Mon, 15 July 2024
Your Visitor Number :-   7187091
SuhisaverSuhisaver Suhisaver

ਭਾਰਤ ਲਈ ਜਸੂਸੀ ਕਰਨ ਵਾਲੇ ਦੇਸ਼ ਭਗਤ ਸੁਰਿੰਦਰਪਾਲ ਮਹਿੰਮੀ ਦੀ ਆਰਥਿਕ ਮੰਦਹਾਲੀ ਕਾਰਨ ਹਾਲਤ ਤਰਸਯੋਗ

Posted on:- 08-11-2014

suhisaver

ਭਾਰਤ ਲਈ ਜਸੂਸੀ ਕਰਨ ਵਾਲਾ ਮੁਹਿੰਮੀ ਰਿਹਾ 9 ਸਾਲ ਪਕਿਸਤਾਨ ’ਚ ਬੰਦ

-ਸ਼ਿਵ ਕੁਮਾਰ ਬਾਵਾ

ਹੁਸ਼ਿਆਰਪੁਰ: ਦੇਸ਼ ਦੀ ਖਾਤਰ ਜਾਨ ਤਲੀ ’ਤੇ ਧਰਕੇ ਵੱਡੀਆਂ ਵੱਡੀਆਂ ਮੁਸੀਬਤਾਂ ਦਾ ਮੁਕਾਬਲਾ ਕਰਨ ਅਤੇ ਆਪਣੇ ਪਰਿਵਾਰ ਨੂੰ ਲੋਕਾਂ ਦੇ ਰਹਿਮ ਕਰਮ ਤੇ ਛੱਡਕੇ ਖੁਦ ਆਪ ਦੇਸ਼ ਲਈ ਹੀ ਪੂਰੇ 9 ਸਾਲ ਪਾਕਿਸਤਾਨ ਦੀਆਂ ਵੱਖ ਵੱਖ ਜੇਲ੍ਹਾਂ ’ਚ ਪਸ਼ੂਆਂ ਨਾਲੋਂ ਵੀ ਭੈੜੀ ਜ਼ਿੰਦਗੀ ਜਿਊਣ ਵਾਲੇ ਮੇਰੇ ਵਰਗੇ ਫੌਜੀ ਦਾ ਅੱਜ ਇਹ ਹਾਲ ਹੈ ਤਾਂ ਬਾਕੀ ਲੋਕਾਂ ਦਾ ਕੀ ਹੋਵੇਗਾ। ਭਾਰਤ ਦਾ ਰਾਜ ਭਾਗ ਚਲਾਉਣ ਵਾਲੀਆਂ ਸਰਕਾਰਾਂ ਦੇ ਮੁੱਖੀ ਸਿਆਸੀ ਆਗੂ ਜਾਤ ਬਰਾਦਰੀ ਦੇ ਅਧਾਰ ਤੇ ਜਿਆਦਾਤਰ ਆਪਣੇ ਹੀ ਲੋਕਾਂ ਨੂੰ ਲਾਭ ਦਿੰਦੀਆਂ ਹਨ। ਸਰਬਜੀਤ ਸਿੰਘ, ਨਿਸ਼ਾਨ ਸਿੰਘ ਦੀ ਭਾਰਤ ਲਈ ਕੋਈ ਬਹੁਤੀ ਤੜਪ ਨਹੀਂ ਸੀ ਪ੍ਰੰਤੂ ਉਹਨਾਂ ਨੂੰ ਲਾਭ ਅਤੇ ਸਹੂਲਤਾਂ ਆਪਣੇ ਨੇੜਲਿਆਂ ਦੀ ਸਰਕਾਰ ਹੋਣ ਕਰਕੇ ਮਿਲੀਆਂ।

ਉਹ ਦੇਸ਼ ਦੇ ਭਲੇ ਲਈ ਨਹੀਂ ਸਗੋਂ ਆਪਣੇ ਨਿਜੀ ਲਾਭ ਲਈ ਪਾਕਿਸਤਾਨ ਦੀਆਂ ਜੇਲ੍ਹਾਂ ਵਿਚ ਪੁੱਜੇ ਸਨ । ਦੇਸ਼ ਲਈ ਕੁਰਬਾਨੀਆ ਕਰਨ ਵਾਲੇ ਭਾਰਤੀ ਫੌਜ ਦੇ ਬਹੁਤ ਬਹਾਦਰ ਜੋਧੇ ਅੱਜ ਹੀ ਭਾਕਿਸਤਾਨ ਦੀਆਂ ਜੇਲ੍ਹਾਂ ਵਿਚ ਨਰਕ ਭਰੀ ਜਿੰਦਗੀ ਕੱਟ ਰਹੇ ਹਨ ਜਿਹਨਾਂ ਦੀ ਸਰਕਾਰ ਨੇ ਕਦੇ ਸਾਰ ਹੀ ਨਹੀਂ ਲਈ ਅਤੇ ਨਾ ਹੀ ਉਹਨਾਂ ਦੇ ਪਰਿਵਾਰਾਂ ਨੂੰ ਕੋਈ ਸਹੂਲਤ ਦਿੱਤੀ ਗਈ ਹੈ। ਜਿਹਨਾਂ ਨੂੰ ਆਰਥਿਕ ਸਹਾਇਤਾ ਦੀ ਲੋੜ ਹੈ ਉਹਨਾਂ ਨੂੰ ਸਰਕਾਰ ਨੇ ਕਦੇ ਨਹੀਂ ਪੁੱਛਿਆ ਤੇ ਜਿਹਨਾਂ ਨੂੰ ਕੋਈ ਲੋੜ ਹੀ ਨਹੀਂ ਸੀ ਉਹਨਾਂ ਦੇ ਬੇਮਤਲਬ ਘਰ ਭਰ ਦਿੱਤੇ ਗਏ ਹਨ। ਉਪ੍ਰੋਕਤ ਵਿਚਾਰ ਅੱਜ ਇਥੇ ਭਾਰਤ ਦੇ ਇੰਟੈਲੀਜੈਂਸ ਵਿਭਾਗ ਦੇ ਸਾਬਕਾ ਪੁਲਸ ਕਰਮਚਾਰੀ ਸੁਰਿੰਦਰਪਾਲ ਮਹਿੰਮੀ ਨੇ ਆਪਣੇ ਪਰਿਵਾਰ ਦੀ ਹਾਜਰੀ ਵਿਚ ਪ੍ਰਗਟਾਏ। ਉਹ ਗਰੀਬੀ ਦਾ ਮਾਰਿਆ ਆਪਣੇ ਕਰਮਾ ਨੂੰ ਕੋਸਦਾ ਹੋਇਆ ਬੋਲਿਆ ਕਿ ਇਥੇ ਪਹੁੰਚ ਵਾਲੇ ਦੇਸ਼ ਭਗਤਾਂ ਦੀ ਸੁਣਵਾਈ ਹੁੰਦੀ ਹੈ ਤੇ ਅਪਹੁੰਚ ਵਾਲਾ ਮੇਰੇ ਵਾਂਗ ਰੁਲ ਜਾਂਦਾ ਹੈ ਤੇ ਉਸਨੇ ਚਾਹੇ ਦੇਸ਼ ਲਈ ਕੁੱਝ ਵੀ ਕਰਕੇ ਦਿਖਾਇਆ ਹੋਵੇ। ਉਸਦੀ ਕੋਈ ਕਦਰ ਨਹੀਂ । ਉਸਦੀਆਂ ਚਾਰ ਧੀਆਂ ਅਤੇ ਦੋ ਲੜਕੇ ਹਨ। ਪੜ੍ਹੇ ਲਿਖੇ ਹਨ ਪ੍ਰੰਤੂ ਘਰ ਦੀ ਮਾੜੀ ਆਰਥਿਕ ਹਾਲਤ ਕਾਰਨ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹਨ।

ਸੁਰਿੰਦਰਪਾਲ ਮਹਿੰਮੀ ਪੁੱਤਰ ਸੁਖ ਰਾਮ ਵਾਸੀ ਬਾੜੀਆਂ ਖੁਰਦ ਨੇ ਆਪਣੀਆਂ ਦੋ ਕੋਠੇ ਜਿੱਡੀਆਂ ਜਵਾਨ ਧੀਆਂ ਵੱਲ ਇਸ਼ਾਰਾ ਕਰਦਿਆਂ ਦੱਸਿਆ ਕਿ ਉਹ ਆਪਣਾ ਅਤੇ ਪਰਿਵਾਰ ਦਾ ਪੇਟ ਪਸ਼ੂ ਪਾਲਕੇ ਭਰ ਰਿਹਾ ਹੈ। ਉਸਨੇ ਦੱਸਿਆ ਕਿ ਉਹ 1976 ਵਿਚ ਪੁਲਸ ਦੇ ਇੰਟੈਲੀਜੈਂਸ ਵਿਭਾਗ ਵਿਚ ਬਤੌਰ ਸਿਪਾਹੀ ਭਰਤੀ ਹੋਇਆ ਸੀ। ਵਿਭਾਗ ਵਲੋਂ ਉਸਨੂੰ ਦੇਸ਼ ਦੇ ਅਹਿਮ ਕੰਮਾਂ ਬਦਲੇ ਵੱਖ ਵੱਖ ਦੇਸ਼ਾਂ ਵਿਚ ਭੇਜਿਆ ਜਾਂਦਾ ਰਿਹਾ। ਉਸਨੇ ਕਈ ਵਾਰ ਪਾਕਿਸਤਾਨ ਗੇੜੇ ਮਾਰੇ ਪਰ ਉਹ 1976 ਵਿਚ ਪਾਕਿਸਤਾਨ ਦੀ ਫੌਜ਼ ਦੇ ਹੱਥ ਆ ਗਿਆ। ਉਸਨੇ ਦੱਸਿਆ ਕਿ ਉਹ ਅਹਿਮ ਜਾਣਕਾਰੀ ਲੈ ਕੇ ਪਾਕਿਸਤਾਨ ਤੋਂ ਆ ਰਿਹਾ ਸੀ ਕਿ ਸਿਆਲਕੋਟ ਬਾਰਡਰ ਨਜ਼ਦੀਕ ਪਾਕਿਸਤਾਨੀ ਫੌਜ਼ ਨੇ ਉਸਨੂੰ ਗਿ੍ਰਫਤਾਰ ਕਰ ਲਿਆ। ਉਹਨਾਂ ਦੱਸਿਆ ਕਿ ਮੇਰੇ ਕੋਲ ਜੋ ਭਾਰਤ ਲਈ ਅਹਿਮ ਦਸਤਾਵੇਜ ਸਨ ਉਹ ਪੁਲਸ ਦੇ ਹੱਥ ਨਹੀਂ ਲੱਗਣ ਦਿੱਤੇ, ਮੌਕੇ ਤੇ ਹੀ ਉਸਨੇ ਟੁੱਕੜੇ ਟੁੱਕੜੇ ਕਰ ਦਿੱਤੇ। ਪੁਲਸ ਮੁਲਾਜ਼ਮਾਂ ਦੀ ਜਬਰਦਸਤ ਕੁੱਟ ਦੇ ਬਾਵਜੂਦ ਵੀ ਉਸਨੇ ਸਾਰੇ ਅਹਿਮ ਸੁਰਾਗਾਂ ਵਾਲੇ ਕਾਗਜ਼ ਪਾੜਕੇ ਮੂੰਹ ਵਿਚ ਪਾਕੇ ਚੰਗੀ ਤਰ੍ਹਾਂ ਚਿੱਥਕੇ ਅੰਦਰ ਲੰਘਾ ਲਏ। ਪੁਲਸ ਨੇ ਉਸਨੂੰ ਕੁੱਟ ਕੁੱਟ ਅੱਧ ਮੋਇਆ ਕਰ ਦਿੱਤਾ ਅਤੇ ਅਤਿ ਦਾ ਜਲੀਲ ਕੀਤਾ। ਪਾਕਿਸਤਾਨੀ ਫੌਜ਼ ਦੇ ਅਹਿਮ ਅਧਿਕਾਰੀ ਉਸਦੀ ਇਸ ਗਲਤੀ ਕਾਰਨ ਉਸਨੂੰ ਹੋਰ ਹੀ ਤਸ਼ੱਦਦ ਨਾਲ ਤੰਗ ਕਰਨ ਲੱਗੇ ਅਤੇ ਉਸ ਨਾਲ ਉਹ ਜ਼ਾਨਵਰਾਂ ਵਾਲਾ ਸਲੂਕ ਕੀਤਾ ਗਿਆ ਜੋ ਅੱਜ ਉਸਨੂੰ ਯਾਦ ਕਰਕੇ ਰੂਹ ਕੰਬਣ ਲੱਗ ਪੈਂਦੀ ਹੈ।ਉਸਤੇ ਪੂਰੇ 15 ਦਿਨ ਅਤਿ ਦਰਜੇ ਦਾ ਉਹ ਤਸੀਹਾ ਦਿੱਤਾ ਗਿਆ ਜਿਹੜਾਂ ਬਿਆਨ ਕਰਨਾ ਵੀ ਮੁਸ਼ਕਲ ਹੈ। ਉਸਦੀ ਉਕਤ ਤਸੀਹਿਆਂ ਕਾਰਨ ਅੱਜ ਵੀ ਖਤਰਨਾਕ ਫੌੜੇ ਵਾਂਗ ਦਹਿ ਦੁੱਖਦੀ ਹੈ। ਉਸਨੇ ਦੱਸਿਆ ਕਿ ਉਸ ਵਕਤ ਮੇਰੇ ਮਾਂ ਬਾਪ ਦਾ ਕੋਈ ਸਹਾਰਾ ਨਹੀਂ ਸੀ। ਪਰਿਵਾਰ ਪੂਰੀ ਤਰ੍ਹਾਂ ਗਰੀਬੀ ਵਿਚ ਦਿਨ ਕੱਟ ਰਿਹਾ ਸੀ। ਮੈਂਨੂੰ ਜੋ 500 ਰੁਪਏ ਦੇ ਕਰੀਬ ਤਨਖਾਹ ਮਿਲਦੀ ਸੀ ਉਹ ਵੀ ਬੰਦ ਹੋ ਗਈ। ਭਾਰਤ ਸਰਕਾਰ ਨੇ ਮੇਰੀ ਅਤੇ ਮੇਰੇ ਪਰਿਵਾਰ ਦੀ ਕੋਈ ਸਾਰ ਨਹੀਂ ਲਈ ਜਿਸ ਸਦਕਾ ਮੈਂ ਪਾਕਿਸਤਾਨ ਜੇਲ੍ਹ ਵਿਚ ਬੈਠਾ ਹੋਰ ਵੀ ਪ੍ਰੇਸ਼ਾਨ ਹੋ ਗਿਆ। ਮੇਰੇ ਘਰਦਿਆਂ ਨੂੰ ਮੇਰੇ ਜਿੳੂਂਦੇ ਹੋਣ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ।

ਉਸਨੇ ਭਰਿਆਂ ਅੱਖਾਂ ਨਾਲ ਦੱਸਿਆ ਕਿ ਉਹ 9 ਸਾਲ ਪਾਕਿਸਤਾਨ ਵਿਚ ਜੇਲ੍ਹਾਂ ਮੁਲਤਾਨ, ਬੀਆਂਵਾਲੀ, ਲਾਹੌਰ, ਕੋਟ ਲੱਖਪਤਰਾਏ ਆਦਿ ਵਿਚ ਬੰਦ ਰਿਹਾ। ਜੇਲ੍ਹ ਅਧਿਕਾਰੀ ਰੋਜਾਨਾ ਉਸਨੂੰ ਬਾਹਰ ਕੱਢਕੇ ਘੰਟੇ ਦੇ ਕਰੀਬ ਅੰਨ੍ਹਾਂ ਤਸ਼ੱਦਦ ਕਰਦੇ , ਬਰਫ ਰੱਖਦੇ, ਪੁੱਠਾ ਟੰਗਦੇ ਅਤੇ ਸ਼ਰੀਰ ਤੇ ਮਿਰਚਾਂ ਮੱਲਕੇ ਤੜਪਾਉਂਦੇ। ਸਿਰ ਤੇ ਵੱਡੀ ਸਾਰੀ ਘੰਟੀ ਵਜਾ ਵਜਾ ਉਨੀਂਦਰਾ ਰੱਖਕੇ ਉਹਨਾਂ ਉਸਨੂੰ ਮਰਨ ਕਿਨਾਰੇ ਕਰ ਦਿੱਤਾ। ਉਸਨੇ ਦੱਸਿਆ ਕਿ 9 ਸਾਲ ਉਸਨੇ ਬਿਨਾ ਦੁੱਧ ਮਿੱਠੇ ਤੋਂ ਲੂਣ ਵਾਲੀ ਚਾਹ ਪੀਤੀ ਅਤੇ ਭੁੱਖ ਤੋਂ ਘੱਟ ਮਿਲਦੀ ਰੋਟੀ ਨਾਲ ਢਿੱਡ ਭਰਿਆ।

ਉਸਨੇ ਦੱਸਿਆ ਕਿ ਵੱਖ ਵੱਖ ਜੰਗਾਂ ਦੌਰਾਨ ਫੜੇ ਗਏ ਦੇਸ਼ ਦੇ ਅਨੇਕਾਂ ਫੌਜ਼ੀ ਅੱਜ ਵੀ ਪਾਕਿਸਤਾਨ ਸਰਕਾਰ ਕੋਲ ਮੌਜੂਦ ਹਨ ਜੋ ਜੇਲ੍ਹਾਂ ਵਿਚ ਪੂਰੀ ਤਰ੍ਹਾਂ ਪਾਗਲ ਹੋ ਕੇ ਨਰਕ ਭਰੀ ਜਿੰਦਗੀ ਜਿਊ ਰਹੇ ਹਨ। ਉਹਨਾਂ ਦੱਸਿਆ ਕਿ 9 ਸਾਲ ਜੇਲ੍ਹਾਂ ’ ਚ ਸੜਨ ਉਪਰੰਤ ਕਿਸਮਤ ਨਾਲ ਹੀ ਉਹ ਕੈਦੀਆਂ ਦੀ ਅਦਲਾ ਬਦਲੀ ਦੌਰਾਨ ਪਾਕਿਸਤਾਨ ਜੇਲ੍ਹ ਵਿਚੋਂ ਰਿਹਾ ਹੋ ਕੇ ਬਾਘਾ ਬਾਰਡਰ ਰਾਹੀਂ ਆਪਣੇ ਵਤਨ ਪਰਤਿਆ। ਉਸਨੇ ਦੱਸਿਆ ਕਿ ਤਿੰਨ ਦਿਨ ਭਾਰਤੀ ਪੁਲਸ ਦੀ ਖੱਜਲ ਖੁਆਰੀ ਉਪਰੰਤ ਜਦ ਉਸਨੇ ਆਪਣੇ ਮਹਿਮਕੇ ਨਾਲ ਸੰਪਰਕ ਕਰਕੇ ਆਪਣੀ ਨੌਕਰੀ ਬਾਰੇ ਪੁੱਛਿਆ ਤਾਂ ਉਹਨਾਂ ਲਾਰਿਆਂ ਸਿਵਾਏ ਹੋਰ ਕੁੱਝ ਵੀ ਪੱਲੇ ਨਾ ਪਇਆ। ਪੰਜਾਬ ਸਰਕਾਰ ਨੇ ਵੀ ਉਸਦੀ ਕੁਰਬਾਨੀ ਦੀ ਕੋਈ ਕੀਮਤ ਨਾ ਪਾਈ ਜਿਸ ਕਾਰਨ ਉਹ ਪੂਰੀ ਤਰ੍ਹਾਂ ਨਿਰਾਸ਼ ਹੋ ਕੇ ਘਰ ਬੈਠ ਗਿਆ ਹੈ। ਉਸਨੇ ਦੱਸਿਆ ਕਿ 1988 ਵਿਚ ਉਸਦਾ ਵਿਆਹ ਸੁਰੇਸ਼ ਰਾਣੀ ਨਾਲ ਕਰ ਦਿੱਤਾ ਅਤੇ ਉਸਦੇ ਘਰ ਚਾਰ ਲੜਕੀਆਂ ਅਤੇ ਦੋ ਲੜਕੇ ਪੈਦਾ ਹੋਏ। ਉਸਨੇ ਗਿਲਾ ਜਾਹਿਰ ਕਰਦਿਆਂ ਦੱਸਿਆ ਕਿ ਅੱਜ ਹਰੇਕ ਸੰਸਥਾ ਅਤੇ ਸਰਕਾਰੀ ਅਧਿਕਾਰੀ ਹਰ ਮੁਸੀਬਤ ਮੌਕੇ ਲੋਕਾਂ ਲਈ ਲੱਖਾਂ ਰੁਪਏ ਦਾਨ ਫੰਡ ਇਕੱਠਾ ਕਰਦੇ ਹਨ ਪ੍ਰੰਤੂ ਦੇਸ਼ ਲਈ ਉਸ ਵਰਗੇ ਆਦਮੀ ਵਲੋਂ ਸਭ ਕੁੱਝ ਦਾਅ ਤੇ ਲਗਾ ਦੇਣ ਦੇ ਬਾਵਜੂਦ ਸਰਕਾਰ ਨੇ ਨਾ ਤਾਂ ਉਸਨੂੰ ਪੈਨਸ਼ਨ ਅਤੇ ਨਾ ਹੀ ਕੋਈ ਨੌਕਰੀ ਦਿੱਤੀ ਹੈ। ਉਸਨੇ ਦੱਸਿਆ ਕਿ ਦੇਸ਼ ਦੀ ਪੁਲਸ ਨੂੰ ਉਸਦੀ ਕੁਰਬਾਨੀ ਤੇ ਅਜੇ ਵੀ ਸ਼ੱਕ ਹੈ। ਪੰਜਾਬ ਪੁਲਸ ਦੇ ਅਧਿਕਾਰੀ ਉਸਨੂੰ ਬਿਨਾ ਕੋਈ ਕਾਰਨ ਦੱਸਿਆਂ ਥਾਣੇ ਸੱਦਕੇ ਬੰਦ ਕਰ ਲੈਂਦੇ ਹਨ। ਉਸਨੇ ਕਿਹਾ ਕਿ ਕੀ ਇਹ ਹੀ ਦੇਸ਼ ਦੀ ਗੁਪਤ ਤਰੀਕੇ ਨਾਲ ਸੇਵਾ ਕਰਨ ਦਾ ਫਲ ਹੈ ?

ਉਸਦੀ ਪਤਨੀ ਸੁਰੇਸ਼ ਰਾਣੀ ਦਾ ਕਹਿਣ ਹੈ ਕਿ ਸਾਡੀਆਂ ਚਾਰ ਧੀਆਂ ਅਤੇ ਦੋ ਲੜਕੇ ਹਨ। ਉਸਨੇ ਆਪਣੇ ਪਤੀ ਦੇ ਪਾਕਿਸਤਾਨ ਦੀ ਜੇਲ੍ਹ ਵਿਚ ਹੁੰਦਿਆਂ ਦਿਹਾੜੀਆਂ ਕਰਕੇ ਘਰ ਚਲਾਇਆ। ਚਾਰ ਲੜਕੀਆਂ ਹਨ ਜੋ ਵਿਆਹੁਣ ਦੇ ਯੋਗ ਹਨ। ਸਰਕਾਰ ਨੇ ਮੇਰੇ ਪਤੀ ਦੀ ਸਹਾਇਤਾ ਤਾਂ ਕੀ ਕਰਨੀ ਸੀ ਸਗੋਂ ਮਿਲਣ ਵਾਲੀ ਪੈਨਸ਼ਨ ਬੰਦ ਕਰਕੇ ਇਹ ਸ਼ੋਅ ਕਰਨ ਦੀ ਕੌਸ਼ਿਸ਼ ਕੀਤੀ ਕਿ ਉਸਦੇ ਪਤੀ ਦਾ ਦੇਸ਼ ਦੀ ਫੌਜ਼ ਅਤੇ ਪੁਲਸ ਨਾਲ ਕੋਈ ਸਬੰਧ ਹੀ ਨਹੀਂ ਰਿਹਾ। ਉਸਨੇ ਦੱਸਿਆ ਕਿ ਅਸੀਂ ਪਸ਼ੂ ਪਾਲ, ਦਿਹਾੜੀ ਕਰਕੇ ਗੁਜਾਰਾ ਕਰ ਰਹੇ ਹਾਂ। ਸਰਕਾਰ ਨਾਲ ਉਹਨਾਂ ਦਾ ਗਿਲਾ ਹੈ ਕਿ ਜੇਕਰ ਤੁਸੀਂ ਸ਼ਰਾਬ ਪੀ ਕੇ ਦੇਸ਼ ਦੀ ਸਰਹੱਦ ਪਾਰ ਕਰਨ ਵਾਲਿਆਂ ਨੂੰ ਹਰ ਤਰੀਕੇ ਨਾਲ ਸਹੂਲਤਾਂ ਪ੍ਰਦਾਨ ਕਰ ਸਕਦੇ ਹੋ ਤਾਂ ਕੀ ਮੇਰੇ ਵਲੋਂ ਦਿਹਾੜੀਆਂ ਕਰ ਕਰ ਖੁਦ ਮਿਹਨਤ ਨਾਲ ਪੜ੍ਹਾਈ ਐਮ ਏ ਬੀ ਐਡ ਲੜਕੀ ਨੂੰ ਕੋਈ ਸਰਕਾਰੀ ਨੌਕਰੀ ਨਹੀਂ ਦੇ ਸਕਦੇ ? ਉਸਨੇ ਦੱਸਿਆ ਕਿ ਸਰਕਾਰ ਸਾਡੇ ਨਾਲ ਜਾਤ ਬਰਾਦਰੀ ਕਰਕੇ ਵੀ ਵਿਤਕਰਾ ਕਰ ਰਹੀ ਹੈ। ਉਸਨੇ ਦੱਸਿਆ ਕਿ ਨੰਗਲ ਖਿਡਾਰੀਆਂ ਦਾ ਕਸ਼ਮੀਰ ਸਿੰਘ ਉਸਦੇ ਪਤੀ ਨਾਲ ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਸੀ। ਉਸਨੂੰ ਪੰਜਾਬ ਸਰਕਾਰ ਨੇ ਲੱਖਾਂ ਰੁਪਏ ਨਾਲ ਮਾਲਾਮਾਲ ਕਰ ਦਿੱਤਾ ਜਦਕਿ ਉਸਦੀ ਸਰਬਜੀਤ ਵਾਂਗ ਦੇਸ਼ ਲਈ ਕੋਈ ਕੁਰਬਾਨੀ ਹੀ ਨਹੀਂ ਹੈ। ਉਸਨੇ ਭੇਦ ਦਾ ਖੁਲਾਸਾ ਕੀਤਾ ਕਿ ਕਸ਼ਮੀਰ ਸਿੰਘ ਕੋਈ ਨੀਮ ਪਾਗਲ ਨਹੀਂ ਸੀ ਉਹ ਡਰਾਮਾ ਕਰ ਰਿਹਾ ਸੀ। ਉਸਨੇ ਦੱਸਿਆ ਕਿ ਉਹ ਜਦ ਉਸਦੀ ਰਿਹਾਈ ਤੇ ਉਸਨੂੰ ਮਿਲਣ ਲਈ ਉਸਦੇ ਪਿੰਡ ਗਏ ਤਾਂ ਉਸਨੇ ਸਡਾ ਮੀਡੀਆ ਦੇ ਸਾਹਮਣੇ ਮੇਰੇ ਪਤੀ ਮਹਿੰਮੀ ਨੂੰ ਇਹ ਗਹਿ ਕੇ ਜਲੂਸ ਕੱਢਿਆ ਕਿ ਕੀ ਤੂੰ ਸ਼ਰਾਬ ਪੀਣੀ ਬੰਦ ਕਰ ਦਿੱਤੀ ਹੈ। ਉਸਨੇ ਰੌਦਿਆਂ ਦੱਸਿਆ ਕਿ ਇਹ ਕੌੜਾ ਸੱਚ ਹੈ ਕਿ ਕਸ਼ਮੀਰ ਸਿੰਘ ਨੇ ਉਕਤ ਗੱਲ ਗਿਣੀਮਿਥੀ ਸ਼ਾਜਿਸ਼ ਤਹਿਤ ਕਹੀ । ਉਸਨੇ ਸਵਾਲ ਕੀਤਾ ਕਿ ਕੀ ਪਾਕਿਸਤਾਨ ਦੀਆਂ ਜੇਲ੍ਹਾਂ ਵਿਚ ਕੈਦੀ ਸ਼ਰਾਬ ਪੀਂਦੇ ਹਨ ? ਸੁਰਿੰਦਰਪਾਲ ਮਹਿੰਮੀ ਅਤੇ ਉਸਦੇ ਪਰਿਵਾਰ ਦੀ ਮੰਗ ਹੈ ਕਿ ਸਰਕਾਰ ਉਸਦੀ ਗਰੀਬੀ, ਕੁਰਬਾਨੀ ਅਤੇ ਜਵਾਨੀ ਦੀ ਦਹਿਲੀਜ ਤੇ ਪੁੱਜੇ ਬੱਚਿਆਂ ਦੀ ਜ਼ਿੰਦਗੀ ਨੂੰ ਕੁੱਝ ਸੁਖਾਲਾ ਕਰਨ ਲਈ ਅੱਗੇ ਆਵੇ।

Comments

Security Code (required)Can't read the image? click here to refresh.

Name (required)

Leave a comment... (required)

ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ