤੇਜਪਾਲ, ਅੰਗਰੇਜ਼ੀ ਅਖ਼ਬਾਰ ਦੀ ਸੰਪਾਦਕ ਸਤਵੰਤ ਕੌਰ, ਉੱਘੇ ਸਮਾਜ-ਸੇਵੀ ਪਾਲ ਬਡਵਾਲ, ਮੈਨਨ ਗੁਪਤਾ, ਸੁਰਜੀਤ ਖੋਟੲ, ਕਾਮਰੇਡ ਸੁਖਦੇਵ ਧੂੜਕੋਟ, ਐਸੋਸੀਏਸ਼ਨ ਆਫ਼ ਸੀਨੀਅਰਜ਼ ਦੇ ਪ੍ਰਧਾਨ ਪਰਮਜੀਤ ਸਿੰਘ ਬੜਿੰਗ ਤੇ ਕਈ ਹੋਰ ਸ਼ਾਮਲ ਸਨ।

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ