ਹਰ ਕਸ਼ਮੀਰੀ - ਯੋਧ ਸਿੰਘ
Posted on:- 16-09-2016
ਹਰ ਕਸ਼ਮੀਰੀ ਦੇ ਦਿਲ ’ਤੇ ਇੱਕ ਪੱਥਰ ਹੈ ਭਾਰਾ ,
ਬਾਰੂਦੀ ਪਰਤਾਂ ਦੇ ਥੱਲੇ, ਰਹੇ ਤੈਰਦਾ ਹੈ ਸ਼ਿਕਾਰਾ ।
ਕਿੰਨੇ ਕੂ ਵਿੰਨੇ ਗਏ ਨੇ, ਕੀ ਚਿਨਾਰਾਂ ਦੀ ਗਿਣਤੀ ?
ਕਿੰਨਾ ਕੂ ਟੁੱਟ ਚੁਕਿਆ ਹੈ, ਇਹਦੇ ਅੰਬਰ ਦਾ ਤਾਰਾ ?
ਕਿਹਨਾਂ ਸੀ ਤਪਾਈ ਇਹ ਸਾਰੀ ਸਾਜ਼ਿਸ਼ ਦੀ ਭੱਠੀ ?
ਸੁਣੇ ਕਿਹੜੀ ਅਦਾਲਤ ਅੰਤ ਮਾਜਰਾ ਇਹ ਸਾਰਾ ।
ਮਾਰੂ ਹਥਿਆਰਾਂ ਆਸਰੇ ਕਿੱਥੇ ਦਿਲ ਗਏ ਨੇ ਜਿੱਤੇ ?
ਤਾਰੀਖ ਨੇ ਬੜੀ ਵਾਰ ਹੀ ਕੀਤਾ ਇਸਦਾ ਹੈ ਨਿਤਾਰਾ ।
ਜਿਹਲਮ ਦੇ ਪਾਣੀਆਂ ਦੇ ਸੀਨੇ ਅੰਦਰਲਾ ਗੀਤ ਕਹੇ ,
"ਖਾਮੋਸ਼ ਪਰਬਤੋ ਤੁਸੀਂ ਬੋਲੋ ਕੌਣ ਮਿੱਤਰ ਅੱਜ ਪਿਆਰਾ "?
ਜੁਗਰਾਫੀਏ ਆਪਣੇ ਦਾ ਹੀ ਮੁਲ ਤਾਰ ਰਿਹਾ ਕਸ਼ਮੀਰੀ ,
ਛਾਤਰ ਸੌਦਾਗਰ ਜੱਗ ਦਾ ਖਲਾਰੀ ਬੈਠਾ ਹੈ ਪਸਾਰਾ ।
ਕੌਮਾਂ ਦੀ ਆਜ਼ਾਦੀ ਮੁਕਤੀ ਦੇ ਮਸਲੇ ਪੇਚੀਦਾ ਨਹੀਂ ,
ਪੇਚੀਦਾ ਹੈ ਜੰਗਬਾਜ਼ਾਂ ਦਾ ਖਤਰਨਾਕ ਤੰਤਰ ਹੀ ਸਾਰਾ ।
ਕਿਸੇ ਨੂੰ ਨਹੀਂ ਹੈ ਚਿੰਤਾ ਕਸ਼ਮੀਰ ਦੇ ਡੁਲੑਦੇ ਲਹੂ ਦੀ ,
ਘਰ ਆਪਣੇ ਵਧਾਉਣ ਬਚਾਉਣ ਦਾ ਪੱਜ ਸਾਰਾ ।
ਈ-ਮੇਲ: singhjodh16@gmail.com