Fri, 15 November 2019
Your Visitor Number :-   1883737
SuhisaverSuhisaver Suhisaver
ਕਰਤਾਰਪੁਰ ਲਾਂਘਾ ਸਮਝੌਤੇ 'ਤੇ ਦਸਤਖਤ, ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ               ਕਣਕ ਦੇ ਭਾਅ 'ਚ 85 ਰੁਪਏ ਦਾ ਵਾਧਾ              

ਪਾਕਿ ਵੱਲੋਂ ਸਰਹੱਦ 'ਤੇ ਗੋਲੀਬੰਦੀ ਦਾ ਉਲੰਘਣ ਜਾਰੀ

Posted on:- 08-10-2014

suhisaver

ਸਰਹੱਦ 'ਤੇ ਸਭ ਜਲਦ ਠੀਕ ਹੋ ਜਾਵੇਗਾ : ਮੋਦੀ
ਨਵੀਂ ਦਿੱਲੀ, ਜੰਮੂ :
ਪਾਕਿਸਤਾਨੀ ਫੌਜ ਵੱਲੋਂ ਐਲਓਸੀ ਅਤੇ ਜੰਮੂ ਕਸ਼ਮੀਰ ਨਾਲ ਲੱਗਦੀ ਕੌਮਾਂਤਰੀ ਸਰਹੱਦ 'ਤੇ ਜੰਗਬੰਦੀ ਦਾ ਉਲੰਘਣ ਜਾਰੀ ਹੈ। ਬੀਤੇ ਦੋ ਦਿਨਾਂ ਤੋਂ ਜਾਰੀ ਫਾਇਰਿੰਗ ਮੰਗਲਵਾਰ ਦੇਰ ਰਾਤ ਅਤੇ ਬੁੱਧਵਾਰ ਸਵੇਰੇ ਵੀ ਜਾਰੀ ਰਹੀ, ਜਿਸ ਨਾਲ ਸਾਂਬਾ ਦੇ ਪਿੰਡ ਜਲਾਦੀ ਦੀਆਂ ਦੋ ਮਹਿਲਾਵਾਂ ਦੀ ਮੌਤ ਹੋ ਗਈ ਅਤੇ 19 ਲੋਕ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ  ਸਾਂਬਾ, ਕਠੂਆ, ਅਰਨੀਆਂ, ਆਰਐਸਪੁਰਾ ਖੇਤਰ ਵਿੱਚ ਵੀ ਪਾਕਿਸਤਾਨ ਵੱਲੋਂ ਗੋਲੀਬਾਰੀ ਕੀਤੀ ਜਾ ਰਹੀ ਹੈ।

ਪਾਕਿ ਵੱਲੋਂ ਸਰਹੱਦ 'ਤੇ ਜੰਗਬੰਦੀ ਦੀਆਂ ਲਗਾਤਾਰ ਵਧਦੀਆਂ ਘਟਨਾਵਾਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੁੱਪੀ ਤੋੜਦਿਆਂ ਕਿਹਾ ਹੈ ਕਿ ਜਲਦ ਸਭ ਕੁਝ ਠੀਕ ਹੋ ਜਾਵੇਗਾ।  
ਸ੍ਰੀ ਮੋਦੀ ਨੇ ਹਵਾਈ ਫੌਜ ਦੇ 82ਵੇਂ ਸਥਾਪਨਾ ਦਿਵਸ ਮੌਕੇ ਹਵਾਈ ਫੌਜ ਮੁਖੀ ਅਨੁਪ ਰਾਹਾ ਦੇ ਪ੍ਰੋਗਰਾਮ ਮੌਕੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਸਭ ਕੁਝ ਜਲਦ ਠੀਕ ਹੋ ਜਾਵੇਗਾ। ਇਸ ਮੌਕੇ 'ਤੇ ਪ੍ਰਧਾਨ ਮੰਤਰੀ ਨੇ ਤਿੰਨੋਂ ਫੌਜਾਂ ਦੇ ਮੁਖੀਆਂ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਵੀ ਗੱਲਬਾਤ ਕੀਤੀ। ਇਹ ਸਾਰੇ ਸਮਾਰੋਹ ਵਿੱਚ ਸ਼ਾਮਲ ਸਨ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਵੱਲੋਂ  ਪਿਛਲੇ ਇੱਕ ਹਫ਼ਤੇ ਤੋਂ ਜਾਰੀ ਗੋਲੀਬਾਰੀ ਨਾਲ 7 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਨੂੰ ਲੈ ਕੇ ਪ੍ਰਧਾਨ ਮੰਤਰੀ ਵੱਲੋਂ ਚੁੱਪ ਰਹਿਣ 'ਤੇ ਸਵਾਲ ਉਠ ਰਹੇ ਸਨ। ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਸਰਹੱਦ 'ਤੇ ਸਥਿਤੀ ਨਾਲ ਨਜਿੱਠਣ ਲਈ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਜ਼ਿੰਮੇਵਾਰੀ ਸੌਂਪੀ ਹੈ। ਇਸ ਦੇ ਨਾਲ ਹੀ ਸੁਰੱਖਿਆ ਦਸਤਿਆਂ ਨੂੰ ਖੁੱਲ੍ਹੀ ਛੋਟ ਦਿੰਦਿਆਂ ਕਿਹਾ ਕਿ ਸਥਿਤੀ ਨੂੰ ਦੇਖਦੇ ਹੋਏ ਜੰਗਬੰਦੀ ਦੇ ਉਲੰਘਣ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇ।
ਸੂਤਰਾਂ ਮੁਤਾਬਕ ਮੌਜੂਦਾ ਹਾਲਾਤ ਨੂੰ ਵੇਖਦਿਆਂ ਭਾਰਤ ਨੇ ਤੈਅ ਕੀਤਾ ਹੈ ਕਿ ਗੋਲੀਬਾਰੀ ਰੁਕਣ ਤੱਕ ਪਾਕਿਸਤਾਨ ਨਾਲ ਕੋਈ ਫਲੈਗ ਮੀਟਿੰਗ ਨਹੀਂ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਭਾਰਤੀ ਫੌਜ ਦੇ ਮੁਖੀ ਦਲਬੀਰ ਸਿੰਘ ਸੁਹਾਗ ਨੇ ਕਿਹਾ ਕਿ ਸਾਡੀ ਫੌਜ ਪਾਕਿਸਤਾਨ ਨੂੰ ਢੁਕਵਾਂ ਜਵਾਬ ਦੇ ਰਹੀ ਹੈ। ਭਾਰਤੀ ਹਵਾਈ ਫੌਜ ਦੇ ਮੁਖੀ ਅਰੂਪ ਰਾਹਾ ਨੇ ਕਿਹਾ ਕਿ ਜੰਗਬੰਦੀ ਦਾ ਉਲੰਘਣ ਅਤੇ ਕੰਟਰੋਲ ਰੇਖਾ ਦੇ ਪਾਰ ਤੋਂ ਹੋ ਰਹੀ ਗੋਲੀਬਾਰੀ ਕਾਫ਼ੀ ਗੰਭੀਰ ਮਾਮਲਾ ਹੈ ਅਤੇ ਸਰਕਾਰ ਇਸ ਸਮੱਸਿਆ ਦਾ ਤੁਰੰਤ ਹੱਲ ਚਾਹੁੰਦੀ ਹੈ। ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਮੋਦੀ ਵੱਲੋਂ ਚੁੱਪ ਰਹਿਣ 'ਤੇ ਸਵਾਲ ਉਠਾਏ।
ਉਧਰ ਭਾਰਤੀ ਫੌਜ ਵੱਲੋਂ ਵੀ  ਪਾਕਿਸਤਾਨ ਦੀਆਂ 37 ਸਰਹੱਦੀ ਚੌਕੀਆਂ 'ਤੇ ਜਵਾਬੀ ਹਮਲਾ ਕੀਤਾ ਗਿਆ, ਜਿਸ ਵਿੱਚ 15 ਪਾਕਿਸਤਾਨੀ ਵੀ ਮਾਰੇ ਗਏ, ਜਦਕਿ 30 ਤੋਂ ਵਧ ਜ਼ਖ਼ਮੀ ਹੋ ਗਏ। ਇਸ ਹਮਲੇ ਵਿੱਚ ਪਾਕਿਸਤਾਨੀ ਰੇਂਜਰਾਂ ਦੁਆਰਾ  ਸੰਚਾਲਿਤ ਚੌਕੀਆਂ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ ਹੈ।
ਪਾਕਿਸਤਾਨ ਨੇ ਬੀਐਸਐਫ਼ ਦੀਆਂ 63 ਚੌਕੀਆਂ ਅਤੇ ਉਸ ਦੇ ਆਸ ਪਾਸ ਦੇ ਪਿੰਡਾਂ ਨੂੰ ਪੂਰੀ ਰਾਤ ਨਿਸ਼ਾਨਾ ਬਣਾਇਆ। ਇਸ ਦੇ ਨਾਲ ਹੀ ਨੇੜਲੇ 25 ਇਲਾਕਿਆਂ ਵਿੱਚ ਵੀ ਮੋਰਟਰ ਨਾਲ ਹਮਲੇ ਕੀਤੇ ਗਏ, ਜਿਨ੍ਹਾਂ ਵਿੱਚ ਇੱਕ ਜੇਸੀਓ ਸਮੇਤ 12 ਲੋਕ ਜ਼ਖ਼ਮੀ ਹੋ ਗਏ। ਖੁਫ਼ੀਆ ਏਜੰਸੀਆਂ ਪਾਕਿਸਤਾਨੀ ਮੀਡੀਆ ਦੀ ਰਿਪੋਰਟ 'ਤੇ ਨਜ਼ਰ ਰੱਖ ਰਹੀਆਂ ਹਨ। ਦੱਸਿਆ ਜਾਂਦਾ ਹੈ ਕਿ ਸਿਆਲਕੋਟ ਖੇਤਰ ਵਿੱਚ ਬੀਐਸਐਫ਼ ਦੀ ਫਾਇਰਿੰਗ ਵਿੱਚ 15 ਪਾਕਿਸਤਾਨੀ ਨਾਗਰਿਕ ਮਾਰੇ ਗਏ ਹਨ। ਹਾਲਾਂਕਿ  ਭਾਰਤ ਵੱਲੋਂ ਹਾਲੇ ਤੱਕ  ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ। ਸੋਮਵਾਰ ਨੂੰ ਅਰਨੀਆਂ ਖੇਤਰ ਵਿੱਚ 5 ਲੋਕ ਮਾਰੇ ਗਏ ਸਨ, ਜਦਕਿ 34 ਹੋਰ ਜ਼ਖ਼ਮੀ ਹੋਏ ਸਨ। ਦੂਜੇ ਪਾਸੇ ਬੀਐਸਐਫ਼ ਨੇ ਵੀ ਕਰੀਬ  1000 ਤੋਂ 1200 ਗੋਲੇ ਦਾਗ ਕੇ ਪਾਕਿ ਫੌਜ ਦਾ ਕਾਫ਼ੀ ਨੁਕਸਾਨ ਕੀਤਾ ਹੈ।
ਦੱਸਣਾ ਬਣਦਾ ਹੈ ਕਿ ਸਰਹੱਦ 'ਤੇ ਪਿਛਲੇ ਦਿਨਾਂ ਤੋਂ ਤਣਾਅ ਵਾਲੀ ਸਥਿਤੀ ਨੂੰ ਦੇਖਦਿਆਂ ਨੇੜਲੇ ਪਿੰਡਾਂ 'ਚੋਂ ਲੋਕਾਂ ਨੇ ਆਪਣੇ ਘਰ ਛੱਡ ਕੇ ਜਾਣਾ ਸ਼ੁਰੂ ਕਰ ਦਿੱਤਾ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆਪਣੇ ਘਰ ਵਾਰ  ਛੱਡ ਕੇ ਸੁਰੱਖਿਅਤ ਥਾਵਾਂ 'ਤੇ ਚਲੇ ਗਏ ਹਨ। ਇਸ ਤੋਂ ਇਲਾਵਾ ਸਰਹੱਦ ਨੇੜਲੇ ਪਿੰਡਾਂ ਤੋਂ ਫੌਜ ਨੇ ਵੀ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ। ਇਸੇ ਦੌਰਾਨ ਖ਼ਬਰ ਹੈ ਕਿ ਦੱਖਣੀ ਭਾਰਤ ਦੇ ਫ਼ਿਲਮ ਸਟਾਰ ਮੋਹਨ ਲਾਲ ਦੀ ਵੈਬਸਾਇਟ ਪਾਕਿਸਤਾਨੀ ਹੈਕਰਜ਼ ਨੇ ਹੈਕ ਕਰ ਲਈ ਹੈ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ