Sun, 23 June 2024
Your Visitor Number :-   7133643
SuhisaverSuhisaver Suhisaver

ਪੁਲਿਸ ਦੇ ਮੋਢਿਆਂ ’ਤੇ ਰੱਖਕੇ ਬਾਦਲਕੇ ਪਤਾ ਲਗਾਉਣਾ ਚਾਹੁੰਦੇ ਨੇ ਰਾਜਨੀਤਿਕ ਹਾਲਾਤ - ਜਸਪਾਲ ਸਿੰਘ ਜੱਸੀ

Posted on:- 30-01-2013

suhisaver

ਸਰਵੇ ਲਈ ਪੰਜਾਬ ਸਰਕਾਰ ਦਾ ਪੁਲਿਸ ਨੂੰ ਵਰਤਣਾ
ਮੰਦਭਾਗਾ : ਸੁਨੀਲ ਜਾਖੜ

ਰਾਜਨੀਤਿਕ ਸਰਵੇ ਕਰਨ ਦੀ ਗੱਲ
‘ਅਫਵਾਹ‘ :ਆਈ.ਜੀ ਨਿਰਮਲ ਸਿੰਘ ਢਿੱਲੋਂ


ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਪਿੰਡ ਪੱਧਰ ਉੱਪਰ ਵੋਟਾਂ ਦਾ ਮੁਲਾਂਕਣ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਕੰਮ ਦਾ ‘ਬੋਝ‘ ਪੰਜਾਬ ਪੁਲਿਸ ਦੇ ਮੋਢਿਆਂ ਉੱਪਰ ਧਰਿਆ ਹੈ।ਪੁਲਿਸ ਦੁਆਰਾ ਚੁੱਪ ਚੁਪੀਤੇ ਇਕੱਤਰ ਕੀਤੇ ਜਾ ਰਹੇ ਇਨ੍ਹਾਂ ਵੇਰਵਿਆਂ ਨੂੰ ਸਿਆਸੀ ਹਲਕੇ ਲੋਕ ਸਭਾ ਚੋਣਾਂ ਦੇ ਅਗਾਊਂ ਪ੍ਰਬੰਧਾਂ ਵਜੋਂ ਦੇਖ ਰਹੇ ਹਨ।ਜਦੋਂ ਕਿ ਕਾਂਗਰਸ ਪਾਰਟੀ ਦੇ ਵਰਕਰਾਂ ਅੰਦਰ ਇਸ ਨੂੰ ਲੈਕੇ ਬੇਚੈਨੀ ਪਾਈ ਜਾ ਰਹੀ ਹੈ।ਦੂਜੇ ਪਾਸੇ ਪੁਲਿਸ ਦੁਆਰਾ ਅਜਿਹੇ ਕਿਸੇ ਸਰਵੇ ਕਰਵਾਏ ਜਾਣ ਦੀ ਗੱਲ ਨੂੰ ਆਈ.ਜੀ. ਬਠਿੰਡਾ ਨਿਰਮਲ ਸਿੰਘ ਢਿੱਲੋ ਨੇ ਮੁੱਢੋਂ ਨਕਾਰਿਆ ਹੈ।

ਭਰੋਸੇਯੋਗ ਵਸੀਲਿਆਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਸਰਕਾਰ ਨੇ ਪੁਲਿਸ ਦੀ ਮਦਦ ਨਾਲ ਪਿੰਡ ਪੱਧਰ ‘ਤੇ ਇਹ ਜਾਣਕਾਰੀ ਇਕੱਤਰ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਪਿੰਡ ਦੀ ਆਬਾਦੀ ਕਿੰਨੀ ਹੈ ਅਤੇ ਕਿੰਨੇ ਲੋਕ ਵੋਟ ਪਾਉਣ ਦਾ ਹੱਕ ਰੱਖਦੇ ਹਨ।ਪਿੰਡ ਚ ਸਮਾਜ ਸੇਵੀ ਸੰਸਥਾਵਾਂ/ਕਲੱਬਾਂ ਦੀ ਗਿਣਤੀ ਕਿੰਨੀ ਹੈ ਅਤੇ ਕਿਹੜੀ ਸੰਸਥਾ ਚ ਕਿੰਨੇ ਮੈਂਬਰ ਹਨ,ਸੰਸਥਾ ਦੇ ਪ੍ਰਧਾਨ,ਸਕੱਤਰ ਦਾ ਵੇਰਵਾ ਅਤੇ ਮੋਬਾਇਲ ਨੰਬਰ ਵੀ ਇਕੱਤਰ ਕੀਤੇ ਜਾ ਰਹੇ ਹਨ।ਇਥੇ ਹੀ ਬੱਸ ਨਹੀ ਪਿੰਡ ਦੇ ਪ੍ਰਭਾਵਸ਼ਾਲੀ ਵਿਆਕਤੀਆਂ,ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਸਰਗਰਮ ਵਰਕਰਾਂ,ਸਾਬਕਾ ਫੌਜੀਆਂ,ਸੇਵਾ ਮੁਕਤ ਅਧਿਆਪਕਾਂ ਅਤੇ ਨੰਬਰਦਾਰਾਂ ਦਾ ਵੇਰਵਾ ਵੀ ਸੰਪਰਕ ਨੰਬਰਾਂ ਸਮੇਤ ਮੰਗਿਆ ਗਿਆ ਹੈ।ਇਸ ਦੇ ਨਾਲ ਹੀ ਪਿੰਡ ਪੱਧਰ ਤੇ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਦੌਰਾਨ ਕਿੰਨੀ ਵੋਟ ਕਿਸ ਪਾਰਟੀ ਦੇ ਉਮੀਦਵਾਰ ਨੂੰ ਪੋਲ ਹੋਈ ਦਾ ਵੇਰਵਾ ਵੀ ਇਕੱਠਾ ਕੀਤਾ ਗਿਆ ਹੈ।ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਕਾਂਗਰਸੀ ਆਗੂ ਸ੍ਰੀ ਸੁਨੀਲ ਜਾਖੜ ਨੇ ਪੰਜਾਬ ਸਰਕਾਰ ਦੁਆਰਾ ਸਰਵੇ ਲਈ ਪੁਲਿਸ ਨੂੰ ਵਰਤੇ ਜਾਣਾ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਨੇ ਪਹਿਲਾਂ ਹੀ ਪੁਲਿਸ ਨੂੰ ਆਪਣੀ ਹੱਥ ਠੋਕੇ ਬਣਾਕੇ ਰੱਖਿਆ ਹੈ ਅਤੇ ਇਸੇ ਦੇ ਚਲਦਿਆਂ ਸੈਕੜੇ ਕਾਂਗਰਸੀ ਵਰਕਰਾਂ ਤੇ ਝੂਠੇ ਮੁਕੱਦਮੇ ਦਰਜ ਕਰਵਾਏ ਹਨ।

ਸ੍ਰੀ ਜਾਖੜ ਨੇ ਕਿਹਾ ਕਿ ਬਾਦਲ ਸਰਕਾਰ ਦਾ ਪੁਲਿਸ ਨੂੰ ਆਪਣੇ ਮੁਫਾਦ ਵਜੋਂ ਵਰਤਣਾ ਇਹ ਪਹਿਲਾ ਕਾਰਾ ਨਹੀ ਹੈ।ਉਨਾਂ ਕਿਹਾ ਕਿ ਸੂਬਾ ਸਰਕਾਰ ਦੇ ਪੁਲਿਸ ਨੂੰ ਭੈਅ ਮੁਕਤ ਕਰਨ ਦੇ ਬਿਆਨ ਵੀ ਸਰਾਸਰ ਲਿਫਾਫੇਬਾਜੀ ਹਨ ਅਤੇ ਇਸ ਅਸਲੀਅਤ ਤੋ ਲੋਕ ਪੂਰੀ ਤਰਾਂ ਵਾਕਿਫ ਹਨ।ਇਸ ਪੂਰੇ ਮਾਮਲੇ ‘ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਵਿਧਾਨ ਸਭਾ ਹਲਕਾ ਸਰਦੂਲਗੜ ਤੋਂ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਅਜੀਤਇੰਦਰ ਸਿੰਘ ਮੋਫਰ ਨੇ ਕਿਹਾ ਕਿ ਸਮਾਜਿਕ ਰੱਖਿਆ ਪ੍ਰਣਾਲੀ ਦੀ ਪਹਿਲੀ ਕੜੀ ‘ਪੁਲਿਸ‘ ਨੂੰ ਕਿਸੇ ਰਾਜਨੀਤਿਕ ਪਾਰਟੀ ਦੁਆਰਾ ਸੱਤਾ ਦੀ ਧੋਂਸ ਚ ਆਪਣੇ ਨਿੱਜੀ ਹਿੱਤਾਂ ਲਈ ਵਰਤਣਾ ਜਿੱਥੇ ਸਮਾਜਿਕ ਤੌਰ ’ਤੇ ਘਾਤਕ ਹੈ ਉਥੇ ਇਸ ਨਾਲ ਪੁਲਿਸ ਦੀ ਭਰੋਸੇਯੋਗਤਾ ਨੂੰ ਵੀ ਢਾਹ ਲੱਗਦੀ ਹੈ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਭੁਲੇਖੇ ਚ ਹੈ ਕਿ ਇਹ ਸਰਵਿਆਂ ਨਾਲ ਚੋਣਾਂ ਨੂੰ ਜਿੱਤਿਆ ਜਾ ਸਕਦੈ ਜਦੋ ਕਿ ਸੱਚ ਇਹ ਹੈ ਕਿ ਚੋਣਾਂ ਭਰੋਸੇਯੋਗਤਾ ਨਾਲ ਜਿੱਤੀਆਂ ਜਾਂਦੀਆਂ ਹਨ ਅਤੇ ਅਕਾਲੀ-ਭਾਜਪਾ ਗੱਠਜੋੜ ਪੰਜਾਬ ਦੇ ਲੋਕਾਂ ਚ ਆਪਣੀ ਭਰੋਸੇਯੋਗਤਾ ਗੁਆ ਬੈਠਾ ਹੈ।ਆਲ ਇੰਡੀਆ ਕਾਂਗਰਸ ਕਮੇਟੀ ਮੈਂਬਰ ਸ੍ਰੀ ਰਾਮਪਾਲ ਢੈਪਈ ਨੇ ਕਿਹਾ ਕਿ ਪੰਜਾਬ ਸਰਕਾਰ ਬੰਗਾਲ ਦੀ ਤਰਜ ਤੇ ਸਰਵੇ ਕਰਾਕੇ ਸੂਬੇ ਦੇ ਰਾਜਨੀਤਿਕ ਹਾਲਾਤਾਂ ਤੋ ਜਾਣੂ ਹੋਣ ਦੀ ਕੋਸ਼ਿਸ ਚ ਪਰ ਪੰਜਾਬ ਦੀਆਂ ਜ਼ਮੀਨੀ ਹਕੀਕਤਾਂ ਕੁਝ ਹੋਰ ਹਨ।ਸ੍ਰੀ ਢੈਪਈ ਨੇ ਕਿਹਾ ਕਿ ਸੂਬੇ ਦਾ ਹਰ ਵਰਗ ਇਸ ਗੱਠਜੋੜ ਸਰਕਾਰ ਤੋਂ ਡਾਹਢਾ ਦੁਖੀ ਹੈ ਅਤੇ ਪੰਜਾਬ ਚ ਜੰਗਲ ਰਾਜ ਸਥਾਪਤ ਹੋ ਚੁੱਕਾ ਹੈ। ਸਿਆਸੀ ਮਾਹਰਾਂ ਦੀ ਮੰਨੀਏਂ ਤਾਂ ਸਰਕਾਰਾਂ ਅਜਿਹੇ ਸਰਵੇ ਸਮੇਂ ਸਮੇਂ ’ਤੇ ਕਰਾਉਂਦੀਆਂ ਰਹਿੰਦੀਆਂ ਹਨ।ਪੁਲਿਸ ਦੁਆਰਾ ਇਹ ਕੰਮ ਕੀਤਾ ਜਾਣਾ ਪਹਿਲੀ ਦਫਾ ਨਹੀਂ ਹੈ।ਸੂਬਾ ਸਰਕਾਰਾਂ ਪੁਲਿਸ ਨੂੰ ਹਮੇਸ਼ਾਂ ਆਪਣੇ ਹਿੱਤਾਂ ਵਜੋਂ ਵਰਤਦੀਆਂ ਆਈਆਂ ਹਨ ਅਤੇ ਕੋਈ ਵੀ ਰਾਜਨੀਤਿਕ ਪਾਰਟੀ ਇਸ ਦੋਸ਼ ਤੋਂ ਮੁਕਤ ਨਹੀਂ ਹੈ।ਉਨ੍ਹਾਂ ਕਿਹਾ ਕਿ ਕੋਈ ਭਾਵੇਂ ਕਿੰਨੀਆਂ ਡੀਗਾਂ ਮਾਰੀ ਜਾਵੇ ਪਰ ਕੋਣ ਨੀ ਜਾਣਦਾ ਕਿ ਥਾਨਿਆਂ ਦੇ ਪ੍ਰਬੰਧ ਜਥੇਦਾਰ ਚਲਾ ਰਹੇ ਨੇ।ਓਧਰ ਪੁਲਿਸ ਦੁਆਰਾ ਇਸ ਤਰ੍ਹਾਂ ਦਾ ਕੋਈ ਸਰਵੇ ਕਰਨ ਬਾਰੇ ਜਦ ਆਈ ਜੀ ਬਠਿੰਡਾ ਸ੍ਰ.ਨਿਰਮਲ ਸਿੰਘ ਢਿੱਲੋ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਰਵੇ ਪੁਲਿਸ ਦੁਆਰਾ ਕੀਤੇ ਜਾਣ ਦੀ ਗੱਲ ਨਿਰੀ ਅਫਵਾਹ ਹੈ।
     

Comments

Aslam Khan

good work jassi

Security Code (required)Can't read the image? click here to refresh.

Name (required)

Leave a comment... (required)

ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ