Sun, 23 June 2024
Your Visitor Number :-   7133794
SuhisaverSuhisaver Suhisaver

ਵਿਸ਼ਵ ਪੁਸਤਕ ਮੇਲੇ `ਤੇ ਗਹਿਰਾ ਹੁੰਦਾ ਭਗਵਾ ਰੰਗ -ਸ਼ਿਵ ਇੰਦਰ ਸਿੰਘ

Posted on:- 26-03-2020

suhisaver

``ਅੱਜ ਜ਼ਰੂਰਤ ਹਿੰਦੂ ਏਕਤਾ ਦੀ ਹੈ , ਹਿੰਦੂਆਂ `ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ ।ਜੇ ਅਸੀਂ ਪਹਿਲਾਂ ਤੋਂ ਹੀ ਇੱਕ ਹੋ ਕੇ ਮੁਸਲਮਾਨਾਂ ਨੂੰ ਆਪਣੇ ਇਲਾਕਿਆਂ `ਚ ਜ਼ਮੀਨਾਂ ਨਾ ਖ਼ਰੀਦਣ ਦਿੰਦੇ ਤਾਂ ਸਾਨੂੰ ਇਹ ਦਿਨ ਨਾ ਦੇਖਣੇ ਪੈਂਦੇ ..ਸਾਨੂੰ ਆਪਣੀਆਂ ਬੱਚੀਆਂ ਨੂੰ ਮੁਸਲਮਾਨਾਂ ਤੋਂ ਬਚਾਉਣਾ ਚਾਹੀਦਾ ਹੈ ਕਿ ਉਹ ਕਿਸੇ ਮੁਸਲਮਾਨ ਮੁੰਡੇ ਨਾਲ ਪਿਆਰ ਨਾ ਕਰਨ । ਸ਼ੁਰੂ ਤੋਂ ਹੀ ਉਹਨਾਂ ਦੇ ਮਨਾਂ  `ਚ ਮੁਸਲਮਾਨਾਂ ਪ੍ਰਤੀ ਨਫਰਤ ਪੈਦਾ ਕਰਨੀ ਚਾਹੀਦੀ ਹੈ ....ਆਪਣੀਆਂ ਕੁੜੀਆਂ ਨੂੰ ਦੱਸੋ ਕਿ ਉਹ ਚਾਰ ਵਿਆਹ ਕਰਦੇ ਹਨ , ਖਤਨਾ ਕਰਦੇ ਹਨ । ਇਸੇ ਤਰ੍ਹਾਂ ਹੀ ਸਾਡੀਆਂ ਕੁੜੀਆਂ `ਲਵ ਜ਼ਿਹਾਦ` ਤੋਂ ਬਚ ਸਕਦੀਆਂ ਹਨ ।`` ਇਹ ਨਫਰਤੀ ਭਾਸ਼ਾ ਕਿਸੇ ਕੱਟੜਵਾਦੀ ਸੰਸਥਾ ਵਿਚੋਂ ਨਹੀਂ ਬਲਕਿ ਭਾਰਤ ਸਰਕਾਰ ਦੇ ਅਦਾਰੇ ਨੈਸ਼ਨਲ ਬੁੱਕ ਟਰੱਸਟ (ਐੱਨ .ਬੀ .ਟੀ . ) ਦੁਆਰਾ ਪ੍ਰਗਤੀ ਮੈਦਾਨ ` ਚ 4 ਜਨਵਰੀ ਤੋਂ 12 ਜਨਵਰੀ ਤੱਕ ਚੱਲੇ ਵਿਸ਼ਵ ਪੁਸਤਕ ਮੇਲੇ `ਤੇ `ਸਨਾਤਨ` ਸੰਸਥਾ ਦੇ ਬੁੱਕ  ਸਟਾਲ ਤੋਂ ਸੁਣਨ ਨੂੰ ਮਿਲੀ  । ਇਸ  ਬੁੱਕ ਸਟਾਲ ਦੇ ਕਰਕੁਨ ਜਿਥੇ ਅਜਿਹਾ ਪ੍ਰਚਾਰ ਕਰ ਰਹੇ ਸਨ , ਉਥੇ ਹਿੰਦੂ ਰਾਸ਼ਟਰਵਾਦ ਸਬੰਧੀ ਤੇ ਮੁਸਲਿਮ ਵਿਰੋਧੀ ਸਾਹਿਤ ਵੇਚ ਰਹੇ ਸਨ  । ਪੁਸਤਕਾਂ ਤੋਂ ਬਿਨਾਂ ਇਥੇ ਗਊ ਮੂਤਰ,ਧੂਫ-ਬੱਤੀ ,ਸਾਬਣ ,ਤੇਲ ,ਲਾਕੇਟ , ਕਪੂਰ ਆਦਿ ਵਸਤਾਂ `ਆਤਮਿਕ ਸ਼ੁਧੀ` ਦੇ ਨਾਮ `ਤੇ  ਵੇਚੀਆਂ ਜਾ ਰਹੀਆਂ ਸਨ । ਇਸ ਤਰ੍ਹਾਂ ਦਾ ਇਕ ਕੋਈ ਇਕੱਲਾ -ਕਾਰਾ ਸਟਾਲ ਨਹੀਂ ਸੀ ।
       
ਸੰਨ 1972 ਤੋਂ ਦਿੱਲੀ `ਚ ਇਹ ਵਿਸ਼ਵ ਪੁਸਤਕ ਮੇਲਾ ਲੱਗਦਾ ਆ ਰਿਹਾ ਹੈ । ਪਹਿਲਾਂ ਦੋ -ਤਿੰਨ ਸਾਲ ਦਾ ਫਰਕ ਪਾ ਕੇ ਲੱਗਦਾ ਸੀ ਫੇਰ ਹਰ ਸਾਲ ਲੱਗਣ ਲੱਗਾ । ਇਸੇ ਕੜੀ `ਚ ਇਸ ਵਾਰ ਇਹ 28 ਵਾਂ ਵਿਸ਼ਵ ਪੁਸਤਕ ਮੇਲਾ ਸੀ । ਇਸ ਵਾਰ ਮੇਲੇ ਦਾ ਥੀਮ ਮਹਾਤਮਾ ਗਾਂਧੀ ਦੇ 150 ਵੇਂ ਜਨਮ ਦਿਨ ਨੂੰ ਅਰਪਿਤ ਕੀਤਾ ਗਿਆ ਸੀ `ਮਹਾਤਮਾ ਗਾਂਧੀ: ਲੇਖਕਾਂ ਦੇ ਲੇਖਕ` ; ਮੇਲੇ `ਚ  600 ਦੇ ਕਰੀਬ ਦੇਸੀ -ਵਿਦੇਸ਼ੀ ਪ੍ਰਕਾਸ਼ਕ ਆਏ ਹੋਏ ਸਨ ।

ਲੇਕਿਨ ਇਸਦੇ ਬਾਵਜੂਦ ਪੁਸਤਕ ਪ੍ਰੇਮੀਆਂ `ਚ ਉਤਸ਼ਾਹ ਘੱਟ ਦਿਖਾਈ ਦਿੱਤਾ । ਸਾਹਿਤ ਪ੍ਰੇਮੀ ਇਸ ਗੱਲੋਂ ਚਿੰਤਤ ਸਨ ਕਿ ਆਏ ਸਾਲ ਪੁਸਤਕ ਮੇਲੇ ਉੱਤੇ ਭਗਵਾ ਰੰਗ ਗਹਿਰਾ ਹੁੰਦਾ ਜਾ ਰਿਹਾ ਹੈ  । ਪੁਸਤਕ ਮੇਲੇ ਦੇ ਨਾਮ ਉੱਤੇ ਸਾਧਾਂ-ਸੰਤਾਂ ਦੀਆਂ ਭੀੜਾਂ ਜਮ੍ਹਾਂ ਹੋ ਰਹੀਆਂ ਹਨ । ਧਾਰਮਿਕ ਤੇ ਅੰਧ -ਵਿਸ਼ਵਾਸੀ ਪੁਸਤਕਾਂ ਤੇ ਪ੍ਰਕਾਸ਼ਕਾਂ ਦਾ ਬੋਲਬਾਲਾ ਹੈ ।  ਵਿਸ਼ਲੇਸ਼ਣਾਤਮਕ ਸੋਚ ਵਾਲੇ ਤੇ ਦੂਸਰੇ ਦੇ ਵਿਚਾਰਾਂ ਪ੍ਰਤੀ ਸਨਮਾਨ ਰੱਖਣ ਵਾਲੇ ਪੁਸਤਕ ਪ੍ਰਕਾਸ਼ਕਾਂ ਦੀ ਗਿਣਤੀ ਮੇਲੇ `ਚੋਂ ਲਗਾਤਾਰ ਘੱਟ ਰਹੀ ਹੈ । ਸੰਘ ਤੇ ਭਾਜਪਾ ਦੀ ਇਥੇ ਲਗਾਤਾਰ ਭਾਰੂ ਹੁੰਦੀ ਦਿਖਾਈ ਦੇ ਰਹੀ ਹੈ ।
       
ਮੇਲੇ `ਚ ਇਸ ਵਾਰ ਗੁਆਂਢੀ ਦੇਸ਼ਾਂ ਪਾਕਿਸਤਾਨ , ਬੰਗਲਾਦੇਸ਼ ਤੇ ਅਫਗਾਨਿਸਤਾਨ `ਚੋਂ ਕੋਈ ਵੀ ਪ੍ਰਕਾਸ਼ਕ ਨੂੰ ਸੱਦਾ ਨਹੀਂ ਭੇਜਿਆ ਗਿਆ । ਮੇਲੇ ਦੀ ਆਯੋਜਕ ਸੰਸਥਾ ਐੱਨ.ਬੀ .ਟੀ . ਦੇ ਮੁਖੀ ਪ੍ਰੋ : ਗੋਬਿੰਦ ਪ੍ਰਸ਼ਾਦ ਸ਼ਰਮਾ ਤਾਂ ਬਿਨਾਂ ਕਿਸੇ ਲਾਗ-ਲਪੇਟ ਆਖ ਰਹੇ ਸਨ  ,``ਤੁਸੀਂ ਜਾਣਦੇ ਹੀ ਹੋ ਕਿ ਬਹੁਤੀਆਂ ਚੀਜ਼ਾਂ ਸਿਆਸੀ ਕਾਰਨਾਂ ਕਰਕੇ ਨਹੀਂ ਹੋ ਪਾਉਂਦੀਆਂ । ਪਾਕਿਸਤਾਨ ਨੂੰ ਇਸ ਵਾਰ ਸਿਆਸੀ ਕਾਰਨਾਂ ਕਰਕੇ ਨਹੀਂ ਸੱਦਿਆ ਗਿਆ ।``ਰਾਮਸ਼ਰਨ ਜੋਸ਼ੀ ਵਰਗੇ  ਸਿਆਸੀ ਮਾਹਿਰ ਤਿੰਨਾਂ ਗੁਆਂਢੀ ਮੁਲਕਾਂ ਦੇ ਪ੍ਰਕਾਸ਼ਕਾਂ ਨੂੰ ਪੁਸਤਕ ਮੇਲੇ `ਚ ਨਾ ਸੱਦਣ ਦੇ ਫੈਸਲੇ ਨੂੰ  ਕੇਂਦਰ ਸਰਕਾਰ ਦੀ ਫਿਰਕੂ ਤੇ ਫਾਸਿਸਟ ਸੋਚ ਦਾ ਨਤੀਜਾ ਦੱਸਦੇ  ਹਨ । ਕੁਝ ਮਾਹਿਰ ਇਸਨੂੰ ਸੀ .ਏ .ਏ ਨਾਲ ਵੀ ਜੋੜ ਕੇ ਦੇਖ ਰਹੇ ਹਨ  । ਇਸ ਵਾਰ ਮੇਲੇ ਕਿਸੇ `ਮਹਿਮਾਨ ਦੇਸ਼ ` ਵੀ ਨਹੀਂ ਸੀ ਜਿਵੇਂ ਪਿਛਲੀ ਵਾਰ ਸ਼ਾਰਜਾਹ  ਸੀ ।
     
 ਛੋਟੇ ਪ੍ਰਕਾਸ਼ਕਾਂ ਦਾ ਆਰੋਪ ਹੈ ਕਿ ਮੇਲੇ ਦੇ ਪ੍ਰਬੰਧਕਾਂ ਨੇ ਪਿਛਲੇ ਸਾਲ ਤੋਂ ਬੁੱਕ ਸਟਾਲਾਂ ਦੀ ਫੀਸ ਵਧਾ ਦਿੱਤੀ ਜਿਸ ਨਾਲ ਪ੍ਰਗਤੀਸ਼ੀਲ ਤੇ ਵਿਗਿਆਨਕ ਸੋਚ ਵਾਲੇ ਵਾਲੇ ਛੋਟੇ ਪ੍ਰਕਾਸ਼ਕਾਂ ਨੂੰ ਵੱਡੀ ਮਾਰ ਪਈ ਹੈ । ਪਿਛਲੇ ਸਾਲ ਤਾਂ ਫਿਲਹਾਲ (ਹਿੰਦੀ ),`ਸਮਯਾਂਤਰ` ਵਰਗੇ ਅਦਾਰੇ ਆਪਣਾ ਸਟਾਲ ਨਹੀਂ ਲਗਾ ਸਕੇ ਸਨ । `ਹੰਸ` ਵਰਗੇ ਅਦਾਰੇ ਨੂੰ ਵੀ ਕਿਸੇ ਹੋਰ ਪ੍ਰਕਾਸ਼ਕ ਨਾਲ ਮਿਲ ਕੇ ਸਟਾਲ ਖਰੀਦਣਾ ਪਿਆ ਸੀ । ਇਸ ਵਾਰ ਵੀ  `ਮਾੱਸ ਮੀਡੀਆ`/ਜਨ-ਮੀਡੀਆ ਵਰਗੇ ਅਦਾਰਿਆਂ ਨੂੰ ਮੇਲੇ `ਚੋਂ  ਬਾਹਰ ਰਹਿਣਾ ਪਿਆ ।ਛੋਟੇ ਪ੍ਰਕਾਸ਼ਕਾਂ ਲਈ ਜੋ ਸਟਾਲ ਫੀਸ 6000 ਰੁ ਸੀ ਉਹ ਵਧਾ ਕੇ 15 ੦੦੦ ਰੁ ਕਰ ਦਿੱਤੀ ਗਈ ਹੈ । ਹਿੰਦੀ ਤੇ ਖੇਤਰੀ ਭਾਸ਼ਾਵਾਂ ਦੀ ਬੁੱਕ ਸਟਾਲ ਫੀਸ 45000 ਰੁ  ਤੇ ਅੰਗਰੇਜ਼ੀ ਸਟਾਲ ਦੀ 65000 ਰੁ ਕਰ ਦਿੱਤੀ ਗਈ ਹੈ । ਅਜਿਹੇ ਹਾਲਾਤਾਂ `ਚ ਰੂੜ੍ਹੀਵਾਦੀ ਤੇ ਅਮੀਰ ਪ੍ਰਕਾਸ਼ਕਾਂ ਦਾ ਮੇਲੇ `ਚ ਬੋਲਬਾਲਾ ਹੋ ਗਿਆ ਹੈ । ਨਾਮਵਰ ਵਿਸ਼ਲੇਸ਼ਕ ਅਨਿਲ ਚਮੜੀਆ ਤਾਂ ਬੇਬਾਕੀ ਨਾਲ ਆਖਦੇ ਹਨ ,`` ਨੈਸ਼ਨਲ ਬੁੱਕ ਟਰੱਸਟ ਦਾ ਉਦੇਸ਼ ਛੋਟੇ ਪ੍ਰਕਾਸ਼ਕਾਂ ਦੇ ਹਿੱਤਾਂ ਦੀ ਰਾਖੀ ਕਰਨ ਦੀ ਥਾਂ ਵੱਡੇ ਪ੍ਰਕਾਸ਼ਕਾਂ ਨੂੰ ਫਾਇਦਾ ਪਹੁੰਚਾਉਣਾ ਹੈ । ਭਾਰਤੀ ਭਾਸ਼ਾਵਾਂ ਵਾਲੇ ਹਾਲ ਵਿਚ ਹਿੰਦੀ ਦੀ ਜ਼ਿਆਦਾ ਚੌਧਰ ਹੋਰਨਾਂ ਭਾਸ਼ਾਵਾਂ ਦੀ ਘੱਟ , ਹਿੰਦੀ ਸਾਹਿਤ ਵਿਚ ਵੀ ਰੂੜ੍ਹੀਵਾਦੀ ਤੇ ਧਾਰਮਿਕ ਸਾਹਿਤ ਭਾਰੂ ਹੈ ।``
        
ਮੇਲੇ ਦੇ ਬਦਲੇ ਹੋਏ ਸਰੂਪ ਬਾਰੇ ਕਈ ਸਾਲਾਂ ਤੋਂ ਮੇਲੇ ਨਾਲ ਜੁੜੇ  ਨਾਮਵਰ ਹਿੰਦੀ ਪੱਤਰਕਾਰ ਅਭਿਸ਼ੇਕ ਸ੍ਰੀਵਾਸਤਵ ਆਪਣੀ ਚਿੰਤਾ ਪ੍ਰਗਟ ਕਰਦੇ ਹੋਏ ਆਖਦੇ ਹਨ ,``ਮੇਲੇ `ਚ ਪਾਠਕ ਘੱਟ ਗਏ ਹਨ ਤੇ ਉਪਭੋਗਤਾ ਵੱਧ ਗਏ ਹਨ । ਪਾਠਕਾਂ ਦੀ ਥਾਂ ਉਪਭੋਗਤਾਵਾਦੀਆਂ ਨੇ ਲੈ ਲਈ ਹੈ । ਲੋਕ ਇਥੇ ਕਿਤਾਬਾਂ ਖ਼ਰੀਦਣ ਦੀ ਥਾਂ ਪ੍ਰੋਡਕਟ ਖਰੀਦਣ ਆਉਂਦੇ ਹਨ । ਇਸ ਲਈ ਕੋਈ ਇਥੇ ਆਪਣੇ ਬੱਚੇ ਦੀ ਅੰਗਰੇਜ਼ੀ ਵਧੀਆ ਕਰਨ ਲਈ ਕਿਤਾਬ ਖਰੀਦਦਾ ਹੈ ,ਕੋਈ ਇਥੋਂ ਪੇਟ ਘਟਾਉਣ ਦੇ ਨੁਸਖਿਆਂ ਵਾਲੀ ਕਿਤਾਬ ਜਾਂ ਚੂਰਨ (ਇਹ ਕੁਝ ਵੀ ਉਥੇ ਵਿਕ ਰਿਹਾ ਸੀ ) ਖਰੀਦਦਾ ਹੈ । ਇਸੇ ਕਰਕੇ ਉਪਭੋਗਤਾਵਾਦੀ ਸਾਹਿਤ ਵਧਿਆ ਹੈ ਅਤੇ ਗਲਪ ,ਗੱਦ ਤੇ ਜੀਵਨ -ਜਾਂਚ ਵਾਲੇ ਸਾਹਿਤ ਦੀ ਮੰਗ ਘਟੀ ਹੈ । ਪਿਛਲੇ ਪੰਜਾਂ ਸਾਲਾਂ `ਚ ਮੇਲੇ ਦਾ ਰੰਗ -ਰੂਪ ਕਾਫੀ ਬਦਲਿਆ ਹੈ ।``
          
ਵਿਸ਼ਵ ਪੁਸਤਕ ਮੇਲੇ `ਚ `ਨਛੱਤਰ 2020 ` ਦੇ ਨਾਮ ਥੱਲੇ ਇੱਕ ਪੂਰਾ ਹਾਲ ਬਣਿਆ ਹੋਇਆ ਸੀ ।ਜਿਥੇ ਹੇਠ ਦੇਖ ਕੇ ਭਵਿੱਖਬਾਣੀ ਕਰਨ ਵਾਲੇ ਪਾਂਡੇ ਬੈਠੇ ਸਨ । ਲੋਕ ਆਪਣੀਆਂ ਜਨਮ -ਪੱਤਰੀਆਂ ਬਣਾ ਰਹੇ ਸਨ ।  ਗ੍ਰਹਿ-ਨਛੱਤਰਾਂ ਦੇ ਨਾਮ `ਤੇ ਨਗ , ਮੁੰਦਰੀਆਂ ਵੇਚੀਆਂ ਜਾ ਰਹੀਆਂ ਸਨ ਤੇ ਲੋਕਾਂ ਦੀ ਭੀੜ ਵੀ ਉਸ ਹਾਲ `ਚ ਚੋਖੀ ਸੀ । ਐੱਨ .ਬੀ .ਟੀ . ਦੇ ਅਧਿਕਾਰੀਆਂ ਦੇ ਗਲੇ `ਚ ਲਟਕੇ ਪਹਿਚਾਣ ਪੱਤਰਾਂ ਵਾਲੇ ਪਟੇ ਦਾ ਰੰਗ ਵੀ ਭਗਵਾ ਹੋ ਚੁਕਾ ਹੈ ।
       
ਮੇਲੇ ਨਾਲ ਲੰਬੇ ਸਮੇਂ ਤੋਂ ਜੁੜਿਆ ਚਿੰਤਨਸ਼ੀਲ ਵਰਗ ਇਹ ਮਹਿਸੂਸ ਕਰਦਾ ਦਿਖਾਈ ਦਿੱਤਾ ਕਿ ਇਥੇ ਹੁਣ ਪਹਿਲਾਂ ਵਰਗੀਆਂ ਸਿਆਸੀ ਤੇ ਸਾਹਿਤਕ ਚਰਚਾਵਾਂ ਨਹੀਂ ਹੁੰਦੀਆਂ ।  ਮੇਲੇ `ਚ ਮਿਲੇ ਇੱਕ ਬਜੁਰਗ ਹਿੰਦੀ ਲੇਖਕ ਦਾ ਕਹਿਣਾ ਸੀ ਸਿਆਸੀ ਚਰਚਾਵਾਂ ਤਾਂ ਲਗਪਗ ਖ਼ਤਮ ਹੈ ਉਹਨਾਂ ਮਿਸਾਲ ਦਿੰਦਿਆਂ ਆਖਿਆ ਕਿ ਜਿਸ ਦਿਨ ਮੇਲਾ ਸ਼ੁਰੂ ਹੋਇਆ ਉਸ ਤੋਂ ਇੱਕ ਦਿਨ ਮਗਰੋਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਨਕਾਬਪੋਸ਼ ਗੁੰਡਿਆਂ ਨੇ ਹਿੰਸਾ ਕੀਤੀ ਪਰ ਮੇਲੇ `ਚ ਇਸਦਾ ਜ਼ਿਕਰ ਤੱਕ ਨਾ ਹੋਇਆ । ਸ਼ਾਇਦ ਪੁਸਤਕ ਮੇਲੇ ਦੀਆਂ ਦੀਵਾਰਾਂ ਇੰਨੀਆਂ ਮਜ਼ਬੂਤ ਕਰ ਦਿੱਤੀਆਂ ਗਈਆਂ ਹਨ ਕਿ ਕੋਈ ਬਾਹਰੀ ਆਵਾਜ਼ ਜਾਂ ਚੀਖ ਅੰਦਰ ਸੁਣਾਈ ਨਾ ਦੇਵੇ । ਸਾਹਿਤਕ ਚਰਚਾਵਾਂ ਹੁੰਦੀਆਂ ਹਨ ਪਰ ਉਹਨਾਂ ਦੀ ਰਿਕਾਉਡਿੰਗ ਹੋਣ ਕਾਰਨ ਬਹੁਤੇ ਸਾਹਿਤਕਾਰ ਆਪਣੀ ਗੱਲ ਖੁੱਲ੍ਹ ਕੇ ਨਹੀਂ ਰੱਖ ਪਾਉਂਦੇ ।
         
 ਇਸ ਵਿਸ਼ਵ ਪੁਸਤਕ ਮੇਲੇ `ਚ ਕੱਟੜ ਹਿੰਦੂਵਾਦੀਆਂ ਦੁਆਰਾ ਦੂਸਰੇ ਪ੍ਰਕਾਸ਼ਕਾਂ ਨੂੰ ਧਮਕੀਆਂ ਦੇਣ ਦੇ ਮਾਮਲੇ ਵੀ ਸਾਹਮਣੇ ਆਉਣ ਲਗੇ ਹਨ । ਜਿਸਦਾ ਜ਼ਿਕਰ ਪਿਛਲੇ ਸਾਲ ਮੀਡੀਆ `ਚ ਵੀ ਹੋਇਆ ਹੈ । ਇੱਕ ਪ੍ਰਗਤੀਸ਼ੀਲ ਪ੍ਰਕਾਸ਼ਨ ਦੇ ਕਾਰਕੁੰਨ ਨੇ ਇਸ ਲੇਖਕ ਨੂੰ ਦੱਸਿਆ ,``ਪਿਛਲੇ ਸਾਲ ਤੇ ਇਸ ਵਾਰ ਵੀ ਭਗਵਾ ਸੋਚ ਵਾਲੇ ਸਾਨੂੰ ਤੰਗ ਕਰ ਰਹੇ ਹਨ । ਉਹ ਫਾਲਤੂ ਦੀ ਤਕਰਾਰਬਾਜ਼ੀ ਕਰਦੇ ਹਨ । ਸਾਡੇ ਨਾਲ ਲੜਨ ਲਈ ਤਿਆਰ ਰਹਿੰਦੇ ਹਨ ।ਉਹ ਆਖਦੇ ਹਨ ਕਿ ਤੁਹਾਡੀਆਂ ਕਿਤਾਬਾਂ ਸਾਨੂੰ ਠੇਸ ਪਹੁੰਚਾਉਂਦੀਆਂ ਹਨ ਇਸ ਲਈ ਤੁਸੀਂ ਇਹਨਾਂ ਨੂੰ ਸਟਾਲ ਤੋਂ ਚੁੱਕ ਲਵੋ । ਉਹ ਸਾਡੇ ਉੱਤੇ ਸ਼ਹੀਦ ਭਗਤ ਸਿੰਘ ਦੀ ਸ਼ਖ਼ਸੀਅਤ ਨੂੰ ਖਰਾਬ ਕਰਨ ਦਾ ਦੋਸ਼ ਲਾਉਂਦੇ ਹਨ । ਉਹਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਲੇਖ `ਮੈਂ ਨਾਸਤਿਕ ਕਿਓਂ ਹਾਂ ?` ਤੋਂ ਤਕਲੀਫ ਹੁੰਦੀ ਹੈ । ਉਹ ਸਾਨੂੰ ਕਹਿੰਦੇ ਹਨ ਕਿ ਇਹ ਲਿਖਤ ਸਟਾਲ `ਤੇ  ਨਾ ਰੱਖੋ । ਜਦੋਂ ਅਸੀਂ ਪ੍ਰਬੰਧਕਾਂ ਨੂੰ ਸ਼ਿਕਾਇਤ ਕੀਤੀ ਤਾਂ ਉਹਨਾਂ ਗੱਲ ਅਣਸੁਣੀ ਕਰ ਦਿੱਤੀ । ਇੱਕ ਹੋਰ ਬੁੱਕ ਸਟਾਲ ਵਾਲੇ ਨੇ ਦੱਸਿਆ ਸਾਧ ਲਾਣਾ ਕਿਤਾਬਾਂ ਦੇ ਹਾਲ ਵਿਚ ਉਚੀ -ਉਚੀ ਭਜਨ ਕਰਦਾ ਰਹਿੰਦਾ ਹੈ ਪਰ ਜੇ ਕੋਈ ਪ੍ਰਗਤੀਸ਼ੀਲ ਸੰਗਠਨ ਹਾਲ ਦੇ ਬਾਹਰ ਇਨਕਲਾਬੀ ਗੀਤ ਗਾਵੇ ਤਾਂ ਪ੍ਰਬੰਧਕ ਇਤਰਾਜ਼ ਕਰਦੇ ਹਨ । ਮੇਲੇ ਦੇ ਅਖੀਰਲੇ ਦਿਨ  ਜਦੋਂ ਕੁਝ ਨੌਜਵਾਨ ਦੇਸ਼ ਭਗਤੀ ਦਾ ਗੀਤ ਗਾ ਰਹੇ ਸਨ ਤਾਂ ਕੁਝ ਭਗਵਾਧਾਰੀਆਂ ਨੇ ਉਥੇ ਆ ਕੇ ਖਰੂਦ ਮਚਾਉਣਾ ਸ਼ੁਰੂ ਕਰ ਦਿੱਤਾ । ਪਿਛਲੇ ਸਾਲ ਕੁਝ ਹਿੰਦੂਤਵੀ ਸੰਗਠਨਾਂ ਨੇ ਇੱਕ ਮੁਸਲਿਮ ਧਾਰਮਿਕ ਕਿਤਾਬਾਂ ਦੀ ਸਟਾਲ ਦੀ ਤੋੜ -ਫੋੜ ਕਰਨ ਦੀ ਕੋਸ਼ਿਸ਼ ਕੀਤੀ । ਇਸ ਵਾਰ ਵੀ ਅਜਿਹੇ ਹੀ ਦੋ ਧਾਰਮਿਕ ਬੁੱਕ ਸਟਾਲਾਂ ਵਿਚਕਾਰ ਲੜਾਈ ਹੁੰਦੀ -ਹੁੰਦੀ ਬਚੀ ।
             
ਮੇਲੇ ਦਾ ਥੀਮ ਭਾਵੇਂ ਮਹਾਤਮਾ ਗਾਂਧੀ ਨੂੰ ਅਰਪਿਤ ਕੀਤਾ ਗਿਆ ਸੀ ਪਰ ਗਾਂਧੀ ਨੂੰ ਵੀ ਭਗਵਾਂ ਰੰਗ `ਚ ਰੰਗਾਂ ਦੀ ਕੋਸ਼ਿਸ਼ ਕੀਤੀ ਗਈ । 9 ਜਨਵਰੀ ਨੂੰ ਗਾਂਧੀ ਜੀ ਦੀ ਵਿਚਾਰਧਾਰਾ ਉੱਤੇ `ਥੀਮ ਮੰਡਪ` `ਚ  ਹੋਏ ਸੈਮੀਨਾਰ `ਚ ਇੱਕ ਸੰਘੀ ਵਿਚਾਰਕ ਨੇ ਬੋਲਦੇ ਹੋਏ ਕਿਹਾ ਕਿ ਗਾਂਧੀ ਜੀ ਸਵਰਾਜ ਨਾਲੋਂ ਵੀ ਵਧੇਰੇ ਅਹਿਮੀਅਤ ਗਊ ਰੱਖਿਆ ਨੂੰ ਦਿੰਦੇ ਸਨ ਤੇ ਉਹ ਗਊ ਰੱਖਿਆ ਲਈ ਸੰਗਠਨ ਬਣਾਉਣ ਦੇ ਹੱਕ `ਚ ਸਨ ।
         
ਮੇਲੇ ਦੀ ਡਾਇਰੈਕਟਰ ਨੀਰਾ ਜੈਨ ਨਾਲ ਗੱਲਬਾਤ ਦਿਲਚਸਪ ਰਹੀ । ਮੇਲੇ ਦੇ ਬਦਲੇ ਰੰਗ -ਰੂਪ ਦੀ ਗੱਲ ਨੂੰ ਉਹ ਝੁਠਲਾਉਂਦੀ ਰਹੀ ਤੇ ਆਖਦੀ ਰਹੀ ``ਤੁਸੀਂ ਮੀਡੀਆ ਵਾਲੇ ਆਪਣੇ ਕੋਲੋਂ ਗੱਲਾਂ ਬਣਾ ਰਹੇ ਹੋ । ਸਭ ਕੁਝ ਨਾਰਮਲ ਤਾਂ ਹੈ । ਕੁਝ ਵੀ ਗ਼ਲਤ ਨਹੀਂ ਹੋ ਰਿਹਾ `` ਅਖੀਰ `ਚ ਮੈਂ ਹਲਕੇ ਮੂਡ `ਚ ਉਸ ਤੋਂ ਪੁੱਛਿਆ ਕਿ ਤੁਸੀਂ ਮੇਲੇ `ਚੋਂ ਕਿਹੜੀ ਕਿਤਾਬ ਖ਼ਰੀਦੀ ਹੈ ਤਾਂ ਮਹੁਤਰਮਾ ਦਾ ਜਵਾਬ ਸੀ ,``ਯੋਗੀ
ਆਦਿੱਤਿਆਨਾਥ ਦੀ ਜੀਵਨੀ !``
       
 ਗਿਆਨ ਦਾ ਮਹਾਂ-ਕੁੰਭ ਮੰਨੇ ਜਾਂਦੇ ਵਿਸ਼ਵ ਪੁਸਤਕ ਮੇਲੇ ਦਾ ਇਹ ਹਾਲ ਹੋਣਾ ਸੱਚਮੁੱਚ ਚਿੰਤਾ ਦਾ ਵਿਸ਼ਾ ਹੈ ਸੱਤਾਧਾਰੀ ਹਿੰਦੂਤਵੀ ਸੋਚ ਵਾਲੀ ਸਰਕਾਰ ਤਮਾਮ ਸਰਕਾਰੀ ਸੰਸਥਾਨਾਂ ਨੂੰ ਆਪਣੇ ਰੰਗ ਵਿਚ ਰੰਗ ਕੇ ਉਹਨਾਂ ਦਾ ਸ਼ਾਨਾਂ -ਮੱਤਾ ਇਤਿਹਾਸ ਖਤਮ ਕਰ ਰਹੀ ਹੈ ਇਹੀ ਕੁਝ ਹੁਣ ਐੱਨ .ਬੀ .ਟੀ . ਅਤੇ ਵਿਸ਼ਵ ਪੁਸਤਕ ਮੇਲੇ ਨਾਲ ਹੋ ਰਿਹਾ ਹੈ । ਤਮਾਮ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਲਈ ਇਹ ਸੋਚ ਦੀ ਘੜੀ ਹੈ । ਇਸ ਵਰਤਾਰੇ ਵਿਰੁੱਧ ਆਵਾਜ਼ ਬੁਲੰਦ ਕਰਨ ਦੀ ਵੀ ।
                                               
ਮੋ : 9915411894

Comments

Manpreet Singh

Bhagwi rangat main aap akhi dekh ke aya c

Security Code (required)Can't read the image? click here to refresh.

Name (required)

Leave a comment... (required)

ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ