Sat, 27 April 2024
Your Visitor Number :-   7007748
SuhisaverSuhisaver Suhisaver

ਮੁੰਡੇ ਮੇਰੇ ਪਿੰਡ ਦੇ –ਚਰਨਜੀਤ ਸਿੰਘ ਪੰਨੂ

Posted on:- 26-09-2012



ਮੁੰਡੇ ਮੇਰੇ ਪਿੰਡ ਦੇ ਦਲੇਰ ਹੋਈ ਜਾਂਦੇ ਨੇ,
ਮਾਰਦੇ ਨੇ ਬੜ੍ਹਕਾਂ ਤੇ ਸ਼ੇਰ ਹੋਈ ਜਾਂਦੇ ਨੇ।
ਪੱਬਾਂ ਤੇ ਕਲੱਬਾਂ ਵਿੱਚ ਸਮਾਂ ਨੇ ਗੁਜ਼ਾਰਦੇ।
ਕਾਲਜਾਂ ਸਕੂਲਾਂ ਵਿੱਚੋਂ ਫਰਲੋ ਉਹ ਮਾਰਦੇ।
ਮਾਪਿਆਂ ਦੀ ਕਿਰਤ, ਕੈਸੀਨੋ ਵਿਚ ਹਾਰਦੇ।
ਕੰਨਾਂ ਵਿੱਚ ਮੁੰਦੇ, ਬੋਦੇ ਜ਼ੁਲਫ਼ਾਂ ਸਵਾਰਦੇ।
ਖ਼ਾਨਦਾਨੀ ਜੜ੍ਹਾਂ ਵਿੱਚ ਤੇਲ ਚੋਈ ਜਾਂਦੇ ਨੇ।
ਸੱਸੀਆਂ ਤੇ ਹੀਰਾਂ ਪਿੱਛੇ ਢੇਰ ਹੋਈ ਜਾਂਦੇ ਨੇ।
ਮੁੰਡੇ ਮੇਰੇ ਪਿੰਡ ਦੇ ਦਲੇਰ ਹੋਈ ਜਾਂਦੇ ਨੇ।



ਤੋੜਦੇ ਨਾ ਡੱਕਾ, ਕੰਮੋਂ ਬੜਾ ਕਤਰਾਉਂਦੇ ਨੇ।
ਬਾਪੂ ਜੋੜੇ ਝੋਟੇ, ਉਹ ਬੁੱਲਟ ਭਜਾਉਂਦੇ ਨੇ।
ਡੋਡੇ, ਸਮੈਕ, ਬੀੜੀ, ਦਾਰੂ, ਜਰਦੇ ਲਾਉਂਦੇ ਨੇ।
ਮਦਹੋਸ਼ ਹੋ ਕੇ ਨੱਚਦੇ, ਡਮਰੂ ਵਜਾਉਂਦੇ ਨੇ।  
ਨਾੜਾ ਵਿੱਚ ਟੀਕੇ ਲਾ ਕੇ ਢੇਰ ਹੋਈ ਜਾਂਦੇ ਨੇ।
ਹਿੱਪੀ ਵੇਸ ਸੂਟ੍ਹੇ ਲਾ, ਲੰਡੇਰ ਹੋਈ ਜਾਂਦੇ ਨੇ।
ਹੈਰੀ ਗੈਰੀ ਸਿੱਧੂ ਤੇ ਕਲੇਰ ਹੋਈ ਜਾਂਦੇ ਨੇ।
ਮੁੰਡੇ ਮੇਰੇ ਪਿੰਡ ਦੇ ਦਲੇਰ ਹੋਈ ਜਾਂਦੇ ਨੇ।

ਕਾਗ਼ਜ਼ੀ ਭਲਵਾਨਾਂ ਦੇ ਗਿੱਟੇ ਵੇਖੋ ਭਿੜਦੇ।
ਜਿੰਮ ਤੋਂ ਕਤਰਾਉਂਦੇ, ਨਸਿਆਂ 'ਚ ਰੁੜ੍ਹਦੇ।
ਮੱਥੇ ਹੱਥ ਮਾਰਨ ਮਾਪੇ, ਅੰਦਰੇ ਹੀ ਕੁੜ੍ਹਦੇ।
ਭਰਤੀ ਦੇ ਫਿੱਟ ਨਹੀਂ, ਖਾਲੀ ਹੱਥ ਮੁੜਦੇ।
ਸਰੀਰਕ ਟੈਸਟ ਵਿੱਚੋਂ ਫੇਲ੍ਹ ਹੋਈ ਜਾਂਦੇ ਨੇ।
ਫੁੱਲ ਸੀ ਗੁਲਾਬ ਦੇ, ਕਨੇਰ ਹੋਈ ਜਾਂਦੇ ਨੇ।
ਮੁੰਡੇ ਮੇਰੇ ਪਿੰਡ ਦੇ ਦਲੇਰ ਹੋਈ ਜਾਂਦੇ ਨੇ।

ਹੜਤਾਲਾਂ ਕਰਾਉਂਦੇ, ਬੱਸਾਂ ਗੱਡੀਆਂ ਸਾੜਦੇ।
ਖ਼ਜ਼ਾਨੇ ਬੈਂਕ ਲੁੱਟਦੇ ਤੇ ਮਿਲਖਾਂ ਨੂੰ ਤਾੜਦੇ।
ਫਿਰੌਤੀਆਂ ਦੀ ਖਾਤਰ, ਬੇਦੋਸ਼ੇ ਗੱਡੀ ਚਾੜ੍ਹਦੇ।
ਤਸਕਰੀ ਦੇ ਧੰਦੇ ਪੈ ਕੇ ਜ਼ਿੰਦਗੀ ਉਜਾੜਦੇ।
ਕੇਸਾਂ ਤੇ ਕਾਨੂੰਨਾਂ ਵਿਚ ਘੇਰ ਹੋਈ ਜਾਂਦੇ ਨੇ।
ਸਮਾਜ ਨਾਲੋਂ ਟੁੱਟ ਕੇ ਮਤੇਰ ਹੋਈ ਜਾਂਦੇ ਨੇ।
ਮੁੰਡੇ ਮੇਰੇ ਪਿੰਡ ਦੇ ਦਲੇਰ ਹੋਈ ਜਾਂਦੇ ਨੇ।

ਚੌੜੀ ਛਾਤੀ ਡਰੱਗ ਨੇ ਘੁਣ ਵਾਂਗੂੰ ਖਾ ਲਈ।
ਸੋਨੇ ਜਿਹੀ ਬਾਡੀ, ਐਬਾਂ ਵੈਲਾਂ ਹਥਿਆ ਲਈ।
ਲਾਲੀ ਜਗ੍ਹਾ ਚਿਹਰੇ ਪਿਲੱਤਣ ਪੱਲੇ ਪਾ ਲਈ।
ਸਿਹਤਮੰਦ ਸਰੀਰ ਸੀ ਬਿਮਾਰੀ ਪਰਨਾ ਲਈ।
ਹਥੌੜੇ ਜਿਹੇ ਜੁੱਸੇ ਜੋ, ਪਥੇਰ ਹੋਈ ਜਾਂਦੇ ਨੇ।
ਪੁੰਨਿਆਂ 'ਚ ਬੈਠੇ ਵੀ ਹਨੇਰ ਢੋਈ ਜਾਂਦੇ ਨੇ।
ਵੇਖਦੇ ਹੀ ਪੰਨੂ ਨੂੰ ਬਟੇਰ ਹੋਈ ਜਾਂਦੇ ਨੇ।
ਮੁੰਡੇ ਮੇਰੇ ਪਿੰਡ ਦੇ ਦਲੇਰ ਹੋਈ ਜਾਂਦੇ ਨੇ।

ਈ-ਮੇਲ: pannucs@yahoo.com

Comments

harpreet singh

nice

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ