Tue, 17 October 2017
Your Visitor Number :-   1096582
SuhisaverSuhisaver Suhisaver
ਆਰੂਸ਼ੀ ਦੇ ਮਾਤਾ-ਪਿਤਾ ਜੇਲ੍ਹ 'ਚੋਂ ਰਿਹਾਅ               ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਸਿੱਖ ਬੀਬੀਆਂ ਨੂੰ ਕੀਰਤਨ ਕਰਨ ਦੀ ਪ੍ਰਵਾਨਗੀ              

ਸਵਾਮੀ ਸਰਬਜੀਤ ਕੁਝ ਕਵਿਤਾਵਾਂ

Posted on:- 17-06-2017

ਧਰਮ – 1

ਇੰਝ ਨਹੀਂ ਕਿ ਮੈਨੂੰ ਪਤਾ ਨਹੀਂ,
ਇੰਝ ਨਹੀਂ ਕਿ ਮੈਥੋਂ ਬਾਹਰ ਹੈ ਕੁਝ
ਬਸ ਇੰਝ ਹੋ ਜਾਂਦਾ ਏ
ਮੈਂ ਦਸਤਾਰ, ਤਿਲਕ ਤੇ ਜਾਲ਼ੀਦਾਰ ਟੋਪੀ ਵਿੱਚੋਂ
ਆਪਣੇ ਪਛਾਨਣ ਲਗਦਾਂ
ਕਿਸੇ ਇੱਕ ਨੂੰ ਪਛਾਣ
ਬਾਕੀਆਂ ਨੂੰ ਪਛਾਣਨ ਤੋਂ ਇਨਕਾਰੀ ਹੋ ਜਾਨਾਂ
ਆਪਣੇ ਜਿਹੇ ਨੂੰ ਮੁਆਫ਼ ਕਰ ਦਿੰਨਾਂ
ਤੇ ਬਾਕੀਆਂ ਨੂੰ ਕਹਿੰਨਾਂ 'ਦਫ਼ਾ ਹੋਵੋ'

***
ਧਰਮ – 2

ਖਾੜਕੂ, ਆਤੰਕਵਾਦੀ, ਜੱਹਾਦੀ
ਸਭੇ ਧਾਰਮਿਕ ਯੋਧੇ
ਮੈਂ ਬੱਸ ਉਹਨੂੰ ਜਾਣਦਾਂ
ਜਿਹੜਾ ਮੇਰੇ ਧਰਮ ਦੈ
ਖਾੜਕੂ, ਆਤੰਕਵਾਦੀ, ਜੱਹਾਦੀ ਵਿੱਚੋਂ
ਇੱਕ ਮਨਫ਼ੀ ਹੋ ਜਾਂਦੈ

***
ਧਰਮ –3

ਬੰਦੂਕ, ਤਰਸ਼ੂਲ, ਕਿਰਪਾਨ ਦੀ ਨੋਕ ਤੇ ਟਿਕਿਆ ਧਰਮ
ਮੈਂ ਮਲਕੜੇ ਜਿਹੇ ਹਥਿਆਰ ਪਛਾਣ ਕੇ
ਆਪਣਾ ਧਰਮ ਚੁਰਾ ਲੈਨਾਂ
ਬਾਕੀ ਦੇ ਧਰਮਾਂ ਨੂੰ
ਹਥਿਆਰਾਂ ਦੀ ਨੋਕ 'ਤੇ ਟਿਕਿਆ ਰਹਿਣ ਦਿੰਨਾਂ

***
ਧਰਮ –4

ਹਰ ਧਰਮ ਉਗਦੈ
ਬੰਦੇ ਦੇ ਸਿਰ ਸਿੰਗ ਬਣ ਕੇ
ਬੰਦੇ ਦੇ ਪਿਛਵਾੜੇ ਪੂਛ ਬਣ ਕੇ
ਸਾਰੀ ਉਮਰ ਬੀਤ ਜਾਂਦੀ ਐ
ਆਪਣੀ ਪੂਛ ਬਚਾਉਂਦਿਆਂ
ਤੇ ਦੂਜੇ ਦੇ ਸਿੰਗ ਭੰਨਦਿਆਂ।

***
ਧਰਮ– 5

ਮੇਰੀ ਰੁੱਖੀ ਸੁੱਕੀ ਰੋਟੀ 'ਤੇ
ਕੋਈ ਚੋਪੜ ਜਾਂਦੈ ਧਰਮ ਦਾ ਘਿਓ
ਫੇਰ ਮੈਂ ਰੋਟੀ ਖਾਂਦਾ ਨਹੀਂ
ਬਸ ਬਚਾਉਂਦਾ ਰਹਿ ਜਾਨਾਂ।

***
ਧਰਮ–6

ਧਰਮ ਪਿੱਛੋਂ ਆ ਕੇ ਮੇਰੀ ਅੱਖਾਂ 'ਤੇ ਹੱਥ ਧਰ ਦਿੰਦੈ
ਪਰ ਕਦੇ ਨਹੀਂ ਇਹ ਪੁੱਛਦਾ 'ਦੱਸ ਮੈਂ ਕੌਣ' ?
ਮੈਂ ਸਾਰੀ ਉਮਰ ਆਪੇ ਅੰਦਾਜ਼ੇ ਲਾਈ ਜਾਨਾਂ,
ਜਦੋਂ ਤੱਕ ਬੁੱਝਦਾਂ ‘ਪਿੱਛੇ ਕੌਣ' !!
ਉਦੋਂ ਤੱਕ ਉਹਦਾ ਰੂਪ ਵਟ ਜਾਂਦੈ
ਫੇਰ ਜਨਮਾਂ–ਜਨਮਾਂਤਰਾਂ ਤੱਕ ਮੈਂ ਇਹੋ ਲੱਭਦਾ ਰਹਿ ਜਾਨਾਂ
ਆਖ਼ਰ ਪਿੱਛੇ ਹੈ ਕੌਣ ?

***
ਧਰਮ–7

ਮੇਰੀ ਰੂਹ ਦੇ ਸ਼ਾਂਤ ਪਾਣੀਆਂ ਵਿੱਚ
ਉਹ ਧਰਮ ਦਾ ਕੱਚਾ ਡਲ਼ਾ ਮਾਰ ਕੇ ਨਸ ਜਾਂਦੈ
ਜਦੋਂ ਮੁੜ ਨਿਤਾਰਾ ਹੁੰਦੈ
ਫੇਰ ਮੇਰਾ ਪਾਣੀ ਨਿਰਮਲ ਨਹੀਂ ਰਹਿੰਦਾ
ਕੱਚਾ ਡਲ਼ਾ ਖੁਰ ਕੇ ਮੇਰੇ ਧੁਰ ਅੰਦਰ ਤੱਕ ਰਸ ਜਾਂਦੈ
ਫੇਰ ਮੈਂ ਆਪਣੇ ਗੰਧਲੇ ਪਾਣੀ ਨੂੰ ਨਿੱਤਰਿਆ ਈ ਸਮਝਦਾਂ
ਮੇਰੇ ਕੋਲ਼ ਹੋਰ ਕੋਈ ਚਾਰਾ ਨਹੀਂ ਰਹਿ ਜਾਂਦਾ।

***

ਧਰਮ–8

ਮੇਰੇ ਮੁਲਾਇਮ ਹੱਥ ਸਖ਼ਤ ਹੋ ਗਏ ਨੇ
ਧਰਮ ਦਾ ਮੁੱਠਾ ਫੜ ਫੜ ਕੇ
ਮੈਂ ਕਿਰਤ ਤੋਂ ਨਕਾਰਾ ਹੋ ਗਿਆਂ
ਹੱਥਾਂ ਦੇ ਧਰਮੀ ਅੱਟਣ
ਦੇਖਣ ਨੂੰ ਸਖ਼ਤ ਲਗਦੇ
ਪਰ ਨਿੱਤ ਕੱਚੇ ਛਾਲਿਆਂ ਵਾਂਗ ਫਿਸਦੇ ਰਹਿੰਦੇ ਨੇ।

***
ਧਰਮ–9

ਮੈਂ ਕੁੱਖ 'ਚੋਂ ਬੇ–ਦਾਗ਼ ਨਿਕਲਿਆ ਸੀ
ਜੰਮਦਿਆਂ ਦਾਗ਼–ਦਾਰ ਹੋ ਗਿਆ
ਉਹ ਧਰਮ ਦਾ ਠੱਪਾ ਲਾ ਕੇ ਚਲੇ ਗਏ
ਮੈਂ ਸਾਰੀ ਉਮਰ ਉਸ ਦਾ ਦਾਗ਼ ਦਾ
ਬੋਝ ਢੋਂਹਦਾ ਰਿਹਾ।
***
ਧਰਮ–10

ਮੈਂ ਧਰਮ ਨੂੰ ਵਸਤਰਾਂ ਵਾਂਗ ਓੜ ਕੇ ਚਲਦਾ ਹਾਂ
ਉਮਰ ਬੀਤਦਿਆਂ
ਵਸਤਰ ਬੋਦੇ ਹੁੰਦੇ ਜਾਂਦੇ
ਪਰ ਮੈਂ ਵਸਤਰ ਨਹੀਂ ਬਦਲਦਾ
ਰੇਸ਼ਾ ਰੇਸ਼ਾ ਉਹ ਮੇਰੇ ਜਿਸਮ ਤੋਂ ਖਿਸਕਦੇ ਜਾਂਦੇ
ਮੈਂ ਨਹੁੰਆਂ ਨਾਲ਼ ਰੇਸ਼ਾ ਰੇਸ਼ਾ ਫੜਦਾ
ਕਈ ਆਖਦੇ ਤੂੰ ਅਲਫ਼ ਨੰਗਾ ਏਂ
ਮੈਂ ਉਨ੍ਹਾਂ ਦੀ ਗੱਲ ਸੁਣਨੋਂ ਇਨਕਾਰੀ ਹੋ ਜਾਨਾਂ
ਤੇ ਰੇਸ਼ਿਆਂ ਦੀ ਫੜੋ–ਫੜਾਈ 'ਚ ਉਲਝਿਆ
ਰਫ਼ੂਗਿਰੀ 'ਚ ਮਸ਼ਰੂਫ਼ ਹੋ ਜਾਨਾਂ।

***
ਧਰਮ –11

ਮਾਂ, ਭੈਣ, ਪ੍ਰੇਮਿਕਾ, ਪਤਨੀ, ਬੇਟੀ
ਕਿੰਨੇ ਰੂਪ ਨੇ ਔਰਤ ਦੇ
ਮੇਰੇ ਘਰ ਅੰਦਰ।
ਪਰ ਆਪਣੇ ਘੁਰਨੇ ਚੋਂ ਬਾਹਰ ਨਿਕਲਦਿਆਂ ਈ
ਬੋਝੇ ਵਿੱਚੋਂ ਕਿਰ ਜਾਂਦੇ ਸਾਰੇ ਰਿਸ਼ਤੇ
ਮਾਂ, ਭੈਣ, ਪ੍ਰੇਮਿਕਾ, ਪਤਨੀ, ਬੇਟੀ
ਦਾ ਰੂਪ ਵਟ ਜਾਂਦਾ
ਉਹ ਕੇਵਲ ਔਰਤ ਬਣ ਜਾਂਦੀ
ਜਿਸ ਨਾਲ਼ ਮੈਂ ਬੱਸ ਇੱਕੋ ਰਿਸ਼ਤਾ ਉਚਾਰਨਾ ਲੋਚਦਾ
ਰਿਸ਼ਤਾ ਕੇਵਲ 'ਭੋਗ' ਦਾ।

***

ਧਰਮ–12

ਮੇਰਾ ਧਰਮ ਐਨਕਾਂ ਵੰਡਦੈ
ਕਿਸੇ ਜੇਮਜ਼ ਬਾਂਡ ਦੀਆਂ
ਜਿਹਨੂੰ ਪਹਿਨ ਕੇ ਵੇਖੋ
ਆਪਣੀਆਂ ਔਰਤਾਂ ਸਾਰੀਆਂ ਰਿਸ਼ਤੇਦਾਰ ਜਾਪਦੀਆਂ
ਤੇ ਬਾਹਲੀਆਂ ਅਲਫ਼ ਨੰਗੀਆਂ।

***
ਧਰਮ–13

ਰਿਸ਼ਤਾ ਬਦਲਦਿਆਂ
ਪਰਿਭਾਸ਼ਾ ਵੀ ਬਦਲ ਜਾਂਦੀ
ਕਦੇ ਉਹ ਕਾਮ–ਸੁੱਖ ਬਣਦੈ
ਕਦੇ ਬਣਦਾ ਬਲਾਤਾਕਾਰ
ਧਰਮ ਜੱਜ ਹੈ ਕਚਿਹਰੀ ਦਾ
ਹਰ ਵਾਰ
ਬਾਇੱਜ਼ਤ ਬਰੀ ਕਰਦੈ।

***
ਧਰਮ – 14

ਧਰਮ ਦੇ ਪੁੱਤ ਮੇਰੇ ਮੋਢਿਆਂ 'ਤੇ ਆ ਬੈਠਦੇ ਨੇ
ਹਸਦੇ ਖੇਡਦੇ, ਲਾਡੀਆਂ ਪਾਡੀਆਂ ਕਰਦੇ
ਲੜਨ ਲਗਦੇ ਨੇ
ਮੈਂ ਧਰਮ ਦਾ ਦਾਦਾ
ਉਨ੍ਹਾਂ ਨੂੰ ਹੋੜਦਾ, ਮੋੜਦਾ, ਜੋੜਦਾ ਰਹਿ ਜਾਨਾਂ
ਤੇ ਧਰਮ ਦੇ ਪੁੱਤ ਮੇਰੇ ਤੇ ਦਾਬਾ ਪਾ ਲੈਂਦੇ ਨੇ
ਕਹਿੰਦੇ ਵਿਆਜ ਨਾਲ਼ੋਂ ਮੂਲ ਪਿਆਰਾ ਹੁੰਦੈ
ਮੈਂ ਮੂਕ ਦਰਸ਼ਕ ਬਣ ਜਾਨਾਂ।

ਸੰਪਰਕ: +91 98884 01328

Comments

Name (required)

Leave a comment... (required)

Security Code (required)ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ