Fri, 26 April 2024
Your Visitor Number :-   7004127
SuhisaverSuhisaver Suhisaver

ਅਫ਼ਸੋਸ ਕਿ ਮੈਂ ਉਹ ਗੱਲ ਨਾ ਜਾਣ ਸਕਿਆ - ਪ੍ਰਕਾਸ਼ ਮਲਹਾਰ

Posted on:- 24-04-2015

suhisaver

ਕਈ ਵਾਰ ਜ਼ਿੰਦਗੀ ’ਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜਿਨ੍ਹਾਂ ਦਾ ਸਾਡੀ ਜ਼ਿੰਦਗੀ ’ਤੇ ਡੂੰਘਾ ਅਸਰ ਪੈਂਦਾ ਹੈ । ਇਨ੍ਹਾਂ ਘਟਨਾਵਾਂ ਕਾਰਨ ਕੋਈ ਇਨਸਾਨ ਜ਼ਿੰਦਗੀ ’ਚ ਕਾਮਯਾਬੀ ਦੇ ਸਿਖਰ ’ਤੇ ਪਹੁੰਚ ਜਾਂਦਾ ਹੈ ਤੇ ਕਿਸੇ ਦੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ। ਇਹ ਘਟਨਾਵਾਂ ਕੁਦਰਤੀ ਵੀ ਵਾਪਰਦੀਆਂ ਹਨ ਤੇ ਕਈ ਵਾਰ ਇਨ੍ਹਾਂ ਦਾ ਕਾਰਨ ਕੁਝ ਸ਼ਾਤਿਰ ਲੋਕ ਹੁੰਦੇ ਹਨ । ਅਜਿਹੀ ਹੀ ਇੱਕ ਮੰਦਭਾਗੀ ਘਟਨਾ ਜਿਸ ਨੇ ਕਿਸੇ ਦੀ ਜ਼ਿੰਦਗੀ ਤਬਾਹ ਕਰ ਦਿੱਤੀ, ਮੈਨੂੰ ਅੱਜ ਵੀ ਚੇਤੇ ਹੈ । ਬਹੁਤ ਸਾਲ ਪਹਿਲਾਂ ਇੱਕ ਡਰਾਇਵਰ ਵੱਲੋਂ ਆਪਣੀ ਹੱਡਬੀਤੀ ਸੁਣਾਉਦਿਆਂ ਕਿਹਾ ਕਿ ਗੱਲ ਉਦੋਂ ਦੀ ਹੈ ਜਦੋਂ ਮੈਂ 10-12 ਕੁ ਸਾਲਾਂ ਦਾ ਹੋਵਾਂਗਾ । ਮੇਰੇ ਪਰਿਵਾਰ ’ਚ ਇੱਕ ਭੈਣ ਤੋਂ ਇਲਾਵਾ ਮਾਂ ਬਾਪ ਸਨ । ਸਾਰੇ ਆਪਸ ’ਚ ਬਹੁਤ ਪਿਆਰ ਕਰਦੇ ਸਨ। ਜਿੰਦਗੀ ਖੁਸ਼ੀਆਂ ਚਾਵਾਂ ਨਾਲ ਬੜੀ ਸੋਹਣੀ ਬੀਤ ਰਹੀ ਸੀ । ਬਾਪੂ ਜੀ ਖੇਤ ਦਾ ਕੰਮ ਕਰਦੇ , ਮਾਂ ਘਰ ਦਾ ਅਤੇ ਪਸ਼ੂਆਂ ਦੀ ਸਾਂਭ-ਸੰਭਾਲ ਕਰਦੀ । ਅਸੀਂ ਦੋਵੇਂ ਭੈਣ-ਭਰਾ ਸਕੂਲ ਪੜ੍ਹਦੇ । ਸਕੂਲੋਂ ਆਉਣ ’ਤੇ ਆਪਣਾ ਸਕੂਲੋਂ ਮਿਲਿਆ ਕੰਮ ਮੁਕਾ ਕੇ ਆਥਣ ਵੇਲੇ ਸਕੂਲ ਖੇਡਣ ਚਲੇ ਜਾਣਾ, ਮੇਰਾ ਨਿੱਤ ਦਾ ਕੰਮ ਸੀ।

ਇਸੇ ਤਰ੍ਹਾਂ ਅਸੀਂ ਰੋਜ਼ਾਨਾ ਵਾਂਗੂੰ ਇੱਕ ਦਿਨ ਸਕੂਲ ’ਚ ਖੇਡ ਰਹੇ ਸੀ। ਬਾਪੂ ਜੀ ਸਕੂਲ ’ਚ ਆਏ ਉਹਨਾਂ ਦੇ ਮੋਢੇ ’ਤੇ ਡਾਂਗ ਸੀ । ਉਹਨਾਂ ਨੇ ਆਉਣ ਸਾਰ ਡਾਂਗ ਮੇਰੇ ਮੌਰਾਂ ’ਚ ਮਾਰੀ । ਸਾਰੇ ਹੈਰਾਨ ਸਨ ਕਿ ਆਖ਼ਰ ਮੇਰੇ ਉਨ੍ਹਾਂ ਅਜਿਹਾ ਕਿਉਂ ਕੀਤਾ । ਜਦੋਂ ਤੱਕ ਮੈਂ ਗੱਲ ਪੁੱਛਦਾ ਉਨੇ ਚਿਰ ’ਚ ਉਹਨਾਂ ਨੇ ਦੋ ਹੋਰ ਡਾਂਗਾਂ ਮੇਰੇ ਮਾਰ ਦਿੱਤੀਆਂ । ਮੈਂ ਪੁੱਛੀ ਜਾਵਾਂ ਕਿ ਕਿਹੜੀ ਗੱਲੋਂ ਕੁੱਟਦੇ ਹੋ, ਪਰ ਉਹਨਾਂ ਕੁਝ ਨਾ ਦੱਸਿਆ ਤੇ ਮੈਨੂੰ ਬਾਹੋਂ ਫੜ ਕੇ ਮੂਹਰੇ ਲਾ ਲਿਆ ਤੇ ਘਰ ਲੈ ਆਏ ਰੋਂਦੇ ਆਉਂਦੇ ਨੂੰ ਦੇਖ ਕੇ ਮਾਂ ਪੁੱਛਿਆ । ਜਦੋਂ ਦੱਸਿਆ ਕਿ ਬਾਪੂ ਜੀ ਨੇ ਡਾਂਗਾਂ ਨਾਲ ਕੁੱਟਿਆ ਤਾਂ ਉਹਨਾਂ ਬਾਪੂ ਜੀ ਤੋਂ ਕੁੱਟਣ ਦਾ ਕਾਰਨ ਪੁੱਛਿਆ ਤਾਂ ਉਹਨਾਂ ਨੇ ਮਾਂ ਦੇ ਵੀ ਡਾਂਗ ਮਾਰ ਦਿੱਤੀ । ਪੁੱਤ ਭਾਵੇਂ ਕਿੰਨਾ ਵੀ ਕਮਜ਼ੋਰ ਹੋਵੇ ਪਰ ਆਪਣੀ ਮਾਂ ਨਾਲ ਹੁੰਦੀ ਬਦਸਲੂਕੀ ਨਹੀਂ ਸਹਾਰ ਸਕਦਾ ।

ਮੈਂ ਬਾਪੂ ਜੀ ਹੱਥੋਂ ਡਾਂਗ ਫੜ ਲਈ ਤੇ ਪਰ੍ਹਾਂ ਵਗ੍ਹਾ ਮਾਰੀ । ਬਾਪੂ ਜੀ ਗਾਲ੍ਹਾਂ ਦਿੰਦੇ ਬਾਹਰ ਨਿੱਕਲ ਗਏ । ਉਸ ਰਾਤ ਉਹ ਪਹਿਲੀ ਵਾਰ ਸ਼ਰਾਬ ਪੀ ਕੇ ਆਏ । ਅਸੀਂ ਮਾਂ ਪੁੱਤ ਬਿਨਾ ਕੁਝ ਖਾਧੇ-ਪੀਤੇ ਪੈ ਗਏ । ਸਾਰੀ ਰਾਤ ਰੋਂਦਿਆਂ ਨੇ ਗੁਜਾਰ ਲਈ । ਮੈਨੂੰ ਬਾਪੂ ਜੀ ਦਾ ਇਸ ਤਰ੍ਹਾਂ ਮੇਰੇ ਹਾਣੀਆਂ ਸਾਹਮਣੇ ਕੁੱਟਣਾ ਤੇ ਉਹ ਵੀ ਬਿਨਾ ਮੇਰਾ ਕਸੂਰ ਦੱਸੇ, ਬੜਾ ਰੜਕ ਰਿਹਾ ਸੀ, ਮੇਰਾ ਕਸੂਰ ਦੱਸ ਕੇ ਭਾਵੇਂ ਮੈਨੂੰ ਜਾਨੋਂ ਮਾਰ ਦਿੰਦੇ । ਸਾਰੀ ਰਾਤ ਇਸ ਅਣਹੋਣੀ ਬਾਰੇ ਸੋਚਦਿਆਂ ਮੈਂ ਇੱਕ ਵੱਡਾ ਫੈਸਲਾ ਕਰ ਚੁੱਕਿਆ ਸੀ ਕਿ ਜਦੋਂ ਤੱਕ ਬਾਪੂ ਜੀ ਮੇਰਾ ਕਸੂੁਰ ਨਹੀਂ ਦੱਸਦੇ ਮੈਂ ਉਹਨਾਂ ਦੇ ਮੱਥੇ ਨਹੀਂ ਲੱਗਣਾ । ਮੈਂ ਚੁੱਪ-ਚਾਪ ਘਰ ਛੱਡ ਕੇ ਭੱਜ ਗਿਆ ਜੇਬ ’ਚ ਘਰੋਂ ਚੋਰੀ ਕੀਤੇ 50 ਰੁਪਏ ਸਨ । ਪਿੰਡ ਦੇ ਬੱਸ ਅੱਡੇ ਤੋਂ ਬਠਿੰਡੇ ਵਾਲੀ ਬੱਸ ਚੜ੍ਹ ਗਿਆ । ਬਠਿੰਡਾ ਰੇਲਵੇ ਸਟੇਸ਼ਨ ’ਤੇ ਆ ਕੇ ਇੱਕ ਰੇਲਗੱਡੀ ’ਚ ਚੜ੍ਹ ਗਿਆ । ਪਤਾ ਨਹੀਂ ਸੀ ਕਿ ਉਹ ਗੱਡੀ ਕਿੱਥੇ ਜਾ ਰਹੀ ਹੈ । ਰਾਤ ਦਾ ਉਨੀਂਦਰਾ ਹੋਣ ਕਰਕੇ ਨੀਂਦ ਆ ਗਈ । ਜਦੋਂ ਸਵੇਰੇ ਅੱਖ ਖੁੱਲ੍ਹੀ ਤਾਂ ਗੱਡੀ ਇੱਕ ਵੱਡੇ ਸਟੇਸ਼ਨ ’ਤੇ ਰੁਕ ਚੁੱਕੀ ਸੀ । ਲੋਕ ਉੱਤਰਨ ਲਈ ਧੱਕਾ-ਮੁੱਕੀ ਹੋ ਰਹੇ ਸਨ । ਅੱਖਾਂ ਮਲਦੇ-ਮਲਦੇ ਨੇ ਇੱਕ ਵਿਅਕਤੀ ਤੋਂ ਪੁੱਛਿਆ ਕਿ ਇਹ ਕਿਹੜਾ ਸਟੇਸ਼ਨ ਹੈ । ਉਸ ਨੇ ਦੱਸਿਆ ਕਿ ਇਹ ਦਿੱਲੀ ਹੈ ‘ਦਿੱਲੀ’ ਸੁਣ ਕੇ ਘਬਰਾ ਗਿਆ । ਮੈਂ ਤਾਂ ਇੱਥੇ ਕਿਸੇ ਨੂੰ ਵੀ ਨਹੀਂ ਜਾਣਦਾ ਕਿੱਥੇ ਜਵਾਂਗਾ? ਕਿਸ ਦੇ ਕੋਲ ਰਹਾਂਗਾ? ਹੌਂਸਲਾ ਜਵਾਬ ਦੇ ਗਿਆ । ਸੋਚਾਂ ’ਚ ਡੁੱਬੇ ਨੂੰ ਪਿੱਛੋਂ ਸਵਾਰੀਆਂ ਨੇ ਧੱਕਾ ਮਾਰਿਆ ਤਾਂ ਬਾਕੀ ਅੱਗੇ ਖੜ੍ਹੀਆਂ ਸਵਾਰੀਆਂ ਸਮੇਤ ਗੱਡੀ ਤੋਂ ਥੱਲੇ ਪਹੁੰਚ ਗਿਆ । ਲੋਕਾਂ ਦੇ ਪਿੱਛੇ-ਪਿੱਛੇ ਇੱਕ ਲੰਮੀ ਸੜਕੇ ਪੈ ਗਿਆ । ਕਾਫ਼ੀ ਦੂਰ ਜਾਣ ਤੋਂ ਬਾਅਦ ਇੱਕ ਢਾਬੇ ਕੋਲ ਆ ਕੇ ਰੁਕ ਗਿਆ ਜਿਸ ਦੇ ਆਸ-ਪਾਸ ਬਹੁਤ ਸਾਰੇ ਟਰੱਕ ਖੜ੍ਹੇ ਸਨ ।


ਕੋਈ ਚਾਹ ਪੀ ਰਿਹਾ ਸੀ ਤੇ ਕੋਈ ਪਰੌਂਠੇ ਖਾ ਰਿਹਾ ਸੀ । ਦਿਨ ਅਤੇ ਰਾਤ ਤੋਂ ਕੁਝ ਵੀ ਨਾ ਖਾਧਾ ਹੋਣ ਕਾਰਨ ਖਾਂਦੇ-ਪੀਂਦੇ ਲੋਕਾਂ ਨੂੰ ਦੇਖ ਭੁੱਖ ਨੇ ਆਪਣਾ ਮੂੰਹ ਅੱਡ ਲਿਆ । ਕਾਲਜਾ ਹੱਥਾਂ ’ਚ ਆਉਣ ਵਾਲਾ ਹੋ ਰਿਹਾ ਕਾਫ਼ੀ ਦੇਰ ਖੜ੍ਹਾ ਸੋਚਦਾ ਰਿਹਾ ਕਿ ਕੀ ਕਰਾਂ, ਫੇਰ ਯਾਦ ਆਇਆ ਕਿ ਘਰੋਂ ਲਿਆਂਦੇ ਹੋਏ 50 ਰੁਪਇਆਂ ’ਚੋਂ ਕੁਝ ਪੈਸੇ ਅਜੇ ਵੀ ਮੇਰੇ ਕੋਲ ਹੋਣਗੇ । ਕੁਝ ਨਾ ਕੁਝ ਖਾ ਲਿਆ ਜਾਵੇ । ਜੇਬ ’ਚ ਹੱਥ ਮਾਰਿਆ ਤਾਂ ਹੱਥ ਕਾਫ਼ੀ ਮਿਹਨਤ ਪਿੱਛੋਂ ਖਾਲੀ ਦਾ ਖਾਲੀ ਬਾਹਰ ਆ ਗਿਆ । ਦਿਮਾਗ ’ਤੇ ਜੋਰ ਪਾਇਆ ਕਿ ਪੈਸੇ ਕਿੱਧਰ ਗਏ । ਕਾਫ਼ੀ ਚਿਰ ਬਾਅਦ ਖਿਆਲ ਆਇਆ ਬੱਸ ਦੀ ਟਿਕਟ ’ਚੋਂ ਬਚਦੇ ਪੈਸੇ ਤਾਂ ਮੈਂ ਗੀਜ੍ਹੇ ’ਚ ਪਾਏ ਸਨ। ਕਾਹਲੀ ਨਾਲ ਗੀਜੇ੍ਹ ’ਚ ਹੱਥ ਪਾਇਆ ਤਾਂ ਹੱਥ ਗੀਜ੍ਹੇ ਤੋਂ ਆਰ-ਪਾਰ ਹੋ ਗਿਆ । ਸਮਝ ਨਾ ਆਵੇ ਕਿ ਕੀ ਬਣੂ । ਜਦੋਂ ਮਨੁੱਖ ਲਈ ਇੱਕ ਦਰਵਾਜ਼ਾ ਬੰਦ ਹੋ ਜਾਂਦਾ ਹੈ ਤਾਂ ਪਰਮਾਤਮਾ ਉਸ ਲਈ ਕੋਈ ਦੂਜਾ ਦਰਵਾਜ਼ਾ ਖੋਲ੍ਹ ਦਿੰਦਾ ਹੈ। ਲੋੜ ਹੁੰਦੀ ਹੈ ਸਾਨੂੰ ਆਪਣੀ ਨਿਰਾਸ਼ਾ ਤੇ ਦੁੱਖ ਨੂੰ ਛੱਡ ਕੇ ਹਿੰਮਤ ਤੇ ਸਮਝਦਾਰੀ ਉਸ ਦਰਵਾਜ਼ੇ ਅੰਦਰ ਦਾਖਲ ਹੋਣ ਦੀ, ਤੇ ਅਜਿਹਾ ਹੀ ਦਰਵਾਜ਼ਾ ਮੇਰੇ ਲਈ ਵੀ ਪਰਮਾਤਮਾ ਨੇ ਖੋਲ੍ਹ ਦਿੱਤਾ ਸੀ ।

ਇੱਕ ਨੇਕ ਦਿਲ ਟਰੱਕ ਡਰਾਇਵਰ ਜੋ ਮੇਰੀਆਂ ਹਰਕਤਾਂ ’ਤੇ ਕਾਫ਼ੀ ਦੇਰ ਤੋਂ ਗੌਰ ਕਰ ਰਿਹਾ ਸੀ, ਮੇਰੇ ਕੋਲ ਆਇਆ ਤੇ ਬਾਂਹ ਫੜ ਕੇ ਢਾਬੇ ਮੂਹਰੇ ਪਏ ਮੰਜੇ ’ਤੇ ਲਿਆ ਕੇ ਬਿਠਾ ਲਿਆ । ਉਸ ਨੇ ਪਰੌਂਠਿਆਂ ਦਾ ਆਡਰ ਦਿੱਤਾ ਤੇ ਮੰਜੇ ’ਤੇ ਪਏ ਜੱਗ ’ਚੋਂ ਪਾਣੀ ਪਾ ਕੇ ਮੈਨੂੰ ਦਿੱਤਾ ਮੈਂ ਡਰਦਾ-ਡਰਦਾ ਪਾਣੀ ਪੀ ਗਿਆ, ਪਾਣੀ ਪੀ ਕੇ ਕੁਝ ਹੋਸ਼ ਆਈ ਐਨੀ ਦੇਰ ’ਚ ਪਰੌਂਠੇ ਵੀ ਆ ਗਏ । ਉਸਨੇ ਪਰੌਂਠੇ ਵਾਲੀ ਪਲੇਟ ਤੇ ਦਹੀਂ ਦੀ ਕੌਲੀ ਮੇਰੇ ਨੇੜੇ ਕਰ ਦਿੱਤੀ । ਭੁੱਖ ਦੇ ਭੰਨੇ ਨੇ ਜਦੋਂ ਪਰੌਂਠੇ ਦੀ ਬੁਰਕੀ ਤੋੜੀ ਤਾਂ ਝੱਟ ਮਾਂ ਦਾ ਰੋਂਦਾ ਚਿਹਰਾ ਅੱਖਾਂ ਅੱਗੇ ਘੁੰਮ ਗਿਆ । ਬੁਰਕੀ ਵਾਲਾ ਹੱਥ ਥਾਂਏਂ ਰੁਕ ਗਿਆ । ਸਾਹਮਣੇ ਬੈਠੇ ਫਰਿਸ਼ਤੇ ਨੇ ਮੇਰੀ ਹਾਲਤ ਸਮਝ ਕੇ ਪਿਆਰ ਨਾਲ ਸਿਰ ’ਤੇ ਹੱਥ ਫੇਰਿਆ ਤੇ ਕਿਹਾ ‘ਫਿਰਕ ਨਾ ਕਰ, ਪਹਿਲਾਂ ਪਰੌਂਠੇ ਖਾ, ਫੇਰ ਗੱਲ ਕਰਦੇ ਹਾਂ’ । ਨਾ ਚਾਹੁੰਦੇ ਨੇ ਵੀ ਪਰੌਂਠਾ ਖਾ ਲਿਆ । ਉਸ ਨੇ ਢਾਬੇ ਵਾਲੇ ਦੇ ਪੈਸੇ ਦਿੱਤੇ ਤੇ ਮੈਨੂੰ ਆਪਣੀ ਗੱਡੀ (ਟਰੱਕ) ’ਚ ਲੈ ਗਿਆ । ਗੱਡੀ ’ਚ ਆ ਕੇ ਕਹਿਣ ਲੱਗਿਆ ਕਿ ਮੈਨੂੰ ਸਾਰੀ ਗੱਲ ਦੱਸ , ਕੋਈ ਫਿਕਰ ਨਾ ਕਰ ਮੈਂ ਪੰਜਾਬ ਹੀ ਜਾਣਾ ਹੈ ਤੇ ਤੈਨੂੰ ਤੇਰੇ ਘਰ ਪਹੁੰਚਾ ਦੇਵਾਂਗਾ ।

‘ਨਹੀਂ ਮੈਂ ਘਰ ਨਹੀਂ ਜਾਣਾ, ਮੈਂ ਉਸ ਦੇ ਮੱਥੇ ਨਹੀਂ ਲੱਗਣਾ ,ਜਿੰਨਾਂ ਚਿਰ ਉਹ ਮੇਰਾ ਕਸੂਰ ਨਹੀਂ ਦੱਸਦਾ ।’ ਮੇਰੇ ਮੂੰਹੋਂ ਅੱਭੜਵਾਏ ਨਿੱਕਲ ਗਿਆ । ਉਸ ਨੂੰ ਸਮਝਦਿਆਂ ਦੇਰ ਨਾ ਲੱਗੀ ਕਿ ਮੈਂ ਘਰੋਂ ਭੱਜ ਕੇ ਆਇਆ ਹਾਂ । ਉਸ ਨੇ ਕਿਹਾ ‘ਠੀਕ ਹੈ ,ਘਰ ਨਾ ਜਾਵੀਂ, ਪਰ ਸਾਰੀ ਗੱਲ ਜਰੂਰ ਦੱਸਣੀ ਪੳ। ੂ’ ਮੈਂ ਉਸ ਸਾਰੀ ਗੱਲ ਦੱਸ ਦਿੱਤੀ ਤੇ ਉਸ ਨੇ ਕਿਹਾ ਕਿ ਤੇਰੇ ਬਾਪੂ ਨੇ ਚੰਗਾ ਨਹੀਂ ਕੀਤਾ ਕੋਈ ਨੀ, ਤੂੰ ਮੇੇਰੇ ਨਾਲ ਰਹਿ, ਤੈਨੂੰ ਗੱਡੀ ਚਲਾਉਣੀ ਸਿਖਾ ਦੂੰ ਤੇ ਜਦੋਂ ਤੂੰ ਡਰਾਇਵਰ ਬਣ ਗਿਆ ਤਾਂ ਫਿਰ ਗੱਡੀ ਲੈ ਕੇ ਆਪਣੇ ਬਾਪੂ ਦੇ ਮੱਥੇ ਲੱਗੀਂ । ਫਿਰ ਪੁੱਛੀਂ ਉਸ ਨਿਰਮੋਹੇ ਤੋਂ ਆਪਣੀ ਗਲਤੀ ਮੈਨੂੰ ਉਸ ਦੀ ਗੱਲ ਜਚ ਗਈ ਤੇ ਮਨ ਬਣਾ ਲਿਆ ਕਿ ਗੱਡੀ ਹੀ ਸਿੱਖਣੀ ਹੈ ਤੇ ਫ਼ਿਰ ਪੁੱਛੂੰ ਆਪਣੇ ਬਾਪੂ ਤੋਂ । ਉਸ ਫਰਿਸ਼ਤੇ ਨੇ ਮੈਨੂੰ ਆਪਣੇ ਨਾਲ ਤਾਂ ਰੱਖ ਲਿਆ ਪਰ ਗੱਲਾਂ-ਗੱਲਾਂ ’ਚ ਮੈਨੂੰ ਕਈ ਵਾਰ ਡਰਾਇਵਰਾਂ ਦੀ ਮਾੜੀ ਦੇ ਦਰਦਾਂ ਭਰੀ ਜਿੰਦਗੀ ਤੋਂ ਜਾਣੂੰ ਕਰਵਾਇਆ । ਉਹ ਅਕਸਰ ਹੀ ਇੱਕ ਸ਼ੇਅਰ ਸੁਣਾਉਂਦਾ ਹੁੰਦਾ ਸੀ, ‘ਸਿੱਖ ਲੈ ਪੁੱਤ ਡਰਾਇਵਰੀ ਜੇ ਮਾੜੇ ਕੀਤੇ ਕਰਮ,

ਰੋਟੀ ਮਿਲਦੀ ਕਦੇ-ਕਦੇ, ਤੇ ਸੌਣਾ(ਨਹਾਉਣਾ) ਅਗਲੇ ਜਨਮ ।’

ਕਈ ਵਾਰ ਉਸਨੇ ਇਸ ਸ਼ਿਅਰ ਦੀ ਹਕੀਕਤ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ । ਕਈ ਵਾਰ ਉਹ ਆਪਣੇ ਪਰਿਵਾਰ ਤੋਂ ਦੂਰ ਹੋਣ ਕਰਕੇ ਫੁੱਟ-ਫੁੱਟ ਰੋਂਦਾ । ਖੌਰੇ ਮੈਨੂੰ ਸਮਝਾਉਣਾ ਚਾਹੁੰਦਾ ਹੋਵੇ, ਪਰ ਬੇਪਰਵਾਹ ਨਾਦਾਨ , ਨਾਸਮਝ, ਅਣਭੋਲ ਤੇ ਜਿੱਦੀ ਬਚਪਨ ’ਤੇ ਜਿਵੇਂ ਇਸ ਸਭ ਦਾ ਕੋਈ ਅਸਰ ਨਾ ਹੁੰਦਾ । ਕਿਸੇ ਦੀਆਂ ਦਿੱਤੀਆਂ ਮੱਤਾਂ ਤੇ ਮਾਂ-ਪਿਓ ਤੇ ਭੈਣ ਦੀ ਯਾਦ ਯਾਰਾਂ ਵੇਲੀਆਂ ਨਾਲ ਮਸਤੀਆਂ ਕਰਨੀਆਂ । ਸਭ ਕੁਝ ਵਿੱਸਰਦਾ ਜਾ ਰਿਹਾ ਸੀ ਘਰ ਜਾਣ ਤੋਂ ਮੁੱਕਰਨ ਪਿੱਛੋਂ ਉਸਤਾਦ ਨੇ ਵੀ ਸਾਥੀ ਡਰਾਇਵਰਾਂ ਵਾਂਗ ਮੈਥੋਂ ਉਹ ਸਭ ਕੁਝ ਕਰਵਾਇਆ ਜੋ ਬਾਕੀ ਡਰਾਇਵਰ ਆਪਣੇ ਹੈਲਪਰਾਂ ਤੋਂ ਕਰਵਾਉਂਦੇ ਹਨ । ਨੀਂਦ ਦੇ ਟੂਲੇ ਆਉਂਦੇ ਤਾਂ ਗੱਡੀ ’ਚ ਰੱਖਿਆ ਡੰਡਾ ਮਾਰ ਕੇ ਜਗਾ ਦੇਣਾ , ਜੈੱਕ ਲਾਉਂਦੇ ਦੀਆਂ ਬਾਹਾਂ ’ਤੇ ਲੱਤਾਂ ਫੁੱਲ ਜਾਣੀਆਂ , ਰੱਸੇ ਖਿਚਦਿਆਂ ਹੱਥਾਂ ’ਚ ਛਾਲੇ ਪੈ ਜਾਣੇ, ਪਰ ਕੋਈ ਪਰਵਾਹ ਨਾ ਕੀਤੀ । ਉਸਤਾਦ ਦੀਆਂ ਵੀ ਦੇਖ ਕੇ ਅੱਖਾਂ ਭਰ ਆਉਣੀਆਂ ਤਕਰੀਬਨ 3-4 ਮਹੀਨੇ ਅਜਿਹੇ ਮਾਹੌਲ ’ਚ ਰਹਿ ਕੇ ਸਰੀਰ ਸਹਿਣ ਲੱਗ ਪਿਆ । ਸਰੀਰ ਸਖ਼ਤ ਹੋ ਗਿਆ ਨੀਂਦ ਵੀ ਘੱਟ ਤੰਗ ਕਰਨ ਲੱਗੀ । ਉਸਤਾਦ ਨੇ ਮੇਰਾ ਸਿਦਕ ਤੇ ਲਗਨ ਦੇਖ ਕੇ ਗੱਡੀ ਖਾਲੀ ਮੈਨੂੰ ਫੜਾਉਣ ਲੱਗ ਪਿਆ । ਇਸ ਤਰ੍ਹਾਂ ਦਿਨ, ਮਹੀਨੇ, ਸਾਲ ਗੁਜ਼ਰਦੇ-ਗੁਜ਼ਰਦੇ ਪਤਾ ਹੀ ਨਾ ਲੱਗਿਆ ਕਿ ਕਦੋਂ ਸੈਕੰਡ ਡਰਾਇਵਰ ਫੇਰ ਡਰਾਇਵਰ ਬਣ ਗਿਆ । ਫੇਰ ਜਦੋਂ ਮੈਂ ਇੱਕ ਦਿਨ ਭਰੀ ਗੱਡੀ ਲੈ ਕੇ ਪਿੰਡ ਆਇਆ ਸਾਰਾ ਵਿਹੜਾ ਕੱਠਾ ਹੋ ਗਿਆ । ਲੋਕ ਮੈਨੂੰ ਦੇਖ ਕੇ ਹੈਰਾਨ ਹੋ ਗਏ ਕਈ ਤਾਂ ਕਹਿ ਰਹੇ ਸਨ ਕਿ ਸਾਰਾ ਪਿੰਡ ਤਾਂ ਤੈਨੂੰ ਮਰਿਆ ਸਮਝ ਬੈਠਾ ਸੀ ਤੂੰ ਤਾਂ ਜਿਉਂਦਾ ਜਾਗਦਾ ਹੈਂ। ਆਪਣਿਆਂ ਤੇ ਮੁਹੱਲੇ ਵਾਲਿਆਂ ਦੇ ਅਣਗਿਣਤ ਸਵਾਲਾਂ ਦੇ ਛੋਟ-ਮੋਟੇ ਜਵਾਬ ਦਿੰਦਾ ਜਦੋਂ ਘਰ ਦੇ ਬੂਹੇ ’ਤੇ ਪਹੁੰਚਿਆ ਤਾਂ ਮਾਂ ਤੇ ਭੈਣ ਭੱਜ ਕੇ ਚਿੰਬੜ ਗਈਆਂ ਤੇ ਫੁੱਟ-ਫੁੱਟ ਰੋਣ ਲੱਗੀਆਂ ਤਿੰਨਾਂ ਨੂੰ ਰੋਂਦਿਆਂ ਨੂੰ ਕਾਫ਼ੀ ਸਮਾਂ ਹੋ ਗਿਆ ਤਾਂ ਕਿਸੇ ਗੁਆਂਢਣ ਨੇ ਅੰਦਰ ਲਿਆਂਦਾ । ਮਾਂ ਉਲਾਂਭੇ ਦੇਣ ਲੱਗੀ ‘ਝੱਲਿਆ ਤੈਨੂੰ ਕਦੇ ਮਾਂ-ਪਿਓ ਦਾ ਭੋਰਾ ਵੀ ਖਿਆਲ ਨਾ ਆਇਆ ।

ਕਿਵੇਂ ਭੁੱਲ ਗਿਆ ਨਾਲ ਦੀ ਜੰਮੀ ਨੂੰ, ਚੰਦਰਿਆ ਕਿਵੇਂ ਤਾਰੇ ਗਿਣ-ਗਿਣ 11 ਸਾਲ ਲੰਘਾਏ ਤੇਰੇ ਬਾਪੂ ਜੀ ਨੇ ਦੋ ਮਹੀਨੇ ਤੈਨੂੰ ਭਾਲਦੇ ਨੇ ਘਰੇ ਅੱਡੀ ਨੀ ਲਾਈ । ’ ਇਹਨਾਂ ਪਿਆਰ ਭਰੇ ਨਿਹੋਰਿਆ ਤੋਂ ਬਾਅਦ ਦੂਰ ਖੜ੍ਹੇ ਬਾਪੂ ਜੀ ਦੀਆਂ ਪਰਲ-ਪਰਲ ਵਗਦੀਆਂ ਅੱਖਾਂ ਵੱਲ ਦੇਖ ਕੇ 11 ਸਾਲਾਂ ਦਾ ਮਨ ’ਚ ਭਰਿਆ ਗੁੱਸੇ ਦਾ ਜ਼ਹਿਰ ਪਲਾਂ ’ਚ ਬਾਪੂ ਦੇ ਹੰਝੂਆਂ ਨੇ ਧੋ ਦਿੱਤਾ । ਭੱਜ ਕੇ ਬਾਪੂ ਜੀ ਦੇ ਪੈਰੀਂ ਡਿੱਗ ਪਿਆ ਤੇ ਮੁਆਫ਼ੀ ਮੰਗਣ ਲੱਗਿਆ ਬਾਪੂ ਜੀ ਨੇ ਚੁੱਕ ਕੇ ਗਲ ਨਾਲ ਲਾ ਲਿਆ ਤੇ ਕਹਿਣ ਲੱਗੇ ‘ਨਹੀਂ ਪੁੱਤ ਮੁਆਫ਼ੀ ਤਾਂ ਤੈਥੋਂ ਮੈਨੂੰ ਮੰਗਣੀ ਚਾਹੀਦੀ ਹੈ ਜੋ ਕਿਸੇ ਦੇ ਪਿੱਛੇ ਲੱਗ ਤੇਰੇ ’ਤੇ ਕਹਿਰ ਢਾਹ ਬੈਠਾ । ਮੈਨੂੰ ਮੁਆਫ਼ ਕਰੀਂ ਪੁੱਤਰਾ, ਮੈਨੂੰ ਮਾਫ਼ ਕਰੀਂ !’ ਬਾਪੂ ਜੀ ਦਾ ਇਹ ਰੂਪ ਦੇਖਣ ਲਈ ਸਾਲਾਂ ਦਾ ਬਣਵਾਸ ਕੱਟਿਆ ਸੀ ਤੇ ਅੱਜ ਸਾਰੇ ਦੁੱਖ ਭੁੱਲ ਗਏ ।

ਮੇਰੇ ਦਿਮਾਗ ’ਚ ਅੱਜ ਵੀ ਉਹ ਜਖ਼ਮ ਤਾਜਾ ਸੀ ਭਾਵੇਂ ਮੈਂ ਬਾਪੂ ਨਾਲ ਹੁਣ ਗੁੱਸੇ ਤਾਂ ਨਹੀਂ ਸੀ ਤੇ ਅੱਜ ਫੇਰ ਮੈਂ ਆਪਣਾ ਉਹ ਕਸੂਰ ਪੁੱਛ ਲਿਆ । ਬਾਪੂ ਜੀ ਨੇ ਕਿਹਾ ‘ਨਹੀਂ ਪੁੱਤਰ ਉਹ ਮੇਰੀ ਬੇਵਕੂਫ਼ੀ ਸੀ, ਜੇਕਰ ਮੈਂ ਤੈਨੂੰ ਹੁਣ ਵੀ ਉਹ ਗੱਲ ਦੱਸ ਦਿਆਂ ਤਾਂ ਜ਼ੁਲਮ ਹੋ ਜਾਵੇਗਾ ਇਸ ਕਰਕੇ ਵਾਅਦਾ ਕਰ ਕਿ ਤੂੰ ਮੁੜ ਕੇ ਕਦੇ ਵੀ ਉਹ ਗੱਲ ਨਹੀਂ ਪੁੱਛੇਗਾ ।

ਮੈਂ ਉੱਠਕੇ ਦੂਜੇ ਕਮਰੇ ’ਚ ਚਲਾ ਗਿਆ । ਮਾਂ ਨੂੰ ਸਵੇਰੇ 4 ਕੁ ਵਜੇ ਜਗਾਉਣ ਲਈ ਕਹਿ ਕੇ ਸੌਣ ਦਾ ਯਤਨ ਕਰਨ ਲੱਗਿਆ । ਨੀਂਦ ਨਹੀਂ ਆਈ । ਆਉਂਦੀ ਵੀ ਕਿਵੇਂ ਆਖਰ ਗਿਆਰਾਂ ਸਾਲਾਂ ਬਾਅਦ ਆਪਣੇ ਪਰਿਵਾਰ ਨਾਲ ਜੋ ਮਿਲਿਆ ਸੀ । ਉਸ ਦੇ ਸੁਖ਼ਦ ਅਹਿਸਾਸ ਕਾਰਨ ਨੀਂਦ ਤਾਂ ਜਿਵੇਂ ਖੰਭ ਲਾ ਕੇ ਉੱਡ ਗਈ ਸੀ । ਸੋਚਾਂ ਸੋਚਦੇ ਨੂੰ ਉਦੋਂ ਪਤਾ ਲੱਗਿਆ ਜਦੋਂ ਮਾਂ ਦੀ ਥਾਂ ਤੇ ਬਾਪੂ ਜੀ ਚਾਰ ਵਜੇ ਜਗਾਉਣ ਲਈ ਆਏ । ਬਾਪੂ ਜੀ ਜਗਾਉਣ ਲਈ ਮੇਰੇ ਮੰਜੇ ’ਤੇ ਹੀ ਬੈਠ ਗਏ । ਖੌਰੇ ਕੁਝ ਕਹਿਣਾ ਚਾਹੁੰਦੇ ਸਨ । ਮੈਂ ਵੀ ਉੱਠ ਕੇ ਬੈਠ ਗਿਆ, ਤੇ ਪੁੱਛਿਆ ‘ਬਾਪੂ ਜੀ ਕੀ ਗੱਲ ਹੈ । ਉਹ ਖਾਮੋਸ਼ ਰਹੇ ਮੈਂ ਸਮਝ ਗਿਆ ਤੇ ਕਿਹਾ, ‘ਠੀਕ ਹੈ ਬਾਪੂ ਜੀ ਮੈਨੂੰ ਤੁਹਾਡੇ ਨਾਲ ਕੋਈ ਗੁੱਸਾ ਨਹੀਂ ਤੇ ਵਾਅਦਾ ਕਰਦਾ ਹਾਂ ਕਿ ਅੱਗੇ ਤੋਂ ਕਦੇ ਵੀ ਉਹ ਗੱਲ ਨਹੀਂ ਪੁੱਛਾਂਗਾ । ’ ਬਾਪੂ ਜੀ ਨੇ ਮੇਰੇ ਵੱਲ ਦੇਖ ਲੰਮਾ ਸਾਹ ਲਿਆ ਤੇ ਗਲ਼ ਨਾਲ ਲਾ ਲਿਆ । ਡਰਾਇਵਰੀ ਕਰਦੇ ਨੂੰ ਅੱਜ ਭਾਵੇਂ 20-22 ਸਾਲ ਬੀਤ ਗਏ ਹਨ ਅੱਜ ਬਾਪੂ ਜੀ ਇਸ ਦੁਨੀਆ ’ਤੇ ਨਹੀਂ ਰਹੇ । ਪਰ ਮੈਨੂੰ ਅੱਜ ਵੀ 30-35 ਸਾਲ ਬਾਅਦ ਵੀ ਉਨਾ ਹੀ ਅਫ਼ਸੋਸ ਹੈ ਕਿ ਮੈਂ ਉਹ ਗੱਲ ਨਹੀਂ ਜਾਣ ਸਕਿਆ ।

ਸੰਪਰਕ: +91 94668 18545

Comments

BITTU JAKHEPAL

Nice vere.............. lage raho.................

Ravinder Sharma

Sir Parkash Malhar, Bahut Khoob Likhea, Sirra

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ