Mon, 15 July 2024
Your Visitor Number :-   7187077
SuhisaverSuhisaver Suhisaver

ਸਾਬਕਾ ਡੀਜੀਪੀ ਗਿੱਲ ਦੀ ਭਾਜਪਾ 'ਚ ਸ਼ਮੂਲੀਅਤ ਸਧਾਰਨ ਘਟਨਾ ਨਹੀਂ

Posted on:- 27-08-2014

ਬੀ ਐਸ ਭੁੱਲਰ
ਬਠਿੰਡਾ :
ਸਾਬਕਾ ਡੀਜੀਪੀ ਪਰਮਦੀਪ ਸਿੰਘ ਗਿੱਲ ਦੀ ਭਾਜਪਾ ਵਿੱਚ ਸ਼ਮੂਲੀਅਤ ਦਲਬਦਲੀ ਦੀ ਸਧਾਰਨ ਘਟਨਾ ਨਹੀਂ, ਸਗੋਂ ਇਸ ਵਰ੍ਹੇ ਦੀ 30 ਮਈ ਨੂੰ ਮਾਨਸਾ ਵਿਖੇ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਅਤੇ ਡੇਰਾ ਬਿਆਸ ਦੇ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਰਮਿਆਨ ਹੋਈ ਇੱਕ ਵਿਸ਼ੇਸ਼ ਮੀਟਿੰਗ 'ਚ ਬਣਾਈ ਕਥਿਤ ਯੋਜਨਾ ਦਾ ਨਤੀਜਾ ਹੈ।
25 ਅਗਸਤ ਨੂੰ ਜਦ ਇਹ ਖ਼ਬਰ ਆਈ ਕਿ ਸੀਨੀਅਰ ਅਕਾਲੀ ਆਗੂ ਪਰਮਦੀਪ ਸਿੰਘ ਗਿੱਲ ਕਠੂਆ ਵਿਖੇ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਏ ਹਨ, ਤਾਂ ਮੀਡੀਆ ਸਮੇਤ ਪੰਜਾਬ ਦੇ ਸਿਆਸੀ ਹਲਕਿਆਂ ਵਿੱਚ ਇਹ ਬਹਿਸ ਛਿੜ ਪਈ ਕਿ ਆਖਰ ਇਸਦਾ ਕਾਰਨ ਕੀ ਹੈ। ਇਸ ਘਟਨਾਕ੍ਰਮ ਤੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਿੰਨੇ ਜ਼ਿਆਦਾ ਦੁਖੀ ਹਨ, ਇਸ ਦਾ ਅੰਦਾਜ਼ਾ ਉਨ੍ਹਾਂ ਵੱਲੋਂ ਜਨਤਕ ਤੌਰ 'ਤੇ ਕੱਲ੍ਹ ਦਿੱਤੇ ਨਰਾਜ਼ਗੀ ਵਾਲੇ ਬਿਆਨ ਤੋਂ ਲਾਇਆ ਜਾ ਸਕਦਾ ਹੈ।
ਸੀਨੀਅਰ ਬਾਦਲ ਨੂੰ ਦੁੱਖ ਪੁੱਜਣ ਦੇ ਕਾਰਨਾਂ 'ਚੋਂ ਵੀ ਇੱਕ ਇਹ ਵੀ ਹੈ ਕਿ ਸੂਬਾਈ ਕੇਡਰ ਦੇ ਕਈ ਯੋਗ ਪੁਲਿਸ ਅਫ਼ਸਰਾਂ ਨੂੰ ਨਜ਼ਰ ਅੰਦਾਜ਼ ਕਰਦਿਆਂ ਆਪਣੀ ਪਿਛਲੀ ਪਾਰੀ ਦੌਰਾਨ ਉਹ ਨਾ ਸਿਰਫ ਸ੍ਰੀ ਗਿੱਲ ਨੂੰ ਪੰਜਾਬ ਦਾ ਡੀਜੀਪੀ ਬਣਾਉਣ ਲਈ ਉਚੇਚੇ ਤੌਰ 'ਤੇ ਜੰਮੂ ਕਸ਼ਮੀਰ ਤੋਂ ਲੈ ਕੇ ਆਏ ਸਨ। ਅੰਦਰੂਨੀ ਸੂਤਰਾਂ ਨੇ ਉਦੋਂ ਇਹ ਪ੍ਰਗਟਾਵਾ ਕੀਤਾ ਸੀ, ਕਿ ਸੂਬਾ ਸਰਕਾਰ ਨੇ ਸ੍ਰੀ ਗਿੱਲ ਉਪਰ ਸਵੱਲੀ ਨਜ਼ਰ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਅਸ਼ੀਰਵਾਦ ਕਰਨ ਪਈ ਹੈ।

ਇੱਥੇ ਇਹ ਜ਼ਿਕਰਯੋਗ ਹੈ ਕਿ ਬਾਬਾ ਢਿੱਲੋਂ ਦੇ ਪਿਤਾ ਗੁਰਮੁਖ ਸਿੰਘ ਢਿੱਲੋਂ ਅਤੇ ਪਰਮਦੀਪ ਸਿੰਘ ਗਿੱਲ ਦੇ ਮਰਹੂਮ ਬਾਪ ਨਛੱਤਰ ਸਿੰਘ ਗਿੱਲ ਦੀ ਗਾੜ੍ਹੀ ਦੋਸਤੀ ਤੋਂ ਇਲਾਵਾ ਬਿਕਰਮ ਸਿੰਘ ਮਜੀਠੀਆ ਦੀ ਵੀ ਬਾਬੇ ਦੇ ਪਰਿਵਾਰ ਨਾਲ ਰਿਸ਼ਤੇਦਾਰੀ ਹੈ।
ਦੋਸਤੀ ਅਤੇ ਰਿਸ਼ਤੇਦਾਰੀ ਦੇ ਸੁਮੇਲ ਦਾ ਹੀ ਇਹ ਨਤੀਜਾ ਸੀ, ਕਿ ਸੇਵਾਮੁਕਤ ਹੋਣ ਉਪਰੰਤ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ੍ਰ. ਗਿੱਲ ਨੂੰ ਨਾ ਸਿਰਫ ਆਪਣਾ ਸੁਰੱਖਿਆ ਸਲਾਹਕਾਰ ਬਣਾ ਲਿਆ, ਬਲਕਿ 2012 ਦੀ ਵਿਧਾਨ ਸਭਾ ਚੋਣ ਸਮੇਂ ਉਨ੍ਹਾਂ ਦੇ ਜੱਦੀ ਹਲਕਾ ਮੋਗਾ ਤੋਂ ਅਕਾਲੀ ਦਲ ਦੀ ਟਿਕਟ ਵੀ ਦੇ ਦਿੱਤੀ। ਇਹ ਸ੍ਰ. ਗਿੱਲ ਦੀ ਬਦਕਿਸਮਤੀ ਹੀ ਕਹੀ ਜਾ ਸਕਦੀ ਹੈ, ਕਿ ਉਹ ਕਾਂਗਰਸ ਦੇ ਉਸ ਉਮੀਦਵਾਰ ਜੋਗਿੰਦਰਪਾਲ ਜੈਨ ਤੋਂ ਚੋਣ ਹਾਰ ਗਏ, ਇੱਕ ਪੈਂਡਿੰਗ ਮੁਕੱਦਮੇ 'ਚੋਂ ਰਾਹਤ ਦਿਵਾਉਣ ਦੇ ਕਥਿਤ ਲਾਰੇ ਤਹਿਤ ਦਲਬਦਲੀ ਕਰਵਾਉਂਦਿਆਂ ਜਿਸ ਨੂੰ ਅਕਾਲੀ ਦਲ ਨੇ ਉਸ ਦੇ ਅਸਤੀਫੇ ਕਾਰਨ ਖਾਲੀ ਹੋਈ ਮੋਗਾ ਹਲਕੇ ਦੀ ਫਰਵਰੀ 2013 ਵਿੱਚ ਹੋਈ ਚੋਣ ਲਈ ਉਮੀਦਵਾਰ ਬਣਾ ਲਿਆ। ਵਿਧਾਇਕ ਬਣਨ ਤੇ ਸ੍ਰੀ ਜੈਨ ਨੇ ਸ੍ਰ. ਗਿੱਲ ਤੋਂ ਇਲਾਵਾ ਉੱਚੇ ਕੱਦ ਵਾਲੇ ਅਕਾਲੀ ਆਗੂ ਜਥੇਦਾਰ ਤੋਤਾ ਸਿੰਘ ਦੇ ਧੜਿਆਂ ਨੂੰ ਮਲੀਆਮੇਟ ਕਰਨ ਲਈ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਦਿਆਂ ਰਾਜ ਦੀ ਬਹੁਤ ਹੀ ਅਮੀਰ ਟਰੱਕ ਯੂਨੀਅਨ ਮੋਗਾ ਦੀ ਲੀਡਰਸਿਪ ਤੋਂ ਉਨ੍ਹਾਂ ਦੇ ਹਿਮਾਇਤੀਆਂ ਨੂੰ ਬੇਦਖਲ ਕਰ ਦਿੱਤਾ। ਪੱਥਰਬਾਜ਼ੀ ਤੋਂ ਸ਼ੁਰੂ ਹੋ ਕੇ ਗੋਲੀਆਂ ਚੱਲਣ ਤੱਕ ਦਾ ਜੋ ਕਾਟੋ ਕਲੇਸ ਉਦੋਂ ਸੁਰੂ ਹੋਇਆ ਸੀ, ਮੋਗਾ ਦੇ ਟਰੱਕ ਓਪਰੇਟਰ ਅੱਜ ਵੀ ਉਸ ਸੰਕਟ ਤੋਂ ਪੀੜ੍ਹਤ ਹਨ। ਲੋਕ ਸਭਾ ਦੀਆਂ ਚੋਣਾਂ ਦੌਰਾਨ ਫਰੀਦਕੋਟ ਹਲਕੇ ਤੋਂ ਹੋਈ ਭਿਆਨਕ ਹਾਰ ਦੇ ਸਿੱਟੇ ਵਜੋਂ ਸੀਨੀਅਰ ਬਾਦਲ ਨੇ ਭਾਵੇਂ ਉਸ ਜਥੇਦਾਰ ਤੋਤਾ ਸਿੰਘ ਨੂੰ ਆਪਣੀ ਕੈਬਨਿਟ ਵਿੱਚ ਸਾਮਲ ਕਰ ਲਿਆ, ਇੱਕ ਫੌਜਦਾਰੀ ਮਾਮਲੇ ਵਿੱਚ ਸਜਾ ਹੋਣ ਦੀ ਵਜ੍ਹਾ ਕਾਰਨ ਜਿਸਤੋਂ ਉਹਨਾਂ ਅਸਤੀਫਾ ਲੈ ਲਿਆ ਸੀ।
ਜਿੱਥੋਂ ਤੱਕ ਸ੍ਰ: ਗਿੱਲ ਦਾ ਸੁਆਲ ਹੈ, ਜੈਨ ਵੱਲੋਂ ਹਾਸ਼ੀਏ ਤੇ ਧੱਕੇ ਜਾਣ ਤੋਂ  ਬਾਅਦ ਉਹਨਾਂ ਲਈ ਪੁਰਾਣੇ ਹਾਲਾਤ ਮੁੜ ਬਹਾਲ ਨਾ ਹੋਏ। ਇੱਕ ਵੇਲੇ ਪੁਲਿਸ ਦੇ ਸਭ ਤੋਂ ਉੱਚੇ ਅਹੁਦੇ ਤੇ ਰਹਿ ਚੁੱਕੇ ਇਸ ਆਗੂ ਦੇ ਸਮਰਥਕਾਂ ਵਿੱਚ ਡਾਢੀ ਨਿਰਾਸ਼ਾ ਫੈਲ ਗਈ। ਪੰਜਾਬ ਦੇ ਦਿਹਾਤੀ ਇਲਾਕਿਆਂ ਵਿੱਚ ਆਪਣੇ ਸਿਆਸੀ ਵਿੰਗ ਭਾਜਪਾ ਦੀਆਂ ਜੜਾਂ ਨੂੰ ਮਜ਼ਬੂਤ ਕਰਨ ਦੇ ਇਰਾਦੇ ਨਾਲ ਮਈ ਮਹੀਨੇ ਦੇ ਆਖਰੀ ਹਫ਼ਤੇ ਮਾਨਸਾ ਵਿਖੇ ਆਰ ਐਸ ਐਸ ਵੱਲੋਂ ਇੱਕ ਵਿਸੇਸ਼ ਕੈਂਪ ਲਾਇਆ ਗਿਆ ਸੀ, ਜਿਸ ਵਿੱਚ ਇਸ ਸੰਸਥਾ ਦੇ ਮੁਖੀ ਸ੍ਰੀ ਮੋਹਨ ਭਾਗਵਤ ਵੀ ਸਾਮਲ ਹੋਏ ਸਨ। ਮਾਨਸਾ ਸਥਿਤ ਮੀਡੀਆ ਪ੍ਰਤੀਨਿਧਾਂ ਦਰਮਿਆਨ 30 ਮਈ ਨੂੰ ਉਸ ਵੇਲੇ ਡਾਢੀ ਉਤਸੁਕਤਾ ਪੈਦਾ ਹੋ ਗਈ, ਜਦ ਇਹ ਜਾਣਕਾਰੀ ਮਿਲੀ ਕਿ ਸ੍ਰੀ ਭਾਗਵਤ ਨੂੰ ਮਿਲਣ ਵਾਸਤੇ ਰਾਧਾ ਸੁਆਮੀ ਡੇਰਾ ਬਿਆਸ ਦੇ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਢਿੱਲੋਂ ਇੱਕ ਵਿਸੇਸ ਹੈਲੀਕਾਪਟਰ ਰਾਹੀਂ ਉੱਥੇ ਪੁੱਜੇ ਹਨ। ਆਰ ਐਸ ਐਸ ਤੇ ਡੇਰਾ ਬਿਆਸ ਦੇ ਮੁਖੀਆਂ ਦਰਮਿਆਨ ਹੋਈ ਇੱਕ ਘੰਟੇ ਦੀ ਗੁਪਤ ਮੀਟਿੰਗ ਕੀ ਖਿਚੜੀ ਪੱਕੀ, ਇਸਦਾ ਅੰਦਾਜਾ ਨਾ ਤਾਂ ਕੇਂਦਰੀ ਤੇ ਸੁਬਾਈ ਖ਼ੁਫੀਆ ਏਜੰਸੀਆਂ ਲਾ ਸਕੀਆਂ ਅਤੇ ਨਾ ਹੀ ਸਿਆਸੀ ਤੇ ਮੀਡੀਆ ਹਲਕਿਆਂ ਨੂੰ ਕਿਸੇ ਕਿਸਮ ਦੀ ਭਿਣਕ ਪਈ।
ਪੰਜਾਬ ਨਾਲ ਸਬੰਧਤ ਕਿਸੇ ਵੀ ਭਾਜਪਾ ਜਾਂ ਅਕਾਲੀ ਦਲ ਦੇ ਲੀਡਰ ਦੀ ਜਾਣਕਾਰੀ ਤੋਂ ਬਿਨ੍ਹਾਂ ਸ੍ਰੀ ਗਿੱਲ ਦੇ ਜੰਮੂ ਕਸਮੀਰ ਸਥਿਤ ਕਠੂਆ ਸ਼ਹਿਰ ਵਿੱਚ ਅਮਿਤ ਸ਼ਾਹ ਦੀ ਰੈਲੀ ਦੌਰਾਨ ਭਾਜਪਾ ਵਿੱਚ ਸਾਮਲ ਹੋਣ ਦੀ ਸਾਰੀ ਕਹਾਣੀ ਤੋਂ ਸਿਆਸੀ ਹਲਕੇ ਜਦ ਹੈਰਾਨ ਤੇ ਪਰੇਸਾਨ ਹਨ, ਤਾਂ ਦਿੱਲੀ ਵਿਚਲੇ ਆਰ ਐਸ ਐਸ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ੍ਰੀ ਗਿੱਲ ਵੱਲੋਂ ਲਈ ਜਾਣ ਵਾਲੀ ਰਾਜਸੀ ਟਪਲੇਬਾਜੀ ਦਾ ਮੁੱਢ ਤਾਂ 30 ਮਈ ਨੂੰ ਮਾਨਸਾ ਵਿੱਚ ਹੀ ਬੱਝ ਗਿਆ ਸੀ, ਲੇਕਿਨ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਉਪਰੰਤ ਇਸ ਨੂੰ ਅਮਲੀ ਰੂਪ ਨਾਗਪੁਰ ਵਿਖੇ ਹੋਏ ਇੱਕ ਵਿਸੇਸ਼ ਫੈਸਲੇ ਤਹਿਤ ਦਿੱਤਾ ਗਿਐ, ਤਾਂ ਕਿ ਸ਼ਹਿਰੀ ਖੇਤਰਾਂ ਵਿੱਚ ਅਕਾਲੀ ਦਲ ਵੱਲੋਂ ਭਾਜਪਾ ਨੂੰ ਦਿੱਤੀ ਜਾ ਰਹੀ ਚਣੌਤੀ ਦਾ ਜੁਆਬ ਪੰਜਾਬ ਦੇ ਦਿਹਾਤੀ ਇਲਾਕਿਆਂ ਵਿੱਚ ਦਿੱਤਾ ਜਾਵੇ।

Comments

Security Code (required)Can't read the image? click here to refresh.

Name (required)

Leave a comment... (required)

ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ