Tue, 17 October 2017
Your Visitor Number :-   1096583
SuhisaverSuhisaver Suhisaver
ਆਰੂਸ਼ੀ ਦੇ ਮਾਤਾ-ਪਿਤਾ ਜੇਲ੍ਹ 'ਚੋਂ ਰਿਹਾਅ               ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਸਿੱਖ ਬੀਬੀਆਂ ਨੂੰ ਕੀਰਤਨ ਕਰਨ ਦੀ ਪ੍ਰਵਾਨਗੀ              

ਮਹਿੰਦਰ ਸਿੰਘ ਮਾਨ ਦੀਆਂ ਚਾਰ ਗ਼ਜ਼ਲਾਂ

Posted on:- 13-06-2017

suhisaver

(1)

'ਨਾ ਰੱਖੀਂ ਯਾਦ ਮੈਨੂੰ ' ਕਹਿ ਗਿਆ ਹੈ।
ਉਹ ਤਾਂ ਹੀ ਮੇਰੇ ਮਨ ਤੋਂ ਲਹਿ ਗਿਆ ਹੈ।

ਕਿਸੇ ਮੰਜ਼ਲ ’ਤੇ ਉਸ ਨੇ ਪਹੁੰਚਣਾ ਕੀ,
ਜੋ ਰਾਹੀ ਰਾਹ ਦੇ ਵਿੱਚ ਹੀ ਬਹਿ ਗਿਆ ਹੈ।

ਕਦੇ ਉਹ ਪੁੱਤ ਵੱਧ ਨ੍ਹੀ ਸਕਦਾ ਅੱਗੇ,
ਕਮਾਈ ਪਿਉ ਦੀ ਤੇ ਜੋ ਬਹਿ ਗਿਆ ਹੈ।

ਤਜਾਰਤ ਪਿਆਰ ਨੂੰ ਜੋ ਸਮਝਦਾ ਸੀ,
ਉਹ ਕੱਲਾ ਜ਼ਿੰਦਗੀ ਵਿੱਚ ਰਹਿ ਗਿਆ ਹੈ।

ਉਹ ਹਰ ਵੇਲੇ ਦਿਸੇ ਚਿੰਤਾ 'ਚ ਡੁੱਬਿਆ,
ਉਦ੍ਹੇ ਦਿਲ ਵਿੱਚ ਕੁਝ ਤਾਂ ਬਹਿ ਗਿਆ ਹੈ।

ਉਦ੍ਹਾ ਤੇਰੇ ਬਿਨਾਂ ਸਰਨਾ ਨਹੀਂ ਸੀ,
ਉਹ ਤਾਂ ਹੀ ਜ਼ੁੱਲਮ ਤੇਰਾ ਸਹਿ ਗਿਆ ਹੈ।

ਉਦੋਂ ਦਾ ਭਾਰ ਲੱਗੇ ਉਹ ਪੁੱਤਾਂ ਨੂੰ,
ਜਦੋਂ ਦਾ ਮੰਜੀ ਤੇ ਪਿਉ ਬਹਿ ਗਿਆ ਹੈ।

***

(2)

ਏਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ,
ਹੁਣ 'ਉੱਜੜੇ ਗੁਲਸ਼ਨ ਵਿੱਚ'ਉਸ ਦਾ ਆਣਾ ਠੀਕ ਨਹੀਂ।

ਕੋਈ ਵੇਲਾ ਸੀ ਜਦ ਚਾਹੁੰਦੇ ਸਾਂ ਉਸ ਨੂੰ ਮਿਲਣਾ,
ਪਰ ਇਸ ਉਮਰ 'ਚ ਸਾਨੂੰ ਉਸ ਦੀ ਕੋਈ ਉਡੀਕ ਨਹੀਂ।

ਦਿਲ ਤਾਂ ਕਰਦਾ ਹੈ  ਮਨਾਈਏ ਆਪਣਾ ਜਨਮ ਦਿਹਾੜਾ,
ਪਰ ਸਾਨੂੰ ਲਭਦੀ ਹੀ ਆਪਣੀ ਜਨਮ ਤਰੀਕ ਨਹੀਂ।

ਮਨ ਦੇ ਪਿੱਛੇ ਲੱਗ ਕੇ ਤੁਰਨਾ ਹੁੰਦਾ ਠੀਕ ਸਦਾ,
ਮਨ ਨਾਲੋਂ ਹੋਰ ਕੋਈ ਬੰਦੇ ਦੇ ਨਜ਼ਦੀਕ ਨਹੀਂ।

ਉਸ ਨੂੰ ਲੁੱਟ, ਪੁੱਟ ਕੇ ਦੇਣਾ ਸੀ ਮਾਰ ਦਰਿੰਦੇ ਨੇ,
ਜੇ ਕਰ ਉਸ ਨੇ ਸਮੇਂ ਸਿਰ ਮਾਰੀ ਹੁੰਦੀ ਚੀਕ ਨਹੀਂ।

ਅੱਜ ਕਲ੍ਹ ਉਹ ਵੀ ਡਿਗਰੀ ਲੈ ਕੇ ਫਿਰਦੇ ਨੇ ਯਾਰੋ,
ਜਿਹਨਾਂ ਕਾਪੀ ਤੇ ਕਦੇ ਮਾਰੀ ਹੁੰਦੀ ਲੀਕ ਨਹੀਂ।

ਇਕ, ਦੂਜੇ ਦੀ ਜਾਨ ਦੇ ਦੁਸ਼ਮਣ ਬਣ ਗਏ ਨੇ ਲੋਕੀਂ,
ਇਸ ਪਿੰਡ ਦੇ ਵਿੱਚ 'ਮਾਨਾ'ਤੇਰਾ ਰਹਿਣਾ ਠੀਕ ਨਹੀਂ।

***

(3)

ਉਹ ਜੋ ਕੁਝ ਕਹਿੰਦਾ, ਅੱਖਾਂ ਨਾ' ਕਹਿੰਦਾ ਹੈ,
ਉਹ ਕੀ ਕੁਝ ਕਹਿੰਦਾ, ਦਿਲ ਸੋਚਦਾ ਰਹਿੰਦਾ ਹੈ।

ਉਸ ਨੂੰ ਕੁਝ ਤਾਂ ਅਕਲ ਜ਼ਰੂਰ ਆ ਜਾਂਦੀ ਹੈ,
ਜੋ ਚੰਗੇ ਮਨੁੱਖਾਂ ਵਿੱਚ ਉੱਠਦਾ, ਬਹਿੰਦਾ ਹੈ।

ਜਿਹੜਾ ਬੰਦਾ ਹਿੰਮਤ ਦਾ ਲੜ ਨ੍ਹੀ ਛੱਡਦਾ,
ਦੈਂਤ ਨਿਰਾਸ਼ਾ ਦਾ ਉਸ ਕੋਲੋਂ ਢਹਿੰਦਾ ਹੈ।

ਸਾਰੇ ਦਾਗ ਦਿਲਾਂ ਦੇ ਧੋਤੇ ਜਾਂਦੇ ਨੇ,
ਜਦ ਅੱਖਾਂ 'ਚੋਂ ਦਰਿਆ ਯਾਰੋ ਵਹਿੰਦਾ ਹੈ।

ਜਦ ਸਾਰੇ ਧਰਮ ਸੁਨੇਹਾ ਦੇਣ ਪਿਆਰ ਦਾ,
ਫਿਰ ਬੰਦੇ ਨਾ' ਬੰਦਾ ਕਿਉਂ ਖਹਿੰਦਾ ਹੈ ?

ਜਿਸ ਨੂੰ ਮਿਲਦੈ ਚੈਨ ਬੜਾ ਲੋਕ ਲੜਾ ਕੇ,
ਸਾਡੇ ਪਿੰਡ 'ਚ ਹੀ ਉਹ ਬੰਦਾ ਰਹਿੰਦਾ ਹੈ।

ਕਈਆਂ ਦੇ ਸੀਨੇ ਵਿੱਚ ਬਲਦੇ ਨੇ ਭਾਂਬੜ,
'ਮਾਨ'ਗ਼ਜ਼ਲ ਆਪਣੀ ਵਿੱਚ ਸੱਚ ਜਦ ਕਹਿੰਦਾ ਹੈ।

***

(4)

ਚੰਗਾ, ਮੰਦਾ ਬੋਲ ਕੇ ਸੰਸਾਰ ਨੂੰ,
ਯਾਦ ਕਰ ਲੈਂਦੇ ਹਾਂ ਵਿਛੜੇ ਯਾਰ ਨੂੰ।

ਝੂਠ ਕੇਵਲ ਵਧਦਾ ਹੈ ਕੁਝ ਚਿਰ ਲਈ,
ਸੱਚ ਹੀ ਪਰ ਜਿੱਤਦਾ ਆਖ਼ਰਕਾਰ ਨੂੰ।

ਤੋੜਿਆ ਹੈ ਸੱਭ ਦਾ ਮਹਿੰਗਾਈ ਨੇ ਲੱਕ,
ਲੈਣ ਕੀ ਜਾਵੇ ਕੋਈ ਬਾਜ਼ਾਰ ਨੂੰ।

ਇਹ ਜ਼ਮਾਨਾ ਕੈਸਾ ਯਾਰੋ ਆ ਗਿਆ,
ਤਰਸਦੇ ਮਾਤਾ- ਪਿਤਾ ਸਤਿਕਾਰ ਨੂੰ।

ਕੰਮ ਸਾਰੇ ਗੱਪਾਂ ਵਿੱਚ ਹੋ ਜਾਂਦੇ ਨੇ,
ਕੌਣ ਹੱਥਾਂ ਵਿੱਚ ਫੜੇ ਅੰਗਾਰ ਨੂੰ।

ਘਰ 'ਚ ਚੋਰੀ ਹੋਣ ਤੋਂ ਬਚ ਜਾਣੀ ਸੀ,
ਨੀਂਦ ਜੇ ਆਂਦੀ ਨਾ ਪਹਿਰੇਦਾਰ ਨੂੰ।

ਕਿਉਂ ਜਵਾਨੀ ਵਿੱਚ ਉਹ ਲੱਗਦਾ ਨਸ਼ਿਆਂ ਨੂੰ?
ਨੌਕਰੀ  ਜੇ ਮਿਲਦੀ ਬੇਰੁਜ਼ਗਾਰ ਨੂੰ।

ਸੰਪਰਕ: +91 99158 03554

Comments

Name (required)

Leave a comment... (required)

Security Code (required)ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ