Fri, 26 April 2024
Your Visitor Number :-   7004332
SuhisaverSuhisaver Suhisaver

ਚੇਤੇ ਦੀ ਚੰਗੇਰ 'ਚ ਵਸ ਗਿਆ ਉਰਮਿਲਾ ਅਨੰਦ ਦਾ ਸ਼ਰਧਾਂਜਲੀ ਸਮਾਗਮ - ਰਾਜਵਿੰਦਰ ਰੌਂਤਾ

Posted on:- 13-04-2013

suhisaver

ਪ੍ਰਸਿੱਧ ਲੇਖਕ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਬੇਟੀ ਉਰਮਿਲਾ ਅਨੰਦ ਸਾਹਿਤਾਰਾਂ, ਸਾਹਿਤ ਪ੍ਰੇਮੀਆਂ ਅਤੇ ‘ਨਵਾਂ ਜ਼ਮਾਨਾ' ਅਖ਼ਬਾਰ ਅਤੇ ‘ਨਵਾਂ ਜ਼ਮਾਨਾ’  ਨਾਲ ਜੁੜੇ ਵੱਡੇ ਵਰਗ ਨੂੰ ਸਦੀਵੀ ਵਿਛੋੜਾ ਦੇ ਗਏ। ਸਾਹਿਤਕਾਰਾਂ ਸਾਹਿਤਿਕ ਹਲਕਿਆਂ 'ਚ ਮਾਰਗ ਦਰਸ਼ਕ ਸਮਝੇ ਜਾਂਦੇ ਗੁਰਬਖਸ਼ ਸਿੰਘ ਅਤੇ ਪ੍ਰੀਤਲੜੀ ਪਰਿਵਾਰ ਦੇ ਜੀਅ ਅਤੇ ‘ਨਵਾਂ ਜ਼ਮਾਨਾ’ ਦੇ ਮੁੱਖ ਸੰਪਾਦਕ ਜਗਜੀਤ ਸਿੰਘ ਅਨੰਦ ਦੀ ਸੁਪਤਨੀ ਉਰਮਿਲਾ ਅਨੰਦ ਜੀ ਦਾ ਆਪਣਾ ਘੇਰਾ ਵੀ ਬੜਾ ਵਿਸ਼ਾਲ ਸੀ।



ਪ੍ਰੀਤ ਨਗਰ 'ਚੋਂ ਜੰਮੇ ਪਲ਼ੇ ਰਾਜਨੀਤਿਕ ਸਫ਼ਰ, ਫਿਰ ਜਗਜੀਤ ਸਿੰਘ ਹੋਰਾਂ ਨਾਲ ਮਹਿਲਾ ਮੰਚ, ਅਜ਼ਾਦੀ ਦੀ ਲੜਾਈ ਦੇ ਨਾਲ-ਨਾਲ ਆਪਣੀ ਕਲਮ ਰਾਹੀਂ ਅਤੇ ‘ਨਵਾਂ ਜ਼ਮਾਨਾ' ਅਖ਼ਬਾਰ ਰਾਹੀਂ ਹਜ਼ਾਰਾਂ ਪਾਠਕਾਂ ਤੇ ਸਾਹਿਤ ਰਸੀਆਂ ਲੋਕਾਂ, ਲਿਖਾਰੀਆਂ ਦੇ ਦਿਲ ਅੰਦਰ ਵਸਣ ਵਾਲੇ ਉਰਮਿਲਾ ਅਨੰਦ ਜੀ ਦੀ ਵਿਲੱਖਣ ਤੇ ਪ੍ਰਭਾਵਸ਼ਾਲੀ ਜ਼ਿੰਦਗੀ ਵਾਂਗ ਉਹਨਾਂ ਦਾ ਅੰਤਿਮ ਸਮਾਗਮ ਵੀ ਵੱਖਰੀ ਕਿਸਮ ਦਾ ਸੀ, ਜੋ ਮਨ 'ਚ ਵਸਣ ਦੇ ਨਾਲ-ਨਾਲ ਜ਼ਿੰਦਗੀਨਾਮਾ ਦਾ ਇੱਕ ਅਧਿਆਇ ਸੀ।

ਦੇਸ਼ ਭਗਤ ਯਾਦਗਾਰੀ ਹਾਲ 'ਚ ਸੰਗੀਤ ਦੀ ਡਾਕਟਰ ਬੀਬੀ ਨਿਵੇਦਤਾ ਸਿੰਘ ਹਰਮੋਨੀਅਮ ਨਾਲ ਦਿਲਰੁਬਾ, ਤਬਲੇ ਤੇ ਸ਼ਬਦ ਗੁਰਬਾਣੀ ਤੇ ਕੁਝ ਹੋਰ ਰਚਨਾਵਾਂ ਰਾਹੀਂ ਉਰਮਿਲਾ ਜੀ ਨੂੰ ਸਮਰਪਿਤ ਗਾਇਨ ਕਰ ਰਹੀ ਸੀ। ਦੱਸਿਆ ਗਿਆ ਕਿ ਉਰਮਿਲਾ ਜੀ ਇੱਕ ਚੰਗੇ ਸੰਗੀਤ ਪ੍ਰੇਮੀ ਸਨ। ਇਸ ਸਮਾਗਮ ਵਿੱਚ ਗਏ ਕੁਝ ਨਵੇਂ ਪ੍ਰਸ਼ੰਸਕ ਹੈਰਾਨ ਜਿਹੇ ਸਨ ਕਿ ਮੱਥਾ ਕਿਸ ਨੂੰ ਟੇਕੀਏ? ਜਦੋਂ ਜਸਵੰਤ ਸਿੰਘ ਕੰਵਲ ਨੇ ਸੌ ਰੁਪਿਆ ਸੰਗੀਤ ਬਿਖੇਰਦੀ ਸੁਰੀਲੀ ਕਲਾਸਿਕ ਗਾਇਕੀ ਵਾਲੀ ਬੀਬੀ ਨੂੰ ਮੱਥਾ ਟੇਕ ਦਿੱਤਾ ਤਾਂ ਹੋਰ ਵੀ ਕਈਆਂ ਨੇ ਮੱਥਾ ਟੇਕ ਦਿੱਤਾ।

ਮੰਚ ਸੰਚਾਲਕ ਜਤਿੰਦਰ ਪੰਨੂੰ ਨੇ ਇੱਕ ਕੁ ਵਜੇ ਸ਼ੋਕ ਮਤਾ ਪੜ੍ਹਿਆ ਅਤੇ ਪਹੁੰਚੇ ਲੋਕਾਂ ਦੀਆਂ ਹਾਜ਼ਰੀਆਂ ਲਗਵਾਉਣੀਆਂ ਸ਼ੁਰੂ ਕਰ ਦਿੱਤੀਆਂ। ਬਰਜਿੰਦਰ ਸਿੰਘ ਹਮਦਰਦ (ਅਜੀਤ), ਸ਼ਿੰਗਾਰਾ ਸਿੰਘ ਭੁੱਲਰ (ਪੰਜਾਬੀ ਜਾਗਰਣ), ਸ੍ਰੀ ਭੱਟੀ ਸਾਬਕਾ ਡੀ.ਜੀ.ਪੀ, ਬਾਬਾ ਕਸ਼ਮੀਰ ਸਿੰਘ, ਸੁਲੱਖਣ ਸਰਹੱਦੀ, ਸੁਖਦੇਵ ਸਿੰਘ ਸਿਰਸਾ, ਗੁਲਜ਼ਾਰ ਸਿੰਘ ਸੰਧੂ (ਸਰਗੋਸ਼ੀਆਂ), ਬੰਤ ਬਰਾੜ, ਬਲਬੀਰ ਪਰਵਾਨਾ, ਗਿਆਨੀ ਗੁਰਦੇਵ ਸਿੰਘ, ਰਜਿੰਦਰ, ਕੁਲਦੀਪ ਭੋਲਾ, ਪ੍ਰਿਥੀਪਾਲ ਸਿੰਘ ਮਾੜੀਮੇਘਾ, ਇੰਦਰਜੀਤ, ਡਾ. ਗੁਪਤਾ ਸ਼ਾਹਕੋਟ, ਸਵਰਨ ਟਹਿਣਾ ਅਤੇ ਹੋਰ ਅਨੇਕਾਂ ਅਹਿਮ ਸਾਹਿਤਕ, ਰਾਜਨੀਤਿਕ ਸ਼ਖਸੀਅਤਾਂ, ਜਿਨ੍ਹਾਂ ਦੀ ਆਮਦ ਨਾਲ ਹਾਲ ਭਰਿਆ ਹੋਇਆ ਸੀ। ਉਹ ਆਪਣੀ ਅੰਮੀ, ਦੀਦੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪੁੱਜੇ ਹੋਏ ਸਨ। ਸਭਨਾਂ ਦੇ ਚਿਹਰਿਆਂ 'ਤੇ ਉਦਾਸੀ ਸੀ, ਅੱਖਾਂ ਵਿੱਚ ਨਮੀ ਸੀ। ਕੋਈ ਅਜਿਹਾ ਸ਼ਖਸ ਨਹੀਂ ਹੋਣਾ, ਜਿਸ ਦੀ ਅੱਖ ਸਿਲ੍ਹੀ ਨਾ ਹੋਈ ਹੋਵੇ। ਆਮ ਪਾਠਕ, ਪ੍ਰਸ਼ੰਸਕ ਤੇ ਆਮ ਲਿਖਾਰੀ, ਪੱਤਰਕਾਰਾਂ ਤੋਂ ਲੈ ਕੇ ਚੋਟੀ ਦੀ ਸ਼ਖਸੀਅਤ ਤੱਕ ਮੀਲਾ ਜੀ ਨੂੰ ਸਜਦਾ ਕਰ ਰਹੇ ਸੀ। ਹਰ ਕੋਈ ਦੋ ਸ਼ਬਦ ਕਹਿਣੇ ਚਾਹੁੰਦਾ ਸੀ। ਸਭਨਾਂ ਦੇ ਮਨ ਗ਼ਮ ਨਾਲ ਭਰੇ ਪਏ ਸਨ, ਪਰ ਮੰਚ ਸੰਚਾਲਕ ਦੀ ਮਜਬੂਰੀ ਸੀ।

ਪਰਿਵਾਰ ਵੱਲੋਂ ਰੋਕਣ 'ਤੇ ਸਿਰਫ਼ ਘਰ ਦਿਆਂ ਭਾਵ ਉਰਮਿਲਾ ਦੇ ਖੂਨ ਦੇ ਸਾਂਝੀਆਂ ਵੱਲੋਂ ਵਿਚਾਰ ਰੱਖੇ ਗਏ। ਸ. ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਬੇਟੇ ਹਿਰਦੇਪਾਲ ਸਿੰਘ ਨੇ ਉਰਮਿਲਾ ਜੀ ਦੇ ਸੁਭਾਅ ਅਤੇ ਸੋਚ ਤੇ ਜੀਵਨ ਜਾਚ ਬਾਰੇ ਦੱਸਿਆ। ਲੋਕ ਯਾਦਾਂ ਦੀ ਲੜੀ 'ਚੋਂ ਹਿਰਦੇਪਾਲ ਜੀ ਦੀਆਂ ਯਾਦਾਂ ਦਾ ਨਿੱਘ ਮਾਣ ਰਹੇ ਸਨ। ਪੰਨੂੰ ਸਾਹਿਬ ਨੇ ਢਿੱਡੋਂ ਜਾਇਆਂ ਤੋਂ ਪਿੱਛੋਂ ਆਵਾਜ਼ ਦਿੱਤੀ। ਇਨਕਲਾਬੀ ਪਿਛੋਕੜ ਵਾਲੀ ਸ਼ਾਇਰਾ ਕੁੜੀ ਅਮਨਦੀਪ ਹਾਂਸ ਨੂੰ, ਜਿਸ ਨੇ ਅਨੰਦ ਜੀ ਨਾਲ ਉਰਮਿਲਾ ਜੀ ਦੇ ਮੁਹੱਬਤ ਤੇ ਯਾਦਾਂ ਸਾਂਝ ਸੋਹਣੇ ਢੰਗ ਨਾਲ ਚਿਤਰਿਆ। ਫਿਰ ਸਟੇਜ ਤੋਂ ਬੁਲਾਇਆ ਗਿਆ ਉਰਮਿਲਾ ਜੀ ਦੀ ਦੋਹਤਰੀ ਨਿੱਘੀ ਨੂੰ, ਜਿਸ ਨੇ ਵਾਰਤਕ ਨੂੰ ਕਾਵਿ ਰੰਗ 'ਚ ਅਜਿਹਾ ਸੁਣਾਇਆ ਕਿ ਸਰੋਤਿਆਂ ਨੇ ਸਾਹ ਰੋਕ ਕੇ ਸੁਣਿਆ। ਜਿਵੇਂ ਲੰਬੀ ਕਵਿਤਾ ਹੋਵੇ, ਸੋ ਬਹੁਤ ਅਵੱਲ ਸੀ। ਫਿਰ ਮੀਲਾ ਜੀ ਦੇ ਜਵਾਈ ਚਰਨਜੀਤ ਸਿੰਘ ਨੇ ਵਿਛੋੜੇ ਵਾਲਾ ਲੇਖ ਪੇਸ਼ ਕਰਕੇ ਵਿਛੋੜੇ 'ਚੋਂ ਨਿਕਲਣ ਦਾ ਢੰਗ ਵੀ ਦੱਸਿਆ, ਯਾਦਾਂ ਸਾਂਝੀਆਂ ਕਰਦਿਆਂ ਬੜੀਆਂ ਪਤੇ ਦੀਆਂ ਗੱਲਾਂ ਦੱਸੀਆਂ ਜੋ ਸਦਮੇ 'ਚੋਂ ਨਿਕਲਣ ਦਾ ਵੱਲ ਵੀ ਸੀ।
ਜਸਵਿੰਦਰ ਮੰਡ ਨੇ ਨਵਾਂ ਜ਼ਮਾਨਾ ਵੱਲੋਂ ਧੰਨਵਾਦ ਕਰਦਿਆਂ ਲੋਕਾਂ ਵੱਲੋਂ ਦਿੱਤੀ ਹਮਦਰਦੀ ਤੋਂ ਔਖੇ ਵੇਲਿਆਂ 'ਚ ਖੜ੍ਹਨ ਵਾਲਿਆਂ ਦਾ ਧੰਨਵਾਦ ਕੀਤਾ।

ਇਸ ਸਮਾਗਮ ਵਿੱਚ ਉਰਮਿਲਾ ਜੀ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਵੀ ਸਨ। ਸੁਕੀਰਤ ਸਭ ਨੂੰ ਮਿਲ ਰਹੇ ਸਨ, ਲੋਕ ਇਨ੍ਹਾਂ ਦੇ ਪਰਿਵਾਰ ਨਾਲ ਦਰਦ ਵੰਡਾ ਰਹੇ ਸਨ। ਜਦੋਂ ਕੋਈ ਵੀ ਬੁਲਾਰਾ ਬੋਲ ਕੇ ਹੱਟਦਾ ਲੋਕਾਂ ਦੇ ਹੱਥ ਤਾੜੀ ਨੂੰ ਜਾਂਦੇ ਪਰ ਰੁੱਕ ਜਾਂਦੇ ਸੀ। ਨਿਵੇਕਲਾ ਸਮਾਗਮ ਨਵੀਂ ਲੀਹ ਵੀ ਬਣੇਗਾ, ਉੱਥੇ ਅਤਿ ਭਾਵੁਕ ਸਮੇਂ ਵਿੱਚ ਹਿਰਦੇਪਾਲ ਸਿੰਧ, ਅਮਨਦੀਪ, ਨਿੱਘੀ, ਚਰਨਜੀਤ ਸਿੰਘ, ਮੰਡ ਤੇ ਪੰਨੂੰ ਸਾਹਬ ਦਾ ਬੋਲਣਾ ਸਿੱਖਿਆ ਦਿੰਦਾ ਸੀ ਕਿ ਉਹ ਕਿੰਨੇ ਮਹਾਨ ਲੋਕ ਹਨ ਜੋ ਗ਼ਮ ਦਾ ਸਮੁੰਦਰ ਭਰ ਕੇ ਵੀ ਅਡੋਲ ਹੈ। ਸੱਚ ਹੀ ਉਰਮਿਲਾ ਅਨੰਦ ਹਰ ਇੱਕ ਨੂੰ ਆਪਣੇ ਲੱਗਦੇ ਸਨ- ਆਪਾਂ ਵੀ ਕੋਸ਼ਿਸ਼ ਕਰੀਏ।

ਸੰਪਰਕ:  98764 86187

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ